ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ: ਗੋਲੀਬਾਰੀ ਕਰਨ ਵਾਲੇ ਮਾਮਲੇ ’ਚ ਅਹਿਮ ਖੁਲਾਸੇ, ਪਾਕਿਸਤਾਨੀ ਵਿਅਕਤੀ ਦੇ ਇਸ਼ਾਰੇ 'ਤੇ ਹੋਈ ਸੀ ਵਾਰਦਾਤ
ਇਸੇ ਮੁਹਿੰਮ ਤਹਿਤ ਅਸ਼ੋਕ ਮੀਨਾ ਐਸਪੀ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ, ਇੰਚਾਰਜ ਸੀਆਈਏ ਅਤੇ ਇੰਸਪੈਕਟਰ ਰਵਿੰਦਰ ਕੌਰ, ਮੁੱਖ ਅਫ਼ਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਬਲਮਗੜ੍ਹ ਰੋਡ ’ਤੇ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਟਰੇਸ ਕਰਕੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ।
Publish Date: Sat, 29 Aug 2026 04:23 PM (IST)
Updated Date: Sat, 29 Aug 2026 04:29 PM (IST)
ਪੰਜਾਬੀ ਜਾਗਰਣ, ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ। ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਭਿਮੰਨਿਊ ਰਾਣਾ ਆਈਪੀਐੱਸ ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹੇ ’ਚ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਮੁਹਿੰਮ ਤਹਿਤ ਅਸ਼ੋਕ ਮੀਨਾ ਐਸਪੀ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ, ਇੰਚਾਰਜ ਸੀਆਈਏ ਅਤੇ ਇੰਸਪੈਕਟਰ ਰਵਿੰਦਰ ਕੌਰ, ਮੁੱਖ ਅਫ਼ਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਬਲਮਗੜ੍ਹ ਰੋਡ ’ਤੇ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਟਰੇਸ ਕਰਕੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ।
ਮਿਤੀ 23.08.2026 ਨੂੰ ਅਨਿਲ ਕੁਮਾਰ ਪੁੱਤਰ ਸ਼ਿਵ ਰਾਮ, ਵਾਸੀ ਬਲਮਗੜ੍ਹ ਰੋਡ, ਸ੍ਰੀ ਮੁਕਤਸਰ ਸਾਹਿਬ ’ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਸਬੰਧੀ ਮਜਰੂਬ ਦੇ ਬਿਆਨ ’ਤੇ ਮੁਕੱਦਮਾ ਨੰਬਰ 262 ਮਿਤੀ 24.08.2026, ਅਧੀਨ ਧਾਰਾ 109, 190, 191(3) ਅਤੇ 25/27 ਅਸਲਾ ਐਕਟ, ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕੀਤਾ ਗਿਆ। ਮੁੱਦਈ ਵੱਲੋਂ ਦਿੱਤੇ ਬਿਆਨ ਅਨੁਸਾਰ ਉਹ ਆਪਣੇ ਮਾਤਾ-ਪਿਤਾ ਨਾਲ ਇੱਕ ਪਰਿਵਾਰਕ ਸਮਾਗਮ ਤੋਂ ਵਾਪਸ ਆ ਰਿਹਾ ਸੀ।
ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਘਰ ਦਾ ਗੇਟ ਖੜਕਾ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ ਅਣਪਛਾਤੇ ਵਿਅਕਤੀ ਉੱਥੇ ਆਏ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਉਸਦੇ ਨੇੜੇ ਆ ਕੇ ਉਸ ਨਾਲ ਗੱਲ ਕੀਤੀ ਅਤੇ ਬਾਅਦ ’ਚ ਪਿਸਤੌਲ/ਰਿਵਾਲਵਰ ਕੱਢ ਕੇ ਉਸ ’ਤੇ ਫਾਇਰ ਕੀਤੇ। ਗੋਲੀਆਂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ।
ਵਾਰਦਾਤ ਤੋਂ ਬਾਅਦ ਸਾਰੇ ਵਿਅਕਤੀ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।
ਥਾਣਾ ਸਿਟੀ ਅਤੇ ਸੀਆਈਏ ਦੀਆਂ ਟੀਮਾਂ ਵੱਲੋਂ ਖੁਫੀਆ ਸੂਤਰਾਂ, ਤਕਨੀਕੀ ਸਾਧਨਾਂ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਵਾਰਦਾਤ ’ਚ ਸ਼ਾਮਲ ਮੁਲਜ਼ਮਾਂ ਨੂੰ ਟਰੇਸ ਕੀਤਾ ਗਿਆ। ਪੁਲਿਸ ਵੱਲੋਂ ਹੁਣ ਤੱਕ 4 ਮੁਲਜ਼ਮਾਂ ਗੁਰਪ੍ਰੀਤ ਸਿੰਘ ਪੁੱਤਰ ਪ੍ਰਿਤਪਾਲ ਸਿੰਘ, ਵਾਸੀ ਪਿੰਡ ਬੋਦੀਵਾਲਾ ਖੜਕ ਸਿੰਘ ਵਾਲਾ, ਹਾਲ ਅਬਾਦ ਗ੍ਰੰਥੀ ਸਿੰਘ, ਗੁਰਦੁਆਰਾ ਅਕਾਸਰ ਸਾਹਿਬ, ਪਿੰਡ ਭਾਗਸਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸੰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਉਰਫ਼ ਦੌਲਾ, ਵਾਸੀ ਸੰਮੇਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਅਰਪਨ ਸਿੰਘ ਪੁੱਤਰ ਗੋਰਖਾ ਸਿੰਘ, ਵਾਸੀ ਪਿੰਡ ਸੰਮੇਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਬਲਜੀਤ ਸਿੰਘ, ਵਾਸੀ ਗੋਬਿੰਦ ਨਗਰੀ ਮੋੜ ਰੋਡ, ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫਤਾਰ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਦੀ ਪਾਕਿਸਤਾਨ ’ਚ ਬੈਠੇ ਕਿਸੇ ਵਿਅਕਤੀ ਨਾਲ ਇੰਸਟਾਗ੍ਰਾਮ ਅਤੇ ਵਟਸਐਪ ਰਾਹੀਂ ਗੱਲਬਾਤ ਹੋਈ ਸੀ। ਮੁੱਢਲੀ ਪੁੱਛਗਿੱਛ ਅਨੁਸਾਰ ਉਕਤ ਵਿਅਕਤੀ ਵੱਲੋਂ ਗੁਰਪ੍ਰੀਤ ਸਿੰਘ ਨੂੰ ਪੈਸਿਆਂ ਦਾ ਲਾਲਚ ਦੇ ਕੇ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਗੈਰ-ਪੰਜਾਬੀ ਵਿਅਕਤੀ ’ਤੇ ਗੋਲੀਬਾਰੀ ਕਰਨ ਲਈ ਕਿਹਾ ਗਿਆ।
ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੱਚਾ ਬਲਮਗੜ੍ਹ ਰੋਡ ’ਤੇ ਅਨਿਲ ਕੁਮਾਰ ’ਤੇ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮਾਂ ਨੇ ਇਹ ਵੀ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਪਾਕਿਸਤਾਨ ’ਚ ਬੈਠੇ ਵਿਅਕਤੀ ਵੱਲੋਂ ਦੱਸੀ ਗਈ ਜਗ੍ਹਾ, ਜ਼ਿਲ੍ਹਾ ਫਿਰੋਜ਼ਪੁਰ ਦੇ ਏਰੀਏ ’ਚੋਂ ਉਨ੍ਹਾਂ ਵੱਲੋਂ 02 ਪਿਸਟਲ ਪ੍ਰਾਪਤ ਕੀਤੇ ਗਏ ਸਨ।
ਵਾਰਦਾਤ ਦੀ ਵੀਡੀਓ ਬਣਾ ਕੇ ਅਤੇ ਇਸ ਸਬੰਧੀ ਖ਼ਬਰ ਪਾਕਿਸਤਾਨ ’ਚ ਬੈਠੇ ਉਕਤ ਵਿਅਕਤੀ ਨੂੰ ਭੇਜੀ ਗਈ। ਪੁਲਿਸ ਵੱਲੋਂ ਇਸ ਨੈੱਟਵਰਕ ਅਤੇ ਵਾਰਦਾਤ ’ਚ ਵਰਤੇ ਗਏ ਹਥਿਆਰਾਂ ਅਤੇ ਹੋਰ ਸਾਧਨਾਂ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁੱਛਗਿੱਛ ਦੌਰਾਨ ਮੁਲਜ਼ਮ ਸਤਨਾਮ ਸਿੰਘ ਉਰਫ਼ ਸੱਤਾ ਦੇ ਪਾਸੋਂ 03 ਪੈਟਰੋਲ ਬੰਬ ਬਰਾਮਦ ਕੀਤੇ ਗਏ ਹਨ। ਮੁੱਢਲੀ ਜਾਂਚ ਅਨੁਸਾਰ ਇਸ ਵਾਰਦਾਤ ਦਾ ਮਕਸਦ ਪਾਕਿਸਤਾਨ ’ਚ ਬੈਠੇ ਵਿਅਕਤੀ ਦੇ ਇਸ਼ਾਰੇ ’ਤੇ ਗੋਲੀਬਾਰੀ ਕਰਕੇ ਇਲਾਕੇ ’ਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕਰਨਾ ਅਤੇ ਲੋਕਾਂ ’ਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਸੀ।
ਗ੍ਰਿਫਤਾਰ ਮੁਲਜ਼ਮਾਂ ਪਾਸੋਂ ਪੁਲਿਸ ਵੱਲੋਂ ਯੂਐਸਏ ਮਾਰਕਾ 02 ਪਿਸਟਲ, 04 ਮੈਗਜ਼ੀਨ, 06 ਜ਼ਿੰਦਾ ਕਾਰਤੂਸ ਅਤੇ 03 ਪੈਟਰੋਲ ਬੰਬ ਬਰਾਮਦ ਕੀਤੇ ਗਏ ਹਨ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।