ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਤੜਕੇ 4 ਵਜੇ ਤੋਂ ਜ਼ਿਲ੍ਹੇ ਭਰ ’ਚ ਵਿੱਢੀ 'ਕਾਸੋ' ਮੁਹਿੰਮ ਨਸ਼ਾ ਤਸਕਰਾਂ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ
Publish Date: Sun, 04 Oct 2026 03:48 PM (IST)
Updated Date: Sun, 04 Oct 2026 03:49 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਡੀਜੀਪੀ ਅਤੇ ਐਸਐਸਪੀ ਅਭਿਮਨਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਅਪਰਾਧੀਆਂ ਅਤੇ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ ’ਚ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਅੱਜ ਤੜਕੇ 4 ਵਜੇ ਤੋਂ ਪੁਲਿਸ ਵੱਲੋਂ ਇੱਕ ਵਿਸ਼ੇਸ਼ ਕਾਸੋ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਅਭਿਆਨ ਨੂੰ ਸਫ਼ਲ ਬਣਾਉਣ ਲਈ ਪੁਲਿਸ ਟੀਮਾਂ ਨੇ ਸਭ ਤੋਂ ਪਹਿਲਾਂ ਨਿਸ਼ਾਨਦੇਹੀ ਕੀਤੇ ਇਲਾਕਿਆਂ ਦੇ ਮੁੱਖ ਰਸਤਿਆਂ ’ਤੇ ਨਾਕਾਬੰਦੀ ਕਰਕੇ ਪੂਰੇ ਖੇਤਰ ਨੂੰ ਸੀਲ ਕੀਤਾ, ਜਿਸਤੋਂ ਬਾਅਦ ਸ਼ੱਕੀ ਘਰਾਂ ਅਤੇ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇਹ ਕਾਰਵਾਈ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਸਬ-ਡਿਵੀਜ਼ਨਾਂ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ (ਜਿਵੇਂ ਕਿ ਗੋਨਿਆ ਰੋਡ, ਗਾਂਧੀ ਬਸਤੀ, ਅੰਬੇਦਕਰ ਨਗਰ, ਬੈਂਕਾਂ ਬਾਦ, ਪਿੰਡ ਚੰਨੂ, ਮਿੱਡਾ, ਅਬੁਲ ਖਰਾਣਾ ਅਤੇ ਲੱਖੇਵਾਲੀ) ’ਚ ਇੱਕੋ ਸਮੇਂ ਚਲਾਈ ਜਾ ਰਹੀ ਹੈ। ਤਲਾਸ਼ੀ ਦੌਰਾਨ ਨਸ਼ਾ ਤਸਕਰੀ ’ਚ ਸ਼ਾਮਲ ਰਹੇ ਵਿਅਕਤੀਆਂ, ਜ਼ਮਾਨਤ ਤੇ ਬਾਹਰ ਆਏ ਅਪਰਾਧੀਆਂ ਅਤੇ ਸ਼ੱਕੀ ਲੋਕਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਪੀਏਆਈਐਸ ਐਪ ਅਤੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਲਈ ਵਾਹਨ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਅਭਿਆਨ ’ਚ 400 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਪੂਰੀ ਕਾਰਵਾਈ ਦੀ ਨਿਗਰਾਨੀ ਐਸਪੀ (ਆਪਰੇਸ਼ਨ) ਮਹੇਸ਼ ਸੈਣੀ, ਐਸਪੀ (ਹੈੱਡਕੁਆਰਟਰ) ਗੁਰਿੰਦਰਜੀਤ ਸਿੰਘ ਸਮੇਤ ਸਾਰੀਆਂ ਸਬ-ਡਿਵੀਜ਼ਨਾਂ ਦੇ ਡੀਐਸਪੀ ਅਤੇ ਥਾਣਾ ਮੁਖੀਆਂ ਵੱਲੋਂ ਖ਼ੁਦ ਕੀਤੀ ਜਾ ਰਹੀ ਹੈ। ਐਸਐਸਪੀ ਅਭਿਮਨਿਊ ਰਾਣਾ ਨੇ ਸਪੱਸ਼ਟ ਕੀਤਾ ਕਿ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਡਰੋਨ ਕੈਮਰਿਆਂ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਸਬੰਧੀ ਕੋਈ ਵੀ ਜਾਣਕਾਰੀ ਪੁਲਿਸ ਹੈਲਪਲਾਈਨ 112 ਜਾਂ 80549-42100 ਤੇ ਸਾਂਝੀ ਕਰਨ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।