40 ਮੁਕਤਿਆਂ ਦੀ ਪਵਿੱਤਰ ਧਰਤੀ ਦਾ ਮੁੱਖ ਬਾਈਪਾਸ ਬਣਿਆ ‘ਮੌਤ ਦਾ ਖੂਹ’ 40 ਮੁਕਤਿਆਂ ਦੀ ਪਵਿੱਤਰ ਧਰਤੀ ਦਾ ਮੁੱਖ ਬਾਈਪਾਸ ਬਣਿਆ ‘ਮੌਤ ਦਾ ਖੂਹ’
Publish Date: Fri, 09 Oct 2026 03:39 PM (IST)
Updated Date: Fri, 09 Oct 2026 03:41 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : 40 ਮੁਕਤਿਆਂ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਮੁਸਾਫਰਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਨ ਵਾਲਾ ਮੁੱਖ ਕੋਟਕਪੂਰਾ-ਬਠਿੰਡਾ ਬਾਈਪਾਸ ਇਸ ਵੇਲੇ ਆਪਣੀ ਬਦਹਾਲੀ ’ਤੇ ਅੱਥਰੂ ਵਹਾ ਰਿਹਾ ਹੈ। ਲਗਾਤਾਰ ਛਪੀਆਂ ਖਬਰਾਂ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਨਹੀਂ ਖੁੱਲ੍ਹ ਰਹੀ। ਸੜਕ ਦੀ ਹਾਲਤ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਇਸ ’ਤੇ ਵਾਹਨ ਚਲਾਉਣਾ ‘ਮੌਤ ਦੇ ਖੂਹ’ ’ਚ ਵਹੀਕਲ ਚਲਾਉਣ ਦੇ ਬਰਾਬਰ ਬਣ ਗਿਆ ਹੈ, ਜਿਸ ਨਾਲ ਹਰ ਵੇਲੇ ਕਿਸੇ ਭਿਆਨਕ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਸੜਕ ਦੀ ਇਸ ਤਰਸਯੋਗ ਹਾਲਤ ਦਾ ਮੁੱਖ ਕਾਰਨ ਕਿਨਾਰਿਆਂ ’ਤੇ ਬਣੇ ਵਪਾਰਕ ਅਦਾਰਿਆਂ, ਰਿਹਾਇਸ਼ੀ ਕਲੋਨੀਆਂ ਅਤੇ ਘਰਾਂ ਦੇ ਸੀਵਰੇਜ ਦੇ ਪਾਣੀ ਦੀ ਯੋਗ ਨਿਕਾਸੀ ਦਾ ਨਾ ਹੋਣਾ ਹੈ। ਨਿਕਾਸੀ ਪ੍ਰਬੰਧ ਠੱਪ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਲਗਾਤਾਰ ਸੜਕ ਉੱਪਰ ਆ ਜਾਂਦਾ ਹੈ, ਜਿਸ ਨਾਲ ਲੁੱਕ ਤੇ ਬੱਜਰੀ ਉਖੜ ਜਾਂਦੀ ਹੈ। ਹਰ ਦਿਨ ਪਾਣੀ ਖੜ੍ਹਨ ਨਾਲ ਸੜਕ ਉੱਪਰ ਫੁੱਟ ਤੋਂ ਡੇਢ-ਡੇਢ ਫੁੱਟ ਡੂੰਘੇ ਖੱਡੇ ਪੈ ਚੁੱਕੇ ਹਨ, ਜੋ ਬਰਸਾਤ ਦੇ ਦਿਨਾਂ ’ਚ ਚਲਦੇ ਵਾਹਨਾਂ ਲਈ ਜਾਨਲੇਵਾ ਸਾਬਤ ਹੁੰਦੇ ਹਨ। ਜ਼ਿਕਰਯੋਗ ਹੈ ਕਿ ਇਸੇ ਬਾਈਪਾਸ ’ਤੇ ਜ਼ਿਲ੍ਹੇ ਦੀਆਂ ਪ੍ਰਮੁੱਖ ਸਰਕਾਰੀ ਸੰਸਥਾਵਾਂ ਜਿਵੇਂ ਡਿਪਟੀ ਕਮਿਸ਼ਨਰ ਦਫ਼ਤਰ, ਜ਼ਿਲ੍ਹਾ ਕਚਹਿਰੀਆਂ, ਸਿਵਲ ਹਸਪਤਾਲ, ਬੱਸ ਸਟੈਂਡ ਅਤੇ ਬਠਿੰਡਾ-ਮਲੋਟ ਰੋਡ ਪੈਂਦੇ ਹਨ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਆਮ ਲੋਕ, ਮਰੀਜ਼ ਅਤੇ ਸਰਕਾਰੀ ਕਰਮਚਾਰੀ ਇਸੇ ਖਤਰਨਾਕ ਰਸਤੇ ਤੋਂ ਲੰਘਦੇ ਹਨ। ਸਥਾਨਕ ਨਿਵਾਸੀਆਂ ਤੇ ਸ਼ਰਧਾਲੂਆਂ ਨੇ ਮੰਗ ਕੀਤੀ ਹੈ ਕਿ ਬਾਈਪਾਸ ’ਤੇ ਸੀਵਰੇਜ ਦਾ ਪੱਕਾ ਹੱਲ ਕਰਕੇ ਇਸਦਾ ਨਿਰਮਾਣ ਪਹਿਲ ਦੇ ਆਧਾਰ ’ਤੇ ਜਲਦ ਤੋਂ ਜਲਦ ਕਰਵਾਇਆ ਜਾਵੇ। ਡੇਢ ਸਾਲ ਪਹਿਲਾਂ ਪਾਸ ਹੋਇਆ ਸੀ 90 ਲੱਖ ਤੋਂ ਵੱਧ ਦਾ ਟੈਂਡਰ ਕਰੀਬ 94.08 ਲੱਖ ਰੁਪਏ ਦਾ ਟੈਂਡਰ ਪੰਜਾਬ ਸਰਕਾਰ ਵੱਲੋਂ ਕਰੀਬ ਡੇਢ ਸਾਲ ਪਹਿਲਾਂ 2023-24 ’ਚ ਮੰਡੀ ਬੋਰਡ ਰਾਹੀਂ ਪਾਸ ਕੀਤਾ ਗਿਆ ਸੀ। ਇਹ ਸੜਕ ਪੰਜਾਬ ਮੰਡੀ ਬੋਰਡ ਦੇ ਅਧੀਨ ਆਉਂਦੀ ਹੈ। ਪੰਜਾਬ ਮੰਡੀ ਬੋਰਡ ਨੇ ਮੁਕਤਸਰ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਸੜਕ ਦਾ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਸੜਕ ਦੇ ਕਿਨਾਰੇ ਬਣੀਆਂ ਇਮਾਰਤਾਂ, ਕਮਰਸ਼ੀਅਲ ਅਦਾਰਿਆਂ ਅਤੇ ਰਿਹਾਇਸ਼ੀ ਖੇਤਰਾਂ ਦੇ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਪਰ ਪਿਛਲੇ ਡੇਢ ਸਾਲ ਤੋਂ ਪ੍ਰਸ਼ਾਸਨ ਵੱਲੋਂ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਰਕੇ ਟੈਂਡਰ ਪਾਸ ਹੋਣ ਦੇ ਬਾਵਜੂਦ ਸੜਕ ਦਾ ਨਿਰਮਾਣ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਇਹ ਰਾਸ਼ੀ ਸਰਕਾਰੀ ਕਾਗਜ਼ਾਂ ’ਚ ਹੀ ਅਟਕ ਕੇ ਰਹਿ ਗਈ। ਹੈਵੀ ਵਾਹਨਾਂ ਨੇ ਬਦਲੇ ਰੂਟ ਇਸ ਬਾਈਪਾਸ ਦੀ ਖਸਤਾ ਹਾਲਤ ਕਾਰਨ ਸ੍ਰੀ ਮੁਕਤਸਰ ਸਾਹਿਬ ਦੀ ਪੂਰੇ ਦੇਸ਼ ’ਚ ਚਰਚਾ ਤੇ ਬਦਨਾਮੀ ਹੋ ਰਹੀ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਬਾਹਰੋਂ ਆਉਣ ਵਾਲੇ ਹੈਵੀ ਵਹੀਕਲ, ਵੱਡੇ ਟਰੱਕ ਅਤੇ ਟਰਾਲੇ ਸ਼ਹਿਰ ਦੇ ਇਸ ਮੁੱਖ ਰੂਟ ਤੋਂ ਲੰਘਣ ਦੀ ਬਜਾਏ ਲੰਬਾ ਚੱਕਰ (ਬਲ) ਪਾ ਕੇ ਬਠਿੰਡਾ-ਮਲੋਟ ਰੂਟ ਤੋਂ ਲੰਘਣ ਲਈ ਮਜ਼ਬੂਰ ਹਨ। –––ਕੋਟ–––– ਸਥਾਨਕ ਐੱਮਐੱਲਏ ਨਾਲ ਰਾਬਤਾ ਕਾਇਮ ਕਰ ਰਹੇ ਹਾਂ। ਸੀਵਰੇਜ ਨਿਕਾਸੀ ਦਾ ਹੱਲ ਕੱਢ ਕੇ ਜਲਦੀ ਤੋਂ ਜਲਦੀ ਸੜਕ ਦੀ ਮੁਰੰਮਤ ਤੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਵੇਗਾ। ਮੰਡੀ ਬੋਰਡ ਕਾਰਜਕਾਰੀ ਇੰਜੀਨੀਅਰ ਵੀਨਸ਼ ਗਰਗ