ਗਿੱਦੜਬਾਹਾ ਹਲਕੇ ਦੇ ਕਈ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਘੱਟ ਗਿੱਦੜਬਾਹਾ ਹਲਕੇ ਦੇ ਕਈ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਘੱਟ
Publish Date: Mon, 31 Aug 2026 05:30 PM (IST)
Updated Date: Mon, 31 Aug 2026 05:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਗਿੱਦੜਬਾਹਾ ਹਲਕੇ ਦੇ ਕਈ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਇਹ ਹੈ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਜਾਇਜ਼ਾ ਲੈਣ ’ਤੇ ਕਈ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਬੇਹੱਦ ਘੱਟ ਪਾਈ ਗਈ। ਕਈ ਸਕੂਲਾਂ ’ਚ ਕੁਝ ਜਮਾਤਾਂ ’ਚ ਇੱਕ ਵੀ ਵਿਦਿਆਰਥੀ ਨਹੀਂ ਹੈ, ਜਦਕਿ ਕੁਝ ਸਕੂਲਾਂ ’ਚ ਕੁੱਲ ਵਿਦਿਆਰਥੀਆਂ ਦੀ ਗਿਣਤੀ ਹੀ ਇੱਕ ਅੰਕ ’ਚ ਹੈ। ਗਿੱਦੜਬਾਹਾ ਹਲਕੇ ਦੇ ਇਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਘੱਟ ਗਿਣਤੀ ਅਜੇ ਵੀ ਵੱਡੀ ਚੁਣੌਤੀ ਬਣੀ ਹੋਈ ਹੈ। ਕਈ ਸਕੂਲਾਂ ’ਚ ਕੁਝ ਜਮਾਤਾਂ ਵਿਦਿਆਰਥੀਆਂ ਤੋਂ ਸੱਖਣੀਆਂ ਹਨ, ਜਦਕਿ ਕੁਝ ਸਕੂਲਾਂ ’ਚ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਮਿਲਾ ਕੇ ਵੀ ਗਿਣਤੀ ਬੇਹੱਦ ਘੱਟ ਹੈ। ਕੋਠੇ ਰਣ ਸਿੰਘ ਵਾਲਾ ਪਿੰਡ ਕੋਠੇ ਰਣ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਪਹਿਲੀ ਅਤੇ ਦੂਜੀ ਜਮਾਤ ’ਚ ਕੁੱਲ ਤਿੰਨ ਵਿਦਿਆਰਥੀ ਪੜ੍ਹ ਰਹੇ ਹਨ, ਜਦਕਿ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ’ਚ ਕੋਈ ਵਿਦਿਆਰਥੀ ਨਹੀਂ ਹੈ। ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਲਈ ਦੋ ਅਧਿਆਪਕ ਤਾਇਨਾਤ ਹਨ। ਸਕੂਲ ’ਚ ਸਿਰਫ਼ ਇੱਕ ਕਮਰਾ ਹੈ। ਇਸਤੋਂ ਇਲਾਵਾ ਪ੍ਰੀ-ਨਰਸਰੀ ਵਿੱਚ ਪੰਜ ਬੱਚੇ ਦਾਖ਼ਲ ਹਨ। ਚੱਕ ਬਰੜੇਵਾਲਾ ਚੱਕ ਬਰੜੇਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਿਰਫ਼ ਚਾਰ ਵਿਦਿਆਰਥੀ ਪੜ੍ਹਦੇ ਹਨ ਅਤੇ ਇਹ ਸਾਰੇ ਕੁੜੀਆਂ ਹਨ। ਦੂਜੀ ਜਮਾਤ ਵਿੱਚ ਕੋਈ ਵਿਦਿਆਰਥੀ ਨਹੀਂ ਹੈ। ਸਕੂਲ ਦੀ ਇਮਾਰਤ ਵਧੀਆ ਬਣੀ ਹੋਈ ਹੈ ਅਤੇ ਇਨ੍ਹਾਂ ਚਾਰ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਦੋ ਅਧਿਆਪਕ ਤਾਇਨਾਤ ਹਨ। ਪ੍ਰੀ-ਨਰਸਰੀ ਵਿੱਚ ਛੇ ਬੱਚੇ ਹਨ। ਵਿਦਿਆਰਥੀਆਂ ਦੀ ਇੰਨੀ ਘੱਟ ਗਿਣਤੀ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧਾਉਣ ਦੇ ਯਤਨਾਂ ’ਤੇ ਸਵਾਲ ਖੜ੍ਹੇ ਕਰਦੀ ਹੈ। ਕੋਠੇ ਨਾਈਵਾਲਾ ਪਿੰਡ ਕੋਠੇ ਨਾਈਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੁੱਲ ਸੱਤ ਵਿਦਿਆਰਥੀ ਪੜ੍ਹ ਰਹੇ ਹਨ, ਜਦਕਿ ਪਹਿਲੀ ਜਮਾਤ ਵਿੱਚ ਕੋਈ ਵਿਦਿਆਰਥੀ ਨਹੀਂ ਹੈ। ਪ੍ਰੀ-ਨਰਸਰੀ ਵਿੱਚ ਤਿੰਨ ਬੱਚੇ ਦਾਖ਼ਲ ਹਨ। ਸਕੂਲ ਵਿੱਚ ਦੋ ਅਧਿਆਪਕ ਪੜ੍ਹਾ ਰਹੇ ਹਨ। ਸਕੂਲ ਦੀ ਇਮਾਰਤ ਠੀਕ ਹੋਣ ਦੇ ਬਾਵਜੂਦ ਬੱਚਿਆਂ ਦੀ ਘੱਟ ਗਿਣਤੀ ਕਾਰਨ ਸਕੂਲ ਦਾ ਮਾਹੌਲ ਸੁੰਨਸਾਨ ਨਜ਼ਰ ਆਉਂਦਾ ਹੈ। ਚੱਕ ਚੀਦਿਆਂ ਵਾਲਾ ਚੱਕ ਚੀਦਿਆਂ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੁੱਲ 10 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ ਤਿੰਨ ਅਧਿਆਪਕ ਤਾਇਨਾਤ ਹਨ। ਕਲਾਸਵਾਰ ਗੱਲ ਕਰੀਏ ਤਾਂ ਪਹਿਲੀ ਅਤੇ ਦੂਜੀ ਜਮਾਤ ਵਿੱਚ ਇੱਕ-ਇੱਕ, ਤੀਜੀ ਜਮਾਤ ਵਿੱਚ ਦੋ ਅਤੇ ਚੌਥੀ ਤੇ ਪੰਜਵੀਂ ਜਮਾਤ ਵਿੱਚ ਤਿੰਨ-ਤਿੰਨ ਵਿਦਿਆਰਥੀ ਹਨ। ਬੱਚਿਆਂ ਦੀ ਘੱਟ ਗਿਣਤੀ ਇੱਥੇ ਵੀ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਦੀ ਚੁਣੌਤੀ ਨੂੰ ਦਰਸਾਉਂਦੀ ਹੈ। ਕੋਠੇ ਸੁਰਗਾਪੁਰੀ ਕੋਠੇ ਸੁਰਗਾਪੁਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਵਧੀਆ ਬਣੀ ਹੋਈ ਹੈ, ਪਰ ਇੱਥੇ ਵੀ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਕੁੱਲ 13 ਬੱਚੇ ਪੜ੍ਹ ਰਹੇ ਹਨ, ਜਦਕਿ ਪ੍ਰੀ-ਨਰਸਰੀ ਵਿੱਚ 16 ਬੱਚੇ ਹਨ। ਸਕੂਲ ਵਿੱਚ ਦੋ ਅਧਿਆਪਕ ਪੜ੍ਹਾਈ ਕਰਵਾ ਰਹੇ ਹਨ। ਕੋਠੇ ਅਮਨਗੜ੍ਹ ਕੋਠੇ ਅਮਨਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 20 ਵਿਦਿਆਰਥੀ ਪੜ੍ਹ ਰਹੇ ਹਨ ਅਤੇ ਉਨ੍ਹਾਂ ਨੂੰ ਪੜ੍ਹਾਉਣ ਲਈ ਦੋ ਅਧਿਆਪਕ ਤਾਇਨਾਤ ਹਨ। ਸਕੂਲ ਦੇ ਹੈੱਡ ਟੀਚਰ ਰਵਿੰਦਰ ਭਾਦੂ ਨੇ ਦੱਸਿਆ ਕਿ ਸਕੂਲ ਵਿੱਚ ਸਫ਼ਾਈ ਸੇਵਕ ਹੋਣ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਠੇ ਕੇਸਰ ਸਿੰਘ ਵਾਲਾ ਕੋਠੇ ਕੇਸਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 22 ਬੱਚੇ ਪੜ੍ਹ ਰਹੇ ਹਨ। ਸਕੂਲ ਦੀ ਇਮਾਰਤ ਠੀਕ ਹੈ, ਪਰ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ। ਅਧਿਆਪਕਾਂ ਮੁਤਾਬਕ ਪਿੰਡ ਦੀ ਆਬਾਦੀ ਘੱਟ ਹੋਣ ਕਾਰਨ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵੀ ਨਾਂਮਾਤਰ ਰਹਿ ਗਈ ਹੈ। ਕੋਠੇ ਹਜੂਰਾ ਸਿੰਘ ਵਾਲਾ ਕੋਠੇ ਹਜੂਰਾ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 24 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ ਦੋ ਅਧਿਆਪਕ ਤਾਇਨਾਤ ਹਨ। ਸਕੂਲ ਇੰਚਾਰਜ ਗੁਰਪ੍ਰੀਤ ਸਿੰਘ ਮੁਤਾਬਕ ਸਕੂਲ ਵਿੱਚ ਰਸੋਈ ਦੀ ਘਾਟ ਹੈ, ਜਿਸ ਕਾਰਨ ਮਿਡ-ਡੇ ਮੀਲ ਤਿਆਰ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਕੋਠੇ ਫੁੰਮਣ ਵਾਲਾ ਕੋਠੇ ਫੁੰਮਣ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਵੀ ਵਧੀਆ ਬਣੀ ਹੋਈ ਹੈ। ਅਧਿਆਪਕ ਸਵਰਨ ਸਿੰਘ ਵੱਲੋਂ ਬੱਚਿਆਂ ਲਈ ਪੜ੍ਹਾਈ ਦਾ ਵਧੀਆ ਮਾਹੌਲ ਸਿਰਜਣ ਦੇ ਯਤਨ ਕੀਤੇ ਜਾ ਰਹੇ ਹਨ। ਸਕੂਲ ਵਿੱਚ 28 ਵਿਦਿਆਰਥੀ ਪੜ੍ਹ ਰਹੇ ਹਨ, ਜੋ ਨੇੜਲੇ ਕੁਝ ਸਕੂਲਾਂ ਦੇ ਮੁਕਾਬਲੇ ਬਿਹਤਰ ਗਿਣਤੀ ਹੈ, ਪਰ ਫਿਰ ਵੀ ਪ੍ਰਾਇਮਰੀ ਪੱਧਰ ’ਤੇ ਇਹ ਗਿਣਤੀ ਵਧਾਉਣ ਦੀ ਲੋੜ ਹੈ। ਕੋਠੇ ਢਾਬਾਂ ਵਾਲਾ ਕੋਠੇ ਢਾਬਾਂ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 30 ਵਿਦਿਆਰਥੀ ਪੜ੍ਹ ਰਹੇ ਹਨ। ਇਨ੍ਹਾਂ ਨੂੰ ਪੜ੍ਹਾਉਣ ਲਈ ਚਾਰ ਅਧਿਆਪਕ ਤਾਇਨਾਤ ਹਨ। ਹਾਲਾਂਕਿ ਨੇੜਲੇ ਕਈ ਸਕੂਲਾਂ ਦੇ ਮੁਕਾਬਲੇ ਇੱਥੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੈ, ਪਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣਾ ਅਜੇ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਯਤਨ ਜਾਰੀ ਇਸ ਸਬੰਧੀ ਜਦੋਂ ਬਲਾਕ ਸਿੱਖਿਆ ਅਫਸਰ ਮਨੋਜ ਕੁਮਾਰ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਵਿਦਿਆਰਥੀਆਂ ਲਈ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਸਮਾਜ ਅੰਦਰ ਪ੍ਰਾਈਵੇਟ ਸਕੂਲਾਂ ਪ੍ਰਤੀ ਰੁਝਾਨ ਵਧਿਆ ਹੈ, ਜਿਸ ਕਾਰਨ ਸਰਕਾਰੀ ਸਕੂਲਾਂ ’ਚ ਦਾਖ਼ਲੇ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਅਤੇ ਸਰਕਾਰੀ ਸਕੂਲਾਂ ਦਾ ਸਮੁੱਚਾ ਸਟਾਫ਼ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ।