ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚਾਰੋਂ ਸਬ-ਡਿਵੀਜ਼ਨਾਂ 'ਚ ਵਡੇ ਪੱਧਰ ’ਤੇ ਸਰਚ ਅਭਿਆਨ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚਾਰੋਂ ਸਬ-ਡਿਵੀਜ਼ਨਾਂ 'ਚ ਵਡੇ ਪੱਧਰ ’ਤੇ ਸਰਚ ਅਭਿਆਨ
Publish Date: Fri, 04 Sep 2026 04:54 PM (IST)
Updated Date: Fri, 04 Sep 2026 04:55 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਐਸਐਸਪੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ। ਆਪਰੇਸ਼ਨ ਪ੍ਰਹਾਰ ਤਹਿਤ ਜ਼ਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ’ਚ ਇੱਕੋ ਸਮੇਂ ਵਿਸ਼ੇਸ਼ ਸਰਚ ਓਪਰੇਸ਼ਨ ਚਲਾਇਆ ਗਿਆ। ਸਵੇਰੇ 5:00 ਵਜੇ ਸ਼ੁਰੂ ਹੋਏ ਇਸ ਅਭਿਆਨ ਦੀ ਸੁਪਰਵਿਜ਼ਨ ਐਸਪੀ (ਡੀ) ਅਸ਼ੋਕ ਮੀਨਾ ਨੇ ਕੀਤੀ, ਜਿਸ ਵਿੱਚ ਡੀਐਸਪੀ ਬਚਨ ਸਿੰਘ ਸ੍ਰੀ ਮੁਕਤਸਰ ਸਾਹਿਬ, ਡੀਐਸਪੀ ਜਤਿੰਦਰ ਸਿੰਘ ਗਿੱਦੜਬਾਹਾ, ਡੀਐਸਪੀ ਹਰਬੰਸ ਸਿੰਘ ਲੰਬੀ, ਸਬੰਧਤ ਥਾਣਿਆਂ ਦੇ ਮੁੱਖ ਅਫਸਰ ਅਤੇ ਵੱਡੀ ਗਿਣਤੀ ਚ ਪੁਲਿਸ ਜਵਾਨ ਤਾਇਨਾਤ ਸਨ। ਪੁਲਿਸ ਟੀਮਾਂ ਨੇ ਇਲਾਕਿਆਂ ਨੂੰ ਪਹਿਲਾਂ ਸੀਲ ਕਰਕੇ ਨਾਕਾਬੰਦੀ ਕੀਤੀ ਅਤੇ ਫਿਰ ਪੁਰਾਣੇ ਨਸ਼ਾ ਤਸਕਰਾਂ, ਸ਼ੱਕੀ ਵਿਅਕਤੀਆਂ, ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸੰਭਾਵਿਤ ਠਾਹਰਾਂ ਤੇ ਬਾਰੀਕੀ ਨਾਲ ਛਾਪੇਮਾਰੀ ਕੀਤੀ। ਚੈਕਿੰਗ ਦੌਰਾਨ ਪੁਲਿਸ ਨੇ ਸ਼ੱਕੀ ਵਾਹਨਾਂ ਦੀ ਪੜਤਾਲ ਲਈ ਵਾਹਨ ਐਪ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਤੇ ਅਪਰਾਧਿਕ ਪਿਛੋਕੜ ਜਾਂਚਣ ਲਈ ਪੀਏਆਈਐਸ ਐਪ ਦੀ ਵਰਤੋਂ ਕੀਤੀ। ਐਸਐਸਪੀ ਅਭਿਮੰਨਿਊ ਰਾਣਾ ਨੇ ਸਪੱਸ਼ਟ ਕੀਤਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ’ਚ ਅਜਿਹੀਆਂ ਕਾਰਵਾਈਆਂ ਹੋਰ ਤੇਜ਼ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨੂੰ ਵੀ ਕਾਨੂੰਨ ਅਨੁਸਾਰ ਫਰੀਜ਼ ਕੀਤਾ ਜਾ ਰਿਹਾ ਹੈ। ਐਸਐਸਪੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਸਬੰਧੀ ਕੋਈ ਵੀ ਜਾਣਕਾਰੀ ਸੇਫ ਪੰਜਾਬ ਹੈਲਪਲਾਈਨ (97791-00200), ਪੁਲਿਸ ਹੈਲਪਲਾਈਨ (112) ਜਾਂ ਜ਼ਿਲ੍ਹਾ ਕੰਟਰੋਲ ਰੂਮ (80549-42100) ਤੇ ਸਾਂਝੀ ਕਰਨ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।