ਮੁਕਤਸਰ ਬੱਸ ਸਟੈਂਡ ’ਤੇ ਸਹੂਲਤਾਂ ਦੀ ਘਾਟ, ਯਾਤਰੀ ਬੇਹਾਲ ਮੁਕਤਸਰ ਬੱਸ ਸਟੈਂਡ ’ਤੇ ਸਹੂਲਤਾਂ ਦੀ ਘਾਟ, ਯਾਤਰੀ ਬੇਹਾਲ
Publish Date: Mon, 07 Sep 2026 05:00 PM (IST)
Updated Date: Mon, 07 Sep 2026 05:01 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਬੱਸ ਸਟੈਂਡ ’ਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਰੋਜ਼ਾਨਾ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਠਣ ਲਈ ਲੋੜੀਂਦਾ ਪ੍ਰਬੰਧ ਨਾ ਹੋਣ, ਪੀਣ ਵਾਲੇ ਪਾਣੀ ਦੀ ਘਾਟ ਅਤੇ ਪਖਾਨਿਆਂ ਦੀ ਬਦਹਾਲ ਸਥਿਤੀ ਕਾਰਨ ਯਾਤਰੀਆਂ ’ਚ ਨਾਰਾਜ਼ਗੀ ਵਧ ਰਹੀ ਹੈ। ਉੱਥੇ ਹੀ ਬੱਸ ਸਟੈਂਡ ਕੰਪਲੈਕਸ ’ਚ ਕਰਮਚਾਰੀਆਂ ਅਤੇ ਦੁਕਾਨਦਾਰਾਂ ਦੇ ਦੋਪਹੀਆ ਵਾਹਨ ਖੜ੍ਹੇ ਹੋਣ ਨਾਲ ਸੁਰੱਖਿਆ ਵਿਵਸਥਾ ’ਤੇ ਵੀ ਸਵਾਲ ਉੱਠ ਰਹੇ ਹਨ। ਮਾਮਲੇ ਨੂੰ ਲੈ ਕੇ ਰੋਡਵੇਜ਼ ਦੇ ਜੀਐੱਮ ਨੇ ਠੇਕੇਦਾਰ ਨਾਲ ਗੱਲ ਕਰਕੇ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ। ਸ੍ਰੀ ਮੁਕਤਸਰ ਸਾਹਿਬ ਬੱਸ ਸਟੈਂਡ ਤੋਂ ਰੋਜ਼ਾਨਾ ਸੈਂਕੜੇ ਬੱਸਾਂ ਚੱਲਦੀਆਂ ਹਨ ਅਤੇ ਹਜ਼ਾਰਾਂ ਯਾਤਰੀ ਇੱਥੋਂ ਵੱਖ-ਵੱਖ ਸ਼ਹਿਰਾਂ ਲਈ ਸਫ਼ਰ ਕਰਦੇ ਹਨ। ਬੱਸਾਂ ਤੋਂ ਅੱਡਾ ਫ਼ੀਸ ਦੇ ਰੂਪ ’ਚ ਰੋਜ਼ਾਨਾ ਹਜ਼ਾਰਾਂ ਰੁਪਏ ਦੀ ਵਸੂਲੀ ਹੋਣ ਦੇ ਬਾਵਜੂਦ ਯਾਤਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਸਭ ਤੋਂ ਵੱਡੀ ਸਮੱਸਿਆ ਯਾਤਰੀਆਂ ਦੇ ਬੈਠਣ ਦੀ ਹੈ। ਬੱਸ ਸਟੈਂਡ ’ਤੇ ਸਿਰਫ਼ ਲਗਭਗ 20 ਬੈਂਚ ਹਨ, ਜੋ ਇੱਥੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਘੱਟ ਹਨ। ਅਜਿਹੇ ’ਚ ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਲੰਮੇ ਸਮੇਂ ਤੱਕ ਖੜ੍ਹੇ ਹੋ ਕੇ ਬੱਸਾਂ ਦਾ ਇੰਤਜ਼ਾਰ ਕਰਨ ਲਈ ਮਜ਼ਬੂਰ ਹਨ। ਪਾਣੀ ਤੇ ਪਖ਼ਾਨਿਆਂ ਦੀ ਹਾਲਤ ਬੱਤਰ ਬੱਸ ਸਟੈਂਡ ’ਤੇ ਪੀਣ ਵਾਲੇ ਪਾਣੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਗਰਮੀ ’ਚ ਮਹਿੰਗਾ ਬੋਤਲਬੰਦ ਪਾਣੀ ਖ਼ਰੀਦ ਕੇ ਪਿਆਸ ਬੁਝਾਉਣੀ ਪੈ ਰਹੀ ਹੈ। ਪਖ਼ਾਨਿਆਂ ਦੀ ਸਥਿਤੀ ਵੀ ਤਰਸਯੋਗ ਬਣੀ ਹੋਈ ਹੈ। ਕਈ ਜਗ੍ਹਾ ਪਾਣੀ ਦੀਆਂ ਟੂਟੀਆਂ ਟੁੱਟੀਆਂ ਹੋਈਆਂ ਹਨ ਅਤੇ ਹੱਥ ਧੋਣ ਤੱਕ ਲਈ ਪਾਣੀ ਉਪਲਬਧ ਨਹੀਂ ਹੈ। ਯਾਤਰੀਆਂ ਦੇ ਬੈਠਣ ਸਬੰਧੀ ਪ੍ਰਬੰਧਾਂ ਦੀ ਘਾਟ ਬੱਸ ਸਟੈਂਡ ’ਤੇ ਬੱਸ ਦਾ ਇੰਤਜ਼ਾਰ ਕਰ ਰਹੀਆਂ ਈਨਾ ਖੇੜਾ ਨਿਵਾਸੀ ਸਾਵਿਤਰੀ ਅਤੇ ਅਬੁਲ ਖੁਰਾਣਾ ਦੀ ਬਲਜਿੰਦਰ ਕੌਰ ਨੇ ਦੱਸਿਆ ਕਿ ਯਾਤਰੀਆਂ ਦੇ ਬੈਠਣ ਦਾ ਪ੍ਰਬੰਧ ਬਹੁਤ ਘੱਟ ਹੈ, ਜਿਸ ਨਾਲ ਘੰਟਿਆਂ ਬੱਧੀ ਖੜ੍ਹੇ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਖਾਨਿਆਂ ’ਚ ਸਾਫ਼-ਸਫ਼ਾਈ ਅਤੇ ਪਾਣੀ ਦਾ ਪ੍ਰਬੰਧ ਵੀ ਤਸੱਲੀਬਖ਼ਸ਼ ਨਹੀਂ ਹੈ, ਜਿਸ ਨਾਲ ਵਿਸ਼ੇਸ਼ ਕਰਕੇ ਔਰਤਾਂ ਅਤੇ ਬੱਚਿਆਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ’ਤੇ ਜੋ ਦਿਵਿਆਂਗ ਲੋਕਾਂ ਲਈ ਵੀਲ੍ਹ ਚੇਅਰ ਹੈ, ਉਸ ਦੀ ਹਾਲਤ ਵੀ ਠੀਕ ਨਹੀਂ। ਉਹ ਵੀ ਚਿੱਟਾ ਹਾਥੀ ਬਣ ਕੇ ਰਹਿ ਗਈ ਹੈ। ਕੰਪਲੈਕਸ ’ਚ ਦੋਪਹੀਆ ਵਾਹਨ ਖੜ੍ਹੇ ਹੋਣ ਨਾਲ ਸੁਰੱਖਿਆ ਤੇ ਚਿੰਤਾ ਯਾਤਰੀਆਂ ਨੇ ਬੱਸ ਸਟੈਂਡ ਕੰਪਲੈਕਸ ’ਚ ਕਰਮਚਾਰੀਆਂ ਅਤੇ ਦੁਕਾਨਦਾਰਾਂ ਦੇ ਦੋਪਹੀਆ ਵਾਹਨ ਖੜ੍ਹੇ ਕੀਤੇ ਜਾਣ ’ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰੀ ਖੇਤਰ ’ਚ ਵਾਹਨਾਂ ਦੀ ਪਾਰਕਿੰਗ ਸੁਰੱਖਿਆ ਮਾਪਦੰਡਾਂ ਦੇ ਉਲਟ ਹੈ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ’ਚ ਇਹ ਵੱਡੀ ਸਮੱਸਿਆ ਬਣ ਸਕਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਕੰਪਲੈਕਸ ਨੂੰ ਨਾਜਾਇਜ਼ ਕਬਜ਼ਿਆਂ ਅਤੇ ਅਣ-ਅਧਿਕਾਰਤ ਪਾਰਕਿੰਗ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ ਹੈ। ––––ਕੋਟ–––– ਬੱਸ ਸਟੈਂਡ ਦੀ ਦੇਖਭਾਲ ਦੀ ਜ਼ਿੰਮੇਵਾਰੀ ਠੇਕੇਦਾਰ ਕੋਲ ਹੈ। ਇਸ ਸਬੰਧ ’ਚ ਠੇਕੇਦਾਰ ਨਾਲ ਗੱਲਬਾਤ ਕਰਕੇ ਜਲਦ ਹੀ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਉਪਲਬਧ ਕਰਵਾਉਣ ਅਤੇ ਸਾਹਮਣੇ ਆਈਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਰੋਡਵੇਜ਼ ਦੇ ਜੀਐੱਮ ਜਸਵਿੰਦਰ ਸਿੰਘ