ਕਾਮਦਾ ਇਕਾਦਸ਼ੀ ਮੌਕੇ ਖਾਟੂ ਧਾਮ ’ਚ ਕੀਰਤਨ ਕਰਵਾਇਆ
ਕਾਮਦਾ ਇਕਾਦਸ਼ੀ ਦੇ ਪਾਵਨ ਮੌਕੇ ’ਤੇ ਖਾਟੂ ਧਾਮ ’ਚ ਕੀਰਤਨ ਦਾ ਆਯੋਜਨ
Publish Date: Wed, 01 Apr 2026 04:53 PM (IST)
Updated Date: Wed, 01 Apr 2026 04:55 PM (IST)

ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਸ੍ਰੀ ਸ਼ਿਆਮ ਸੇਵਾ ਮੰਡਲ ਗਿੱਦੜਬਾਹਾ ਵੱਲੋਂ ਖਾਟੂ ਧਾਮ ’ਚ ਕਾਮਦਾ ਇਕਾਦਸ਼ੀ ਮੌਕੇ ਸੰਕੀਰਤਨ ਕਰਵਾਇਆ ਗਿਆ। ਪ੍ਰਧਾਨ ਰਾਜਿੰਦਰ ਸਿੰਗਲਾ ਨੇ ਦੱਸਿਆ ਕਿ ਮੰਡਲ ਵੱਲੋਂ ਗਿੱਦੜਬਾਹਾ ਤੋਂ ਇੱਕ ਬੱਸ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਲਈ ਭੇਜੀ ਗਈ ਸੀ। ਖਾਟੂ ਧਾਮ ਤੇ ਮੰਦਰ ਕੰਪਲੈਕਸ ਨੂੰ ਫੁੱਲਾਂ ਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਸਵੇਰ ਤੋਂ ਹੀ ਬਾਬਾ ਸ਼ਿਆਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਉਮੜ ਪਈ, ਜੋ ਜੈ ਸ੍ਰੀ ਸ਼ਿਆਮ ਦੇ ਜੈਕਾਰਿਆਂ ਨਾਲ ਆਪਣੀ ਹਾਜ਼ਰੀ ਦਰਜ ਕਰਵਾ ਰਹੀ ਸੀ। ਉਨ੍ਹਾਂ ਦੱਸਿਆ ਕਿ ਸ੍ਰੀ ਸ਼ਿਆਮ ਸੇਵਾ ਮੰਡਲ ਗਿੱਦੜਬਾਹਾ ਵੱਲੋਂ ਖਾਟੂ ਧਾਮ ’ਚ ਸਥਿਤ ਭਾਗੀਰਥ ਪੈਲੇਸ ’ਚ ਸ਼ਾਮ ਦੇ ਸਮੇਂ ਬਾਬਾ ਸ਼ਿਆਮ ਦਾ ਕੀਰਤਨ ਕਰਵਾਇਆ ਗਿਆ। ਇਸ ਵਿਸ਼ੇਸ਼ ਕੀਰਤਨ ’ਚ ਪ੍ਰਸਿੱਧ ਭਜਨ ਗਾਇਕਾਂ ਵੱਲੋਂ ਬਾਬਾ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। “ਓ ਕਾਨ੍ਹਾ ਅਬ ਤੋ ਮੁਰਲੀ ਕੀ ਮਧੁਰ ਸੁਨਾ ਦੋ ਤਾਨ” ਤੇ “ਹਾਰੇ ਕਾ ਸਹਾਰਾ, ਬਾਬਾ ਸ਼ਿਆਮ ਹਮਾਰਾ” ਵਰਗੇ ਭਜਨਾਂ ’ਤੇ ਸ਼ਰਧਾਲੂ ਮੰਤਰ-ਮੁਗਧ ਹੋ ਕੇ ਝੂਮਣ ਲੱਗੇ। ਪੂਰਾ ਵਾਤਾਵਰਣ ਭਗਤੀਮਈ ਹੋ ਗਿਆ ਤੇ ਭਗਤਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਬਾਬਾ ਦੀ ਆਰਤੀ ਉਤਾਰੀ। ਇਸ ਮੌਕੇ ’ਤੇ ਰਾਜਿੰਦਰ ਸਿੰਗਲਾ, ਧਰਮਪਾਲ ਸਿੰਘ ਰਿੰਕੂ ਢੱਲਾ, ਰਾਹੁਲ ਮੰਗਲਾ, ਹੈਪੀ ਸ਼ਰਮਾ, ਨਵੀਨ ਗਰਗ ਤੇ ਬਾਂਕੇ ਲਾਲ ਆਦਿ ਸ਼ਰਧਾਲੂ ਹਾਜ਼ਰ ਸਨ।