ਸ੍ਰੀ ਰਾਮ ਭਵਨ ’ਚ ਸ਼ਰਧਾ ਭਾਵਨਾ ਨਾਲ ਮਨਾਈ ਜਨਮ ਅਸ਼ਟਮੀ ਸ੍ਰੀ ਰਾਮ ਭਵਨ ’ਚ ਸ਼ਰਧਾ ਭਾਵਨਾ ਨਾਲ ਮਨਾਈ ਜਨਮ ਅਸ਼ਟਮੀ
Publish Date: Sat, 05 Sep 2026 04:45 PM (IST)
Updated Date: Sat, 05 Sep 2026 04:46 PM (IST)
ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਸ੍ਰੀ ਰਾਧਾ ਜੀ ਦੇ ਕਨ੍ਹੱਈਆ, ਮੀਰਾਂ ਦੇ ਗਿਰਧਰ ਗੋਪਾਲ, ਨਰਸੀ ਦੇ ਸਾਂਵਰੀਆ ਸੇਠ, ਸੁਦਾਮਾ ਦੇ ਪਰਮ ਮਿੱਤਰ, ਨਾਮਦੇਵ ਦੇ ਵਿੱਠਲ, ਦੀਨਾਂ ਦੇ ਬੰਧੂ, ਅਨਾਥਾਂ ਦੇ ਨਾਥ ਅਤੇ ਭਗਤਾਂ ਦੇ ਚਿਤਚੋਰ, ਕੁੰਜ ਬਿਹਾਰੀ ਮਨਮੋਹਨ ਭਗਵਾਨ ਸ੍ਰੀ ਕ੍ਰਿਸ਼ਨ ਦਾ ਪਾਵਨ ਪ੍ਰਗਟ ਉਤਸਵ ਦਿਹਾੜਾ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਭਾਈ ਰਮਨ ਜੈਨ ਦੀ ਪ੍ਰਧਾਨਗੀ ਹੇਠ ਸ਼ਾਮ 4.15 ਤੋਂ 6.15 ਵਜੇ ਤੱਕ ਭਜਨ ਸੰਕੀਰਤਨ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂ ਉਮੜਦੇ ਨਜ਼ਰ ਆਏ ਤੇ ਭਜਨਾਂ ਦੀ ਗੰਗਾ ’ਚ ਡੁੱਬਕੀਆਂ ਲਗਾਉਂਦੇ ਦਿਖੇ। ਮੰਦਰ ਦਾ ਮਾਹੌਲ ਕ੍ਰਿਸ਼ਨਮਈ ਹੋ ਉੱਠਿਆ। ਇਸ ਮੌਕੇ ਰਾਧਾ-ਮਾਧਵ ਜੀ ਨੂੰ ਨਵੇਂ ਵਸਤਰ ਧਾਰਨ ਕਰਵਾਏ ਗਏ। ਉੱਥੇ ਹੀ ਮੰਦਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਲੱਡੂ ਗੋਪਾਲ ਦਾ ਝੂਲਾ ਵੀ ਲੱਗਾ ਹੋਇਆ ਸੀ ਜਿਸ ਨੂੰ ਝੁਲਾਉਣ ਲਈ ਸ਼ਰਧਾਲੂ ਉਤਸੁਕ ਨਜ਼ਰ ਆ ਰਹੇ ਸਨ। ਇਸ ਮੌਕੇ ਭਾਈ ਰਮਨ ਜੈਨ ਨੇ ਸ਼ਰਧਾਲੂਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਮਨਮੋਹਕ ਲੀਲਾਵਾਂ ਦਾ ਸਮੂਹਿਕ ਗਾਇਨ ਕਰਵਾਇਆ। ਸੰਕੀਰਤਨ ਦੇ ਤਹਿਤ ਇੱਕ ਮਾਲਾ ॐ ਕ੍ਰਿਸ਼ਨਯ ਵਾਸੁਦੇਵਾਏ ਹਰਏ ਪਰਮਾਤਮਨੇ। ਪ੍ਰਣਤ ਕਲੇਸ਼ਨਾਸ਼ਾਏ, ਗੋਵਿੰਦਾਯ ਨਮੋ ਨਮਃ।। ਸ਼ਲੋਕ ਦਾ ਜਾਪ ਵੀ ਹੋਇਆ। ਇਸ ਤੋਂ ਬਾਅਦ ਭਜਨ-ਸੰਕੀਰਤਨ ਦਾ ਜੋ ਦੌਰ ਸ਼ੁਰੂ ਹੋਇਆ ਉਸ ’ਚ ਸ਼ਰਧਾਲੂ ਕਾਨ੍ਹਾ ਦੇ ਰੰਗ ’ਚ ਰੰਗੇ ਭਜਨਾਂ ਤੇ ਝੂਮਦੇ ਹੀ ਰਹੇ। ਉਤਸਵ ਦੌਰਾਨ ਸ਼ਰਧਾਲੂਆਂ ਨੂੰ ਵੱਖ-ਵੱਖ ਤਰ੍ਹਾਂ ਦਾ ਪ੍ਰਸ਼ਾਦ ਤੇ ਖਿਡੌਣੇ ਵੰਡੇ ਗਏ। ਇਸ ਮੌਕੇ ਨੱਥੂ ਰਾਮ ਗੋਇਲ, ਨਰਿੰਦਰ ਗੁਪਤਾ, ਦਵਿੰਦਰ ਤਾਇਲ, ਕਪਿਲ ਧੂੜੀਆ, ਸੰਦੀਪ ਬਾਂਸਲ, ਧਰਮਪਾਲ ਗਾਵੜੀ, ਪੰਡਿਤ ਬੁੱਧ ਪ੍ਰਕਾਸ਼, ਰਿੰਕੂ ਬਾਂਸਲ, ਦੀਪੂ ਕੋਠਾਰੀ, ਸੰਦੀਪ ਚੁੱਘ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।