ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵੱਲੋਂ 'ਬੰਦੇ ਬਣੋ ਬੰਦੇ' ਨਾਟਕ ਦਾ ਮੰਚਨ ਜੈ ਬਾਬੇ ਦੀ ਬਲੱਡ ਸੇਵਾ ਸੋਸਾਇਟੀ ਨੇ 'ਬੰਦੇ ਬਣੋ ਬੰਦੇ' ਨਾਟਕ ਦਾ ਕੀਤਾ ਆਯੋਜਨ
Publish Date: Mon, 12 Oct 2026 04:42 PM (IST)
Updated Date: Mon, 12 Oct 2026 04:44 PM (IST)
ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬੀ ਅਦਾਕਾਰ ਰਾਣਾ ਰਣਬੀਰ ਦਾ ਪ੍ਰਸਿੱਧ ਨਾਟਕ ਬੰਦੇ ਬਣੋ ਬੰਦੇ ਜੈ ਬਾਬੇ ਦੀ ਬਲੱਡ ਸੇਵਾ ਸੋਸਾਇਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਗਾਰਡਨੀਆ ਰਿਜ਼ੋਰਟ ਵਿਖੇ ਸਫਲਤਾਪੂਰਵਕ ਪੇਸ਼ ਕੀਤਾ ਗਿਆ। ਇਸ ਸਮਾਗਮ ’ਚ ਸ਼ਹਿਰ ਦੇ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਿਰਕਤ ਕੀਤੀ ਤੇ ਨਾਟਕ ਦਾ ਆਨੰਦ ਮਾਣਿਆ। ਨਾਟਕ ਰਾਹੀਂ ਕਲਾਕਾਰਾਂ ਨੇ ਮਨੁੱਖਤਾ, ਆਪਸੀ ਭਾਈਚਾਰੇ ਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ। ਆਪਣੇ ਪ੍ਰਦਰਸ਼ਨ ਰਾਹੀਂ ਕਲਾਕਾਰਾਂ ਨੇ ਦਰਸ਼ਕਾਂ ਨੂੰ ਇਹ ਸੋਚਣ ਲਈ ਪ੍ਰੇਰਿਤ ਕੀਤਾ ਕਿ ਇੱਕ ਬਿਹਤਰ ਸਮਾਜ ਬਣਾਉਣ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਦੂਜਿਆਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਐਸਡੀਐਮ ਗੁਰਕਿਰਨਦੀਪ ਸਿੰਘ ਵਿਕਰਮ ਬਾਂਸਲ ਐਸਡੀਐਮ ਜੈਤੋ, ਮੁਨੀਸ਼ ਗੋਇਲ ਈਟੀਓ ਐਕਸਾਈਜ਼ ਵਿਭਾਗ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਡੇਰਾ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਨਾਲ ਹੋਈ। ਇਸ ਤੋਂ ਬਾਅਦ ਪ੍ਰੋ. ਸਰਬਜੀਤ ਸਿੰਘ ਨੇ ਸੂਫੀ ਗਾਇਨ ਪੇਸ਼ ਕਰਕੇ ਮਾਹੌਲ ਨੂੰ ਭਗਤੀ ਭਰਿਆ ਬਣਾ ਦਿੱਤਾ। ਇਸ ਦੇ ਨਾਲ ਹੀ ਸਰਕਾਰੀ ਸਕੂਲ ਝੋਰੜ ਦੀਆਂ ਵਿਦਿਆਰਥਣਾਂ ਨੇ ਮੇਰਾ ਪੰਜਾਬ ਨਾਟਕ ਪੇਸ਼ ਕੀਤਾ ਤੇ ਪੰਜਾਬ ਦੇ ਸੱਭਿਆਚਾਰ ਤੇ ਪਛਾਣ ਨੂੰ ਦਰਸਾਇਆ। ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਵੀ ਦਰਸ਼ਕਾਂ ਨੇ ਸਰਾਹਿਆ। ਇਸ ਤੋਂ ਬਾਅਦ ਪੰਜਾਬੀ ਅਦਾਕਾਰ ਰਾਣਾ ਰਣਬੀਰ ਤੇ ਰਾਜਵੀਰ ਬੋਪਾਰਾਏ ਨੇ ਬੰਦੇ ਬਣੋ ਬੰਦੇ ਨਾਟਕ ਪੇਸ਼ ਕੀਤਾ। ਦੋਵਾਂ ਕਲਾਕਾਰਾਂ ਦੇ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਅੰਤ ਤੱਕ ਮੋਹੀ ਰੱਖਿਆ। ਨਾਟਕ ਨੇ ਜੀਵਨ ਨਾਲ ਸਬੰਧਿਤ ਮੁੱਦਿਆਂ ਨੂੰ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਨਾਟਕ ਨੇ ਦਰਸ਼ਕਾਂ ਨੂੰ ਇਹ ਵੀ ਸੁਨੇਹਾ ਦਿੱਤਾ ਕਿ ਸਿਰਫ਼ ਆਪਣੇ ਬਾਰੇ ਸੋਚਣ ਦੀ ਬਜਾਏ, ਦੂਜਿਆਂ ਦੇ ਦਰਦ ਤੇ ਦੁੱਖ ਨੂੰ ਸਮਝਣਾ ਚਾਹੀਦਾ ਹੈ । ਪ੍ਰੋਗਰਾਮ ਦਾ ਉਦੇਸ਼ ਇਨ੍ਹਾਂ ਮੁੱਲਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਤੇ ਸਮਾਜਿਕ ਬੰਧਨਾਂ ਨੂੰ ਮਜ਼ਬੂਤ ਕਰਨਾ ਸੀ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਦੀਪਕ ਗਰਗ, ਗੌਤਮ ਖੁਰਾਨਾ, ਉਮੇਸ਼ ਨਾਗਪਾਲ, ਨਵਦੀਪ ਆਹੂਜਾ ਤੇ ਅਸੀਮ ਕਾਲੜਾ ਨੇ ਨਾਟਕ ਨੂੰ ਪਿਆਰ ਤੇ ਸਮਰਥਨ ਦੇਣ ਵਾਲੇ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਸਾਰੇ ਖੂਨਦਾਨੀਆਂ ਤੇ ਜੈ ਬਾਬਾ ਜੀ ਦੀ ਬਲੱਡ ਸੇਵਾ ਸੋਸਾਇਟੀ ਨਾਲ ਜੁੜੀ ਪੂਰੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਕਪਿਲ ਸ਼ਰਮਾ ਸੈਨੇਟ ਮੈਂਬਰ, ਜਗਦੀਪ ਸਿੰਘ ਬੀਪੀਈਓ, ਸ਼ੇਖਰ ਬਾਂਸਲ ਪੀਕੇ ਜਵੈਲਰਜ਼, ਬਿੱਟੂ ਤੇ ਚੰਦਨ ਵਾਟਸ ਗਾਰਡਨੀਆ ਰਿਜ਼ੋਰਟ, ਨਿਰਮਲ ਬਰਾੜ ਸ੍ਰੀ ਮੁਕਤਸਰ ਸਾਹਿਬ, ਨਛੱਤਰ ਸਿੰਘ ਜਰਮਨੀ ਤੋਂ ਆਪਣੇ ਪਰਿਵਾਰ ਨਾਲ ਪਹੁੰਚੇ। ਪ੍ਰੋਗਰਾਮ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।