ਜਗਦੀਪ ਸਿੰਘ ਕਾਕਾ ਬਰਾੜ ਹੀ ਹੋਣਗੇ ਸ੍ਰੀ ਮੁਕਤਸਰ ਸਾਹਿਬ ਤੋਂ ਆਪ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਹੀ ਹੋਣਗੇ ਸ੍ਰੀ ਮੁਕਤਸਰ ਸਾਹਿਬ ਤੋਂ ਆਪ ਉਮੀਦਵਾਰ
Publish Date: Sat, 31 Oct 2026 06:20 PM (IST)
Updated Date: Sat, 31 Oct 2026 06:23 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਮ ਆਦਮੀ ਪਾਰਟੀ (ਆਪ) ਵੱਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ ਮੌਜੂਦਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਉੱਤੇ ਭਰੋਸਾ ਕਰਦਿਆਂ ਉਨ੍ਹਾਂ ਨੂੰ ਮੁੜ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਉਮੀਦਵਾਰ ਐਲਾਨਣ ਤੇ ਵਰਕਰਾਂ ਤੇ ਸਥਾਨਕ ਆਗੂਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਗਦੀਪ ਸਿੰਘ ਕਾਕਾ ਬਰਾੜ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਵੀ ਹਨ ਅਤੇ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਜਗਦੀਪ ਸਿੰਘ ਕਾਕਾ ਬਰਾੜ ਦੇ ਸਾਫ ਸੁਥਰੇ ਅਕਸ ਅਤੇ ਸ਼ਰੀਫ ਸਿਆਸਤਦਾਨ ਵਜੋਂ ਜਾਣੇ ਜਾਣ ਕਰਕੇ ਪਾਰਟੀ ਨੇ ਉਨ੍ਹਾਂ ਉੱਪਰ ਮੁੜ ਭਰੋਸਾ ਕਰਦਿਆ ਹੋਇਆ ਦਾਅ ਖੇਡਿਆ ਹੈ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਿਵਾਦਾਂ ਤੋਂ ਹਮੇਸ਼ਾ ਦੂਰ ਰਹੇ ਹਨ ਅਤੇ ਇਲਾਕੇ ’ਚ ਉਨ੍ਹਾਂ ਦੀ ਸਾਫ ਛਵੀ ਦੇ ਚਲਦਿਆਂ ਪਾਰਟੀ ਨੇ ਇਹ ਫੈਸਲਾ ਕੀਤਾ ਹੈ। ਓਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੰਵਰਜੀਤ ਸਿੰਘ ਰੁਜੀ ਬਰਕੰਦੀ ਉਮੀਦਵਾਰ ਹੋਣਗੇ ਜਦਕਿ ਕਾਂਗਰਸ ਅਤੇ ਭਾਜਪਾ ਅੰਦਰ ਸ੍ਰੀ ਮੁਕਤਸਰ ਸਾਹਿਬ ਤੋਂ ਟਿਕਟ ਨੂੰ ਲੈ ਕੇ ਕਾਫੀ ਚਿਹਰੇ ਆਪਣਾ ਦਾਅਵਾ ਜਤਾ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਕਾਕਾ ਬਰਾੜ ਨੂੰ ਉਮੀਦਵਾਰ ਐਲਾਨੇ ਜਾਣ ਨਾਲ ਹੁਣ ਉਹ ਆਪਣੀਆਂ ਗਤੀਵਿਧੀਆਂ ਨੂੰ ਤੇਜ ਕਰਦਿਆਂ ਹੋਇਆਂ ਸ੍ਰੀ ਮੁਕਤਸਰ ਸਾਹਿਬ ਹਲਕੇ ਅੰਦਰ ਚੋਣ ਕਮਾਨ ਨੂੰ ਸੰਭਾਲਣਗੇ। 2022 ’ਚ ਬਣੇ ਸਨ ਵਿਧਾਇਕ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸਿਆਸਤ ’ਚ ਆਉਣ ਤੋਂ ਪਹਿਲਾਂ ਖੇਤੀਬਾੜੀ ਦੇ ਧੰਦੇ ’ਚ ਵਿਚਰਦੇ ਸਨ। ਉਨ੍ਹਾਂ ਨੇ ਆਪਣਾ ਪਹਿਲਾ ਇਲੈਕਸ਼ਨ ਆਮ ਆਦਮੀ ਪਾਰਟੀ ਦੀ ਟਿਕਟ ਤੋਂ 2017 ’ਚ ਲੜਿਆ ਸੀ ਜਿਸ ’ਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੋਂ ਚੋਣ ਹਾਰ ਗਏ ਸਨ। 2022 ’ਚ ਉਨ੍ਹਾਂ ਨੂੰ ਮੁੜ ਉਮੀਦਵਾਰ ਐਲਾਨਿਆ ਗਿਆ ਸੀ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਹਾਰ ਦਿੱਤੀ ਸੀ। ਇਸਤੋਂ ਇਲਾਵਾ ਉਨਾਂ ਨੇ 2024 ’ਚ ਲੋਕ ਸਭਾ ਦੀ ਚੋਣ ਹਲਕਾ ਫਿਰੋਜ਼ਪੁਰ ਤੋਂ ਲੜੀ ਸੀ ਪਰ ਇਸ ’ਚ ਉਹ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਤੋਂ ਚੋਣ ਹਾਰ ਗਏ ਸਨ। ਜਗਦੀਪ ਸਿੰਘ ਕਾਕਾ ਬਰਾੜ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਵੀ ਹਨ। ਹੁਣ ਦੇਖਣਾ ਹੋਵੇਗਾ ਕਿ ਜਦ ਦੂਜੀਆਂ ਪਾਰਟੀਆਂ ਵੀ ਆਪਣੇ ਉਮੀਦਵਾਰ ਐਲਾਨਣਗੀਆਂ ਤਾਂ ਹਲਕਾ ਸ੍ਰੀ ਮੁਕਤਸਰ ਸਾਹਿਬ ਦੀ ਸਿਆਸੀ ਫਿਜਾ ’ਚ ਕਿਹੜੇ ਰੰਗ ਘੁਲਦੇ ਹਨ ਅਤੇ ਕੀ ਸਿਆਸੀ ਸਮੀਕਰਨ ਬਣਨਗੇ ਇਹ ਆਉਣ ਵਾਲਾ ਵਕਤ ਤੈਅ ਕਰੇਗਾ।