ਕਲਮਛੋੜ ਹੜਤਾਲ ਕਾਰਨ ਡੀਸੀ ਦਫ਼ਤਰਾਂ ’ਚ ਪੱਸਰਿਆ ਸੰਨਾਟਾ -ਡੀਸੀ ਮਲੇਰਕੋਟਲਾ ਵੱਲੋਂ ਭੱਦੀ ਸ਼ਬਦਾਵਲੀ ਵਰਤਣ ਦਾ ਮਾਮਲਾ-
Publish Date: Tue, 06 Oct 2026 04:23 PM (IST)
Updated Date: Tue, 06 Oct 2026 04:26 PM (IST)
ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਿਰੁੱਧ ਆਰੰਭੇ ਤਿੱਖੇ ਸੰਘਰਸ਼ ਦੇ ਪਹਿਲੇ ਦਿਨ ਅੱਜ ਸੂਬੇ ਭਰ ਦੇ ਪ੍ਰਸ਼ਾਸਨਿਕ ਦਫ਼ਤਰਾਂ ’ਚ ਮੁਕੰਮਲ ਸੰਨਾਟਾ ਛਾਇਆ ਰਿਹਾ। ਕਰਮਚਾਰੀਆਂ ਵੱਲੋਂ ਕੀਤੀ ਗਈ ਪੂਰਨ ਕਲਮਛੋੜ ਹੜਤਾਲ ਕਾਰਨ ਸਮੁੱਚੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰ, ਐੱਸਡੀਐੱਮ ਦਫ਼ਤਰ, ਤਹਿਸੀਲਾਂ ਅਤੇ ਸਬ-ਤਹਿਸੀਲਾਂ ’ਚ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ। ਇਸ ਰੋਸ ਪ੍ਰਦਰਸ਼ਨ ’ਚ ਹੋਰਨਾਂ ਤੋਂ ਇਲਾਵਾ ਜੁਗਰਾਜ ਸਿੰਘ ਸੁਪਰਡੰਟ ਗ੍ਰੇਡ-1, ਰਾਕੇਸ਼ ਕੁਮਾਰ ਸੁਪਰਡੰਟ, ਗੁਰਮੀਤ ਪਾਲ ਰੀਡਰ, ਹਰੀਸ਼ ਕੁਮਾਰ ਰੀਡਰ, ਰੁਪਿੰਦਰ ਸਿੰਘ ਬਾਠ, ਜਗਪ੍ਰੀਤ ਸਿੰਘ, ਹਰਬੰਸ ਸਿੰਘ, ਰਣਜੀਤ ਸਿੰਘ, ਰਾਜੇਸ਼ ਕਪੂਰ, ਗਗਨਦੀਪ ਸਿੰਘ ਭਾਟੀਆ, ਬਲਰਾਜ, ਜਸਵੀਰ ਕੌਰ, ਕੁਲਵੰਤ ਕੌਰ, ਸੁਖਪਾਲ ਕੌਰ, ਰਜਨੀ ਬਾਲਾ ਅਤੇ ਕੁਲਵਿੰਦਰ ਕੌਰ ਸਮੇਤ ਭਾਰੀ ਗਿਣਤੀ ’ਚ ਕਰਮਚਾਰੀ ਹਾਜ਼ਰ ਸਨ। ਕਰਮਚਾਰੀਆਂ ਨਾਲ ਦੁਰਵਿਵਹਾਰ ਤੇ ਬਦਲੇ ਦੀ ਭਾਵਨਾ ਦਾ ਦੋਸ਼ ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਲੇਰਕੋਟਲਾ ਵੱਲੋਂ ਆਪਣੇ ਹੀ ਸਟਾਫ਼ ਨਾਲ ਅਤਿ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ, ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਬੇਇੱਜ਼ਤ ਕੀਤਾ ਜਾ ਰਿਹਾ ਹੈ। ਇਸ ਮਾਨਸਿਕ ਉਤਪੀੜਨ ਕਾਰਨ ਪੜ੍ਹੇ-ਲਿਖੇ ਕਰਮਚਾਰੀ ਗੰਭੀਰ ਤਣਾਅ ਵਿੱਚੋਂ ਲੰਘ ਰਹੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਵਿਰੋਧ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਡਿਪਟੀ ਕਮਿਸ਼ਨਰ ਵੱਲੋਂ ਰੰਜਿਸ਼ ਤਹਿਤ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਬਿਨਾਂ ਕਿਸੇ ਠੋਸ ਦੋਸ਼ ਦੇ ਇੱਕ ਕਰਮਚਾਰੀ ਨੂੰ ਚਾਰਜਸ਼ੀਟ ਕੀਤਾ ਗਿਆ ਹੈ ਅਤੇ ਵਿਰੋਧ ਕਰਨ ਵਾਲੇ ਸਟਾਫ਼ ਦੀਆਂ ਵਿੱਤੀ ਸਾਲ ਦੀਆਂ ਏਸੀਆਰਜ਼ ’ਚ ਵੀ ਸਹੀ ਗ੍ਰੇਡਿੰਗ ਨਹੀਂ ਦਿੱਤੀ ਗਈ। ਸੂਬਾ ਯੂਨੀਅਨ ਵੱਲੋਂ 9 ਅਕਤੂਬਰ ਤੱਕ ਸੰਘਰਸ਼ ਦਾ ਐਲਾਨ ਡਿਪਟੀ ਕਮਿਸ਼ਨਰ ਦੇ ਇਸ ਰਵੱਈਏ ਖ਼ਿਲਾਫ਼ ਯੂਨੀਅਨ ਦੀ ਸੂਬਾ ਬਾਡੀ ਨੇ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾਉਂਦਿਆਂ ਐਲਾਨ ਕੀਤਾ ਹੈ ਕਿ 6 ਤੋਂ 9 ਅਕਤੂਬਰ ਤੱਕ ਸੂਬੇ ਦੇ ਸਮੁੱਚੇ ਡੀਸੀ ਦਫ਼ਤਰਾਂ ’ਚ ਮੁਕੰਮਲ ਕੰਮਬੰਦੀ ਅਤੇ ਰੋਜ਼ਾਨਾ 2 ਘੰਟੇ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾਣਗੇ। 07 ਅਕਤੂਬਰ ਨੂੰ ਸਾਰਿਆਂ ਜ਼ਿਲ੍ਹਿਆਂ ਅੰਦਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੇ ਪੁਤਲੇ ਫੂਕੇ ਜਾਣਗੇ। 08 ਅਕਤੂਬਰ ਨੂੰ ਜ਼ਿਲ੍ਹਾ ਮਲੇਰਕੋਟਲਾ ਦੇ ਬਾਜ਼ਾਰਾਂ ’ਚ ਡੀਸੀ ਵਿਰੁੱਧ ਜ਼ੋਰਦਾਰ ਰੋਸ ਮਾਰਚ ਕੀਤਾ ਜਾਵੇਗਾ ਅਤੇ 09 ਅਕਤੂਬਰ ਨੂੰ ਡੀਸੀ ਮਲੇਰਕੋਟਲਾ ਵਿਰੁੱਧ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਸਰਕਾਰੀ ਸੇਵਾਵਾਂ ਠੱਪ, ਹਜ਼ਾਰਾਂ ਲੋਕ ਖੱਜਲ-ਖ਼ੁਆਰ ਹੜਤਾਲ ਦੇ ਪਹਿਲੇ ਹੀ ਦਿਨ ਜ਼ਿਲ੍ਹਾ ਡੀਸੀ ਦਫ਼ਤਰ ਵਿਖੇ ਆਪਣਾ ਕੰਮਕਾਜ ਕਰਵਾਉਣ ਆਏ ਲਗਭਗ ਇੱਕ ਹਜ਼ਾਰ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰੇ 9 ਵਜੇ ਤੋਂ ਹੀ 30-40 ਕਿਲੋਮੀਟਰ ਦੂਰ-ਦੁਰਾਡੇ ਪਿੰਡਾਂ ਤੋਂ ਆਏ ਆਮ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਤਹਿਸੀਲ ਦਫ਼ਤਰ ’ਚ ਰੋਜ਼ਾਨਾ ਹੋਣ ਵਾਲੀਆਂ ਲਗਭਗ 70 ਰਜਿਸਟਰੀਆਂ ਦਾ ਕੰਮ ਠੱਪ ਰਿਹਾ। ਵੱਖ-ਵੱਖ ਵਿਭਾਗਾਂ ਦੀਆਂ 1,000 ਤੋਂ ਵੱਧ ਅਹਿਮ ਫ਼ਾਈਲਾਂ ਲਮਕ ਗਈਆਂ। ਸਿਵਲ ਹਸਪਤਾਲ ’ਚ ਬਿਲਿੰਗ ਅਤੇ ਹੋਰ ਪ੍ਰਸ਼ਾਸਨਿਕ ਕੰਮ ਬੁਰੇ ਪ੍ਰਭਾਵਿਤ ਹੋਏ। ਪੀੜਤ ਆਮ ਜਨਤਾ ਨੇ ਬਿਆਨ ਕੀਤਾ ਦਰਦ ਦਫ਼ਤਰ ਪਹੁੰਚੇ ਪੀੜਤ ਲੋਕਾਂ ਕੁਲਵੰਤ ਸਿੰਘ, ਰਾਜਵਿੰਦਰ ਸਿੰਘ, ਮਿੱਠੂ ਸਿੰਘ, ਤਰਸੇਮ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਉਹ ਆਪਣਾ ਦਿਹਾੜੀ-ਕਾਰੋਬਾਰ ਛੱਡ ਕੇ ਜਾਤੀ ਸਰਟੀਫਿਕੇਟ ਬਣਵਾਉਣ ਆਏ ਸਨ, ਪਰ ਹੜਤਾਲ ਕਾਰਨ ਉਨ੍ਹਾਂ ਨੂੰ ਖ਼ਾਲੀ ਹੱਥ ਪਰਤਣਾ ਪਿਆ। ਇਸੇ ਤਰ੍ਹਾਂ ਜ਼ਮੀਨ ਸਬੰਧੀ ਕੰਮ ਲਈ ਆਏ ਹਰਜਿੰਦਰ ਸਿੰਘ ਅਤੇ ਐੱਸਡੀਐੱਮ ਦਫ਼ਤਰ ’ਚ ਅਹਿਮ ਕੰਮ ਲਈ ਪੁੱਜੇ ਗੁਰਸੇਵਕ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਕਰਮਚਾਰੀਆਂ ਦੀ ਇਸ ਲੜਾਈ ’ਚ ਖ਼ੱਜਲ-ਖ਼ੁਆਰੀ ਆਮ ਜਨਤਾ ਦੀ ਹੋ ਰਹੀ ਹੈ ਅਤੇ ਉਨ੍ਹਾਂ ਦਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਹੋ ਰਿਹਾ ਹੈ।