ਨਿੱਜੀ ਗੁਦਾਮ ’ਚੋਂ ਉਡਦੀ ਸੁਸਰੀ ਦਾ ਮਸਲਾ ਪ੍ਰਸ਼ਾਸਨ ਤੱਕ ਪੁੱਜਾ ਨਿੱਜੀ ਗੁਦਾਮ ’ਚੋਂ ਉਡਦੀ ਸੁਸਰੀ ਦਾ ਮਸਲਾ ਪ੍ਰਸ਼ਾਸਨ ਤੱਕ ਪੁੱਜਾ
Publish Date: Mon, 07 Sep 2026 05:39 PM (IST)
Updated Date: Mon, 07 Sep 2026 05:40 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ-ਅਬੋਹਰ ਰੋਡ ’ਤੇ ਸਥਿਤ ਪਿੰਡ ਰਹੂੜਿਆਂਵਾਲੀ ਵਿਖੇ ਇਕ ਨਿੱਜੀ ਕੰਪਨੀ ਦੇ ਵੇਅਰ ਹਾਊਸ ਵਿੱਚੋਂ ਦਿਨ-ਰਾਤ ਉਡਦੀ ਸੁਸਰੀ ਕਾਰਣ ਦੁਖੀ ਪਿੰਡ ਵਾਸੀਆਂ ਵੱਲੋਂ ਕਰੀਬ 11 ਦਿਨ ਤੋਂ ਲਾਏ ਧਰਨੇ ਉਪਰੰਤ ਉਪ ਮੰਡਲ ਮੈਜਿਸਟਰੇਟ ਗੁਰਕਿਰਨ ਦੀਪ ਸਿੰਘ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਆਪਣੇ ਦਫਤਰ ’ਚ ਸੱਦਕੇ ਪੰਜ ਦਿਨਾਂ ’ਚ ਸਮੱਸਿਆ ਹੱਲ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਜੱਸਲ ਸਿੰਘ, ਪੰਚ ਸ਼ਿੰਦਰ ਸਿੰਘ, ਬਲਕਰਨ ਸਿੰਘ, ਗੁਰਵਿੰਦਰ ਸਿੰਘ, ਮੰਦਰ ਸਿੰਘ ਸਾਬਕਾ ਸਰਪੰਚ, ਪਰਵਿੰਦਰ ਸਿੰਘ ਪੰਚ, ਮਾਸਟਰ ਸੁਖਦੇਵ ਰਾਮ, ਜਗਦੇਵ ਸਿੰਘ ਚੇਅਰਮੈਨ ਬਲਾਕ ਸੰਮਤੀ, ਗੋਰਾ ਸਿੰਘ ਹੋਰਾਂ ਨੇ ਦੱਸਿਆ ਕਿ ਗਲੋਬਲ ਵੇਅਰਹਾਊਸਿੰਗ ਐਂਡ ਪ੍ਰਾਈਵੇਟ ਲਿਮ: ਵੱਲੋਂ ਪਿੰੰਡ ’ਚ ਬਣਾਏ ਗੁਦਾਮ ਵਿੱਚੋਂ ਭਾਰੀ ਮਾਤਰਾ ’ਚ ਸੁਸਰੀ ਉਡਦੀ ਹੈ ਜਿਸ ਨਾਲ ਲੋਕਾਂ ਦੀਆਂ ਅੱਖਾਂ, ਕੰਨ, ਚਮੜੀ ਖਰਾਬ ਹੋ ਰਹੀ ਹੈ। ਰਾਤ ਨੂੰ ਸੌਂਣਾ ਵੀ ਦੁੱਬਰ ਹੋ ਜਾਂਦਾ ਹੈ। ਅਜਿਹੇ ਹਲਾਤਾਂ ’ਚ ਲੋਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਵੱਲੋਂ ਪਿਛਲੇ 11 ਦਿਨਾਂ ਤੋਂ ਧਰਨਾ ਵੀ ਦਿੱਤਾ ਜਾ ਰਿਹਾ ਹੈ। ਕੰਪਨੀ ਵਾਲੇ ਲਾਰੇ ਲਾ ਰਹੇ ਹਨ। ਗੁਦਾਮ ’ਚ 1044 ਢੇਰਾਂ ’ਚ ਬੋਰੀਆਂ ਰੱਖੀਆਂ ਹਨ ਪਰ ਬਹੁਤੀਆਂ ਨੰਗੀਆਂ ਹਨ ਜਿਸ ਕਰਕੇ ਸੁਸਰੀ ਤੂਫਾਨ ਵਾਂਗ ਉਡਦੀ ਹੈ। ਨਾ ਕੀੜੇਮਾਰ ਦਵਾਈਆਂ ਦਾ ਸਪ੍ਰੇਅ ਕੀਤਾ ਜਾਂਦਾ ਹੈ। ਸਟਾਫ ਵੀ ਬਹੁਤ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਗੁਦਾਮ ਸੀਲ ਕੀਤਾ ਜਾਵੇ। ਪਿੰਡ ਵਾਸੀਆਂ ਦਾ ਪੱਖ ਸੁਣਕੇ ਐਸਡੀਐਮ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਦੇ ਰਾਹੀਂ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ 5 ਦਿਨਾਂ ਦੇ ਅੰਦਰ-ਅੰਦਰ ਸੁਸਰੀ ਨੂੰ ਕੰਟਰੋਲ ਕਰਨ ਲਈ ਹਰ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਵਾਸਤੇ ਇਕ ਕਮੇਟੀ ਵੀ ਗਠਿਤ ਕੀਤੀ ਗਈ ਹੈ। ਭਵਿੱਖ ਵਾਸਤੇ ਪੱਕੇ ਤੌਰ ’ਤੇ ਸੁਸਰੀ ਦਾ ਖਾਤਮਾ ਕਰਨ ਲਈ ਢੇਰਾਂ ਨੂੰ ਨਵੀਆਂ ਤਰਪਾਲਾਂ ਨਾਲ ਢਕਿਆ ਜਾਵੇ, ਸਟਾਫ ਪੂਰਾ ਰੱਖਿਆ ਜਾਵੇ ਅਤੇ ਕੀੜੇਮਾਰ ਦਵਾਈਆਂ ਦਾ ਸਪ੍ਰੇਅ ਕੀਤਾ ਜਾਵੇ।