ਮੌਨਸੂਨ ਦੀ ਪਹਿਲੀ ਬਾਰਿਸ਼ ’ਚ ਹੀ ਡੁੱਬੀਆਂ ਵਿਵਸਥਾਵਾਂ, ਸੜਕਾਂ ਬਣੀਆਂ ਤਾਲਾਬ ਮਾਨਸੂਨ ਦੀ ਪਹਿਲੀ ਬਾਰਿਸ਼ 'ਚ ਹੀ ਡੁੱਬੀਆਂ ਵਿਵਸਥਾਵਾਂ, ਸੜਕਾਂ ਬਣੀਆਂ ਤਾਲਾਬ
Publish Date: Thu, 23 Jul 2026 05:32 PM (IST)
Updated Date: Thu, 23 Jul 2026 05:34 PM (IST)
- 15.8 ਐੱਮਐੱਮ ਬਾਰਿਸ਼ ਨਾਲ ਸੜਕਾਂ ਤੇ ਗਲੀਆਂ ’ਚ ਗੋਡਿਆਂ-ਗੋਡਿਆਂ ਤੱਕ ਭਰਿਆ ਪਾਣੀ, ਨਿਕਾਸੀ ਦੀ ਵੱਡੀ ਸਮੱਸਿਆ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਮੌਨਸੂਨ ਦੀ ਪਹਿਲੀ ਤੇਜ਼ ਬਾਰਿਸ਼ ਨੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਅਸਲ ਹਕੀਕਤ ਸਾਹਮਣੇ ਲਿਆ ਕੇ ਰੱਖ ਦਿੱਤੀ। ਵੀਰਵਾਰ ਨੂੰ ਹੋਈ 15.8 ਐੱਮਐੱਮ ਵਰਖਾ ਤੋਂ ਬਾਅਦ ਪੂਰਾ ਸ਼ਹਿਰ ਜਲਥਲ ਹੋ ਗਿਆ। ਨਾਲਿਆਂ ਦੀ ਸਫ਼ਾਈ ਨਾ ਹੋਣ, ਸੜਕਾਂ ਦੀ ਪੁਟਾਈ ਅਤੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਚਲਦਿਆਂ ਆਮ ਲੋਕਾਂ ਨੂੰ ਗੋਡਿਆਂ-ਗੋਡਿਆਂ ਤੱਕ ਪਾਣੀ ਅਤੇ ਬਦਬੂ ਨਾਲ ਜੂਝਣਾ ਪਿਆ। ਇਸ ਦੌਰਾਨ ਲਗਭਗ ਦੋ ਘੰਟੇ ਬਿਜਲੀ ਵੀ ਠੱਪ ਰਹੀ। ਸਵੇਰ ਤੋਂ ਹੀ ਬੱਦਲ ਛਾਏ ਹੋਏ ਸਨ ਅਤੇ ਦੁਪਹਿਰ ਤਿੰਨ ਵਜੇ ਵਰਖਾ ਸ਼ੁਰੂ ਹੁੰਦੇ ਹੀ ਸ਼ਹਿਰ ਦੇ ਲਗਭਗ ਸਾਰੇ ਪ੍ਰਮੁੱਖ ਮਾਰਗਾਂ ’ਤੇ ਪਾਣੀ ਭਰ ਗਿਆ। ਸਭ ਤੋਂ ਮਾੜੇ ਹਾਲਾਤ ਬਠਿੰਡਾ ਰੋਡ, ਕੋਟਕਪੂਰਾ ਰੋਡ, ਮਲੋਟ ਰੋਡ, ਅਬੋਹਰ ਰੋਡ, ਜਲਾਲਾਬਾਦ ਰੋਡ, ਗੁਰੂਹਰਸਹਾਏ ਰੋਡ, ਰੇਲਵੇ ਰੋਡ, ਬੈਂਕ ਰੋਡ, ਸਦਰ ਬਾਜ਼ਾਰ, ਸ਼ੇਰ ਸਿੰਘ ਚੌਕ, ਮਸਜਿਦ ਚੌਕ, ਰੈੱਡ ਕਰਾਸ ਭਵਨ ਚੌਂਕ, ਘਾਹ ਮੰਡੀ ਚੌਂਕ ਅਤੇ ਬੂੜਾ ਗੁੱਜਰ ਰੋਡ ਦੇ ਰਹੇ। ਇਨ੍ਹਾਂ ਇਲਾਕਿਆਂ ਅਤੇ ਅੰਦਰੂਨੀ ਗਲੀਆਂ ’ਚ ਗੋਡਿਆਂ-ਗੋਡਿਆਂ ਤੱਕ ਪਾਣੀ ਜਮ੍ਹਾਂ ਹੋ ਗਿਆ। ਰਾਹਗੀਰਾਂ, ਬੱਚਿਆਂ, ਬਜ਼ੁਰਗਾਂ ਅਤੇ ਦੁਕਾਨਦਾਰਾਂ ਨੂੰ ਆਉਣ-ਜਾਣ ’ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ਤੇ ਦੋਪਹੀਆ ਵਾਹਨ ਬੰਦ ਹੋ ਗਏ ਅਤੇ ਆਟੋ-ਰਿਕਸ਼ਾ ਚਾਲਕਾਂ ਨੇ ਸਵਾਰੀਆਂ ਲਿਜਾਣ ਤੋਂ ਮਨ੍ਹਾ ਕਰ ਦਿੱਤਾ। ਅੰਮ੍ਰਿਤ 2.0 ਦੀ ਪੁਟਾਈ ਬਣੀ ਮੁਸੀਬਤ : ਸ਼ਹਿਰ ’ਚ 138 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੀ ‘ਅੰਮ੍ਰਿਤ 2.0’ ਯੋਜਨਾ ਤਹਿਤ ਸੀਵਰ ਅਤੇ ਵਾਟਰ ਸਪਲਾਈ ਲਾਈਨ ਵਿਛਾਉਣ ਦਾ ਕੰਮ ਜਾਰੀ ਹੈ। ਨਗਰ ਕੌਂਸਲ ਨੇ ਸ਼ਹਿਰ ਨੂੰ ਕਈ ਥਾਵਾਂ ਤੋਂ ਪੁੱਟ ਦਿੱਤਾ ਹੈ। ਕੋਟਕਪੂਰਾ ਰੋਡ, ਮਲੋਟ ਰੋਡ ਅਤੇ ਸ੍ਰੀ ਦਰਬਾਰ ਸਾਹਿਬ ਦੇ ਛੇ ਨਾਕਿਆਂ ਸਮੇਤ ਦਰਜਨਾਂ ਗਲੀਆਂ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ। ਵਰਖਾ ਦਾ ਪਾਣੀ ਇਨ੍ਹਾਂ ਹੀ ਟੋਇਆਂ ’ਚ ਭਰ ਗਿਆ ਅਤੇ ਚਾਰੇ ਪਾਸੇ ਦਲਦਲ ਬਣ ਗਈ। ਨਾਕਾ ਨੰਬਰ ਛੇ ਦੀ ਹਾਲਤ ਸਭ ਤੋਂ ਖ਼ਰਾਬ ਹੈ, ਜਿੱਥੋਂ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰੋਜੈਕਟ ਦੇ ਨਾਂ ’ਤੇ ਪਹਿਲਾਂ ਹੀ ਸੜਕਾਂ ਤੋੜੀਆਂ ਗਈਆਂ ਸਨ, ਹੁਣ ਵਰਖਾ ਨੇ ਬਚੀ-ਖੁਚੀ ਆਵਾਜਾਈ ਵੀ ਬੰਦ ਕਰ ਦਿੱਤੀ ਹੈ। ਕੂੜੇ ਤੇ ਬਦਬੂ ਨੇ ਵਧਾਈ ਮੁਸੀਬਤ : ਸਮੱਸਿਆ ਸਿਰਫ਼ ਪਾਣੀ ਤੱਕ ਹੀ ਸੀਮਤ ਨਹੀਂ ਰਹੀ। ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ’ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਸਨ। ਵਰਖਾ ਦੇ ਪਾਣੀ ਨਾਲ ਇਹ ਕੂੜਾ ਬਹਿ ਕੇ ਸੜਕਾਂ ਤੇ ਫੈਲ ਗਿਆ, ਜਿਸ ਨਾਲ ਬਦਬੂ ਅਤੇ ਬੀਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ ਹੈ। ਅਧਿਕਾਰੀਆਂ ਦੇ ਦਾਅਵੇ ਫ਼ੇਲ੍ਹ : ਬਾਰਿਸ਼ ਤੋਂ ਪਹਿਲਾਂ ਸੀਵਰੇਜ ਅਤੇ ਡ੍ਰੇਨੇਜ ਵਿਭਾਗ ਦੇ ਅਧਿਕਾਰੀ ਲਗਾਤਾਰ ਦਾਅਵੇ ਕਰ ਰਹੇ ਸਨ ਕਿ ਸਾਰੇ ਨਿਕਾਸੀ ਨਾਲਿਆਂ ਅਤੇ ਡ੍ਰੇਨਾਂ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ। ‘ਪੰਜਾਬੀ ਜਾਗਰਣ’ ਨੇ ਵੀ ਵਾਰ-ਵਾਰ ਇਸ ਲਾਪਰਵਾਹੀ ਬਾਰੇ ਆਗਾਹ ਕੀਤਾ ਸੀ, ਪਰ ਅਧਿਕਾਰੀਆਂ ਦਾ ਜਵਾਬ ਸਿਰਫ਼ ਕੰਮ ਚੱਲ ਰਹਾ ਹੈ ਤੱਕ ਹੀ ਸੀਮਤ ਰਿਹਾ। ਪਹਿਲੀ ਹੀ ਤੇਜ਼ ਵਰਖਾ ਨੇ ਉਨ੍ਹਾਂ ਦੇ ਸਾਰੇ ਦਾਅਵਿਆਂ ਨੂੰ ਪਾਣੀ ’ਚ ਰੋੜ੍ਹ ਦਿੱਤਾ। ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ 15.8 ਐੱਮਐੱਮ ਵਰਖਾ ’ਚ ਹੀ ਸ਼ਹਿਰ ਦਾ ਇਹ ਹਾਲ ਹੈ, ਤਾਂ ਮਾਨਸੂਨ ਦੌਰਾਨ ਹੋਣ ਵਾਲੀ ਭਾਰੀ ਵਰਖਾ ’ਚ ਮੁਕਤਸਰ ਵਾਸੀਆਂ ਦਾ ਕੀ ਬਣੇਗਾ? ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਪੁਟਾਈ ਵਾਲੇ ਇਲਾਕਿਆਂ ’ਚ ਤੁਰੰਤ ਮਿੱਟੀ ਪਾ ਕੇ ਪੱਧਰਾ ਕੀਤਾ ਜਾਵੇ, ਨਾਲਿਆਂ ਦੀ ਸਫ਼ਾਈ ਯੁੱਧ ਪੱਧਰ ਤੇ ਕਰਵਾਈ ਜਾਵੇ ਅਤੇ ਹੜਤਾਲ ਦਾ ਹੱਲ ਕੱਢ ਕੇ ਸ਼ਹਿਰ ’ਚੋਂ ਕੂੜਾ ਚੁੱਕਵਾਇਆ ਜਾਵੇ।