
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ ਵਿਰੁੱਧ 1 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਇਜ਼ ਕੰਟਰੈਕਟ ਵਰਕਰਜ਼ ਅਤੇ ਲੇਬਰ ਯੂਨੀਅਨ ਵੱਲੋਂ ਪੰਜਾਬ ਵਿਧਾਨ ਸਭਾ ’ਚ ਪਾਸ ਕੀਤੇ ਗਏ ‘ਦੀ ਪੰਜਾਬ ਰਾਜ ਆਊਟਸੋਰਸਡ ਪਰਸੋਨਲ (ਟਰਾਂਸਜੀਸ਼ਨ ਟੂ ਕੰਟਰੈਕਚੁਅਲ ਅਗਰੀਮੈਂਟ) ਬਿਲ-2026’ ’ਚ ਕੀਤੀਆਂ ਗਈਆਂ ਸ਼ਰਤਾਂ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪਹਿਲੀ ਸਤੰਬਰ ਤੋਂ ਪੂਰੇ ਪੰਜਾਬ ’ਚ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਸ੍ਰੀ ਆਨੰਦਪੁਰ ਸਾਹਿਬ ਸਥਿਤ ਰਿਹਾਇਸ਼ ਅੱਗੇ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨਾ ਦਿੱਤਾ ਜਾਵੇਗਾ। ਇਸ ਦੌਰਾਨ ਯੂਨੀਅਨ ਆਗੂਆਂ ਵੱਲੋਂ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਸ੍ਰੀ ਮੁਕਤਸਰ ਸਾਹਿਬ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਸੌਂਪਿਆ ਗਿਆ। ਵਿਧਾਇਕ ਕਾਕਾ ਬਰਾੜ ਦੀ ਗੈਰਮੌਜੂਦਗੀ ’ਚ ਮੰਗ ਪੱਤਰ ਵਿਧਾਇਕ ਦੇ ਨਿੱਜੀ ਸਹਾਇਕ ਵੱਲੋਂ ਲਿਆ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਜਨਰਲ ਸਕੱਤਰ ਪ੍ਰਦੀਪ ਕੁਮਾਰ ਚੀਮਾ ਨੇ ਕਿਹਾ ਕਿ ਮੰਗ ਪੱਤਰ ਅਤੇ ਨੋਟਿਸ ਮੁੱਖ ਮੰਤਰੀ ਪੰਜਾਬ, ਰਾਜਪਾਲ, ਸਥਾਨਕ ਸਰਕਾਰਾਂ ਮੰਤਰੀ, ਡਾਇਰੈਕਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜ ਦਿੱਤੇ ਗਏ ਹਨ। ਜੇਕਰ 31 ਅਗਸਤ ਤੱਕ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 1 ਸਤੰਬਰ ਤੋਂ ਹੋਣ ਵਾਲੀ ਹੜਤਾਲ ਅਤੇ ਧਰਨੇ ਕਾਰਨ ਆਮ ਜਨਤਾ ਨੂੰ ਪਾਣੀ ਅਤੇ ਸੀਵਰੇਜ ਦੀਆਂ ਆਉਣ ਵਾਲੀਆਂ ਸਮੱਸਿਆਵਾਂ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ, ਸੀਵਰੇਜ ਬੋਰਡ ਅਤੇ ਰੂਪਨਗਰ ਪ੍ਰਸ਼ਾਸਨ ਦੀ ਹੋਵੇਗੀ।