ਸੂਬਾ ਸਰਕਾਰ ਪਿੰਡਾਂ ’ਚ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਖੁੱਡੀਆਂ ਕੈਬਨਿਟ ਮੰਤਰੀ ਖੁੱਡੀਆਂ ਨੇ ਪਿੰਡ ਸਹਿਣਾ ਖੇੜਾ ਵਿਖੇ 24.86 ਲੱਖ ਰੁਪਏ ਦੀ ਲਾਗਤ ਨਾਲ ਖੇਡ ਗਰਾਊਂਡ ਦਾ ਕੀਤਾ ਉਦਘਾਟਨ
Publish Date: Fri, 18 Sep 2026 04:15 PM (IST)
Updated Date: Fri, 18 Sep 2026 04:17 PM (IST)
ਬਲਕਰਨ ਜਟਾਣਾ. ਪੰਜਾਬੀ ਜਾਗਰਣ ਮਲੋਟ : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਿੰਡਾਂ ’ਚ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਲਕੇ ਦੇ ਪਿੰਡ ਸਹਿਣਾ ਖੇੜਾ ਵਿਖੇ 24.86 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਖੇਡ ਗਰਾਊਂਡ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਖੁੱਡੀਆਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ’ਚ ਖੇਡ ਗਰਾਊਂਡ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਸਰਕਾਰ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨਾ ਹੈ ਤਾਂ ਜੋ ਉਹ ਨਸ਼ਿਆਂ ਵਰਗੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਣ ਤੇ ਇਸ ਮੌਕੇ ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਖੇਡ ਕਿੱਟਾਂ ਦੀ ਵੀ ਵੰਡ ਕੀਤੀ ਗਈ। ਖੁੱਡੀਆਂ ਨੇ ਕਿਹਾ ਕਿ ਪਿੰਡ ਸਹਿਣਾ ਖੇੜਾ ਵਿਖੇ ਸੜਕਾਂ ਦੇ ਨਿਰਮਾਣ ਲਈ ਪੰਜਾਬ ਸਰਕਾਰ ਵੱਲੋਂ ਲਗਭਗ 2.64 ਕਰੋੜ ਰੁਪਏ ਦੇ ਪ੍ਰੋਜੈਕਟ ਕਾਰਵਾਈ ਅਧੀਨ ਹਨ ਤੇ ਇਨ੍ਹਾਂ ਸੜਕਾਂ ਦੀ ਲੰਬਾਈ 6.18 ਕਿਲੋਮੀਟਰ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ 4.71 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦੀ ਲੰਬਾਈ 4.71 ਕਿਲੋਮੀਟਰ ਹੈ, ਜਿਸ ’ਤੇ 195.42 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਤੇ ਬਾਕੀ ਸੜਕਾਂ ਦਾ ਕੰਮ ਚੱਲ ਰਿਹਾ ਹੈ ਤੇ ਜਲਦੀ ਹੀ ਸੜਕਾਂ ਦੇ ਨਿਰਮਾਣ ਉਪਰੰਤ ਲੋਕਾਂ ਦੇ ਸਪੁਰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਪਿੰਡ ਵਾਸੀਆਂ ਨੂੰ ਆਵਾਜਾਈ ਦੌਰਾਨ ਸੌਖ ਹੋਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਸਹਿਣਾ ਖੇੜਾ ਵਿਖੇ ਧਰਮਸ਼ਾਲਾ ਦੇ ਨਵੀਨੀਕਰਣ ਲਈ 5 ਲੱਖ ਰੁਪਏ, ਵਾਟਰ ਵਰਕਸ ਦੇ ਨਵੀਨੀਕਰਨ ਲਈ 8 ਲੱਖ ਰੁਪਏ, ਪਿੰਡ ’ਚ ਸੀਸੀਟੀਵੀ ਕੈਮਰਿਆਂ ਲਈ 5 ਲੱਖ ਰੁਪਏ, ਨੌਜਵਾਨਾਂ ਲਈ ਜਿੰਮ ਦੇ ਸਮਾਨ ਲਈ 2.90 ਲੱਖ ਰੁਪਏ, ਇੰਟਰਲਾਕ ਗਲੀਆਂ ਲਈ 15 ਲੱਖ ਰੁਪਏ ਤੇ ਛੱਪੜ ਦੀ ਨਿਕਾਸੀ ਲਈ ਪਾਈਪ ਲਾਈਨ ਅਤੇ ਸੋਲਰ ਮੋਟਰ ਲਈ 23 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣੀਆਂ ਗਈਆਂ ਤੇ ਮੌਕੇ ’ਤੇ ਸਬੰਧਿਤ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਚੇਅਰਮੈਨ ਗੁਰਬਾਜ ਬਣਵਾਲਾ, ਚੇਅਰਮੈਨ ਰਸ਼ਪਾਲ ਖੁੱਡੀਆਂ, ਸਰਪੰਚ ਖੁਸ਼ਵੀਰ ਮਾਨ, ਸਾਬਕਾ ਸਰਪੰਚ ਜਸਵਿੰਦਰ ਭਾਗੁ, ਡਾ. ਗੁਰਲਾਲ ਮਾਨ, ਤੇਜਾ ਸਿੰਘ ਭੀਟੀਵਾਲਾ, ਅਰਸ਼ਦੀਪ ਧਾਲੀਵਾਲ, ਬਲਾਕ ਪ੍ਰਧਾਨ ਹਰਕੇਵਲ ਧਾਲੀਵਾਲ, ਬਲਾਕ ਪ੍ਰਧਾਨ ਚੰਨਾ ਮਾਨ, ਸਰਪੰਚ ਪਿੰਦਰ ਸਿੱਧੂ, ਬਲਵੰਤ ਸਿੰਘ ਮਾਨ, ਰਣਧੀਰ ਸਿੰਘ ਮਾਨ, ਹਰਦੀਪ ਮਾਨ, ਲਖਵੀਰ ਸਿੰਘ, ਸੁਖਜਿੰਦਰ ਸਿੰਘ ਮੈਂਬਰ ਪੰਚਾਇਤ, ਨਿਰਮਾਣ ਸਿੰਘ ਮੈਂਬਰ ਪੰਚਾਇਤ, ਸੁਖਮੰਦਰ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਮੈਂਬਰ, ਲਖਵਿੰਦਰ ਮਾਨ, ਵਰਿੰਦਰ ਬਰਾੜ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।