ਪੈਨਸ਼ਨਰਾਂ ’ਚ ਸੰਗਰੂਰ ਰੈਲੀ ਪ੍ਰਤੀ ਭਾਰੀ ਉਤਸ਼ਾਹ : ਕਰਮਜੀਤ ਸ਼ਰਮਾ ਪੈਨਸ਼ਨਰਾਂ ’ਚ ਸੰਗਰੂਰ ਰੈਲੀ ਪ੍ਰਤੀ ਭਾਰੀ ਉਤਸ਼ਾਹ : ਕਰਮਜੀਤ ਸ਼ਰਮਾ
Publish Date: Thu, 08 Oct 2026 04:47 PM (IST)
Updated Date: Fri, 09 Oct 2026 04:05 AM (IST)
- ਵੱਡੀ ਗਿਣਤੀ ’ਚ ਭਾਗ ਲੈਣਗੇ- ਪੰਜਾਬੀ ਜਾਗਰਣ, ਰਿਪੋਰਟਰ ਸ੍ਰੀ ਮੁਕਤਸਰ ਸਾਹਿਬ : ‘ਕੱਲ 10 ਅਕਤੂਬਰ ਸ਼ਨੀਵਾਰ ਨੂੰ ਸੀਐੱਮ ਸਿਟੀ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਸਰਕਾਰ ਵਿਰੋਧੀ ਕੀਤੀ ਜਾਣ ਵਾਲੀ ਮਹਾਂ ਰੈਲੀ ਪ੍ਰਤੀ ਜਿਲ੍ਹੇ ਦੇ ਪੈਨਸ਼ਨਰਾਂ ’ਚ ਭਾਰੀ ਉਤਸ਼ਾਹ ਅਤੇ ਜੋਸ਼ ਪਾਇਆ ਜਾ ਰਿਹਾ ਹੈ। ਇਸ ਰੈਲੀ ’ਚ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਸੇਵਾ ਮੁਕਤ ਕਰਮਚਾਰੀ ਅਤੇ ਫੈਮਲੀ ਪੈਨਸ਼ਨਰ ਭਾਗ ਲੈਣਗੇ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਭਰਵੀਂ ਮਾਸਿਕ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਨੇ ਮੁੱਖ ਰੂਪ ’ਚ ਆਪਣੇ ਪ੍ਰਧਾਨਗੀ ਭਾਸ਼ਣ ’ਚ ਪ੍ਰਗਟ ਕੀਤੇ। ਮੀਟਿੰਗ ਦੌਰਾਨ ਵੱਖ-ਵੱਖ ਮਹਿਕਮਿਆਂ ਦੇ ਪੈਨਸ਼ਨਰ ਆਗੂ ਤੇ ਮੈਂਬਰ ਸ਼ਾਮਲ ਹੋਏ। ਮੀਟਿੰਗ ਦੇ ਸ਼ੁਰੂਆਤ ’ਚ ਅਕਾਲ ਚਲਾਣਾ ਕਰ ਗਏ ਜਗਦੀਸ਼ ਕੌਰ (ਧਰਮ ਪਤਨੀ ਬਸੰਤ ਸਿੰਘ ਰਾਜੂ), ਸਰਬਜੀਤ ਸਿੰਘ ਦਰਦੀ, ਅਤੇ ਪ੍ਰੋ : ਕੁਲਵੰਤ ਸਿੰਘ ਬਰਾੜ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਰੋਡਵੇਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਚੌਂਤਰਾ, ਚੌ. ਬਲਬੀਰ ਸਿੰਘ, ਹਰਦੇਵ ਸਿੰਘ, ਜਸਵੰਤ ਸਿੰਘ ਬਰਾੜ ਆਦਿ ਸਮੇਤ ਸਮੂਹ ਬੁਲਾਰਿਆਂ ਨੇ ਮੌਜੂਦਾ ਪੰਜਾਬ ਸਰਕਾਰ ਦੀ ਪੈਨਸ਼ਨਰ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਪੁਰਜੋਰ ਸ਼ਬਦਾਂ ’ਚ ਅਲੋਚਨਾ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਉਕਤ ਵਰਗ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਸਰਕਾਰ ਨੂੰ ਸਬਕ ਸਿਖਾਉਣ ਲਈ ਪੱਬਾਂ ਬਾਰ ਹੋਈ ਬੈਠੀ ਹੈ। ਮੀਟਿੰਗ ਦੌਰਾਨ ਸਟੇਜ ਸੰਚਾਲਨ ਦੀ ਕਾਰਵਾਈ ਐਸੋਸੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਨੇ ਬਾਖੂਬੀ ਨਿਭਾਈ। ਮੀਟਿੰਗ ਦੌਰਾਨ ਇਸ ਮਹੀਨੇ ਆਪਣਾ ਜਨਮ ਦਿਨ ਮਨਾਉਣ ਵਾਲੇ ਸੰਸਥਾ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਹਾਰ ਪਾ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦੇ ਹੋਏ ਐਸੋਸੀਏਸ਼ਨ ਦੇ ਜਿਲ੍ਹਾ ਪ੍ਰੈਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਅੱਜ ਦੀ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਨਵੇਂ ਮੈਂਬਰ ਬਣੇ ਅਤੇ ਸਮੁੱਚੇ ਹਾਊਸ ਵੱਲੋਂ ਉਨ੍ਹਾਂ ਨੂੰ ਜੀ ਆਇਆ ਕਿਹਾ ਗਿਆ। ਮੀਟਿੰਗ ਦੇ ਅੰਤ ’ਚ ਪ੍ਰਧਾਨ ਸ੍ਰੀ ਸ਼ਰਮਾ ਨੇ ਕਿਹਾ ਕਿ ਝੂਠੇ ਲਾਰੇ ਅਤੇ ਵਾਅਦਿਆਂ ਦੇ ਸਿਰ ’ਤੇ ਮੌਜੂਦਾ ਸਰਕਾਰ ਨੇ ਸੱਤਾ ਹਾਸਲ ਕੀਤੀ ਸੀ, ਪਰੰਤੂ ਕਈ ਸਾਲਾਂ ਦਾ ਡੀਏ ਨਾ ਦੇ ਕੇ, ਅਦਾਲਤੀ ਫੈਸਲੇ ਲਾਗੂ ਨਾ ਕਰਕੇ ਅਤੇ ਹੋਰ ਪੈਨਸ਼ਨਰ ਵਿਰੋਧੀ ਨੀਤੀਆਂ ਅਪਣਾ ਕੇ ‘ਆਪ’ ਸਰਕਾਰ ਨੇ ਪੈਨਸ਼ਨਰਾਂ/ਮੁਲਾਜ਼ਮਾਂ ਅਤੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਗਰੂਰ ਦੀ ਮਹਾਂ ਰੈਲੀ ਇਕ ਇਤਿਹਾਸਕ ਰੈਲੀ ਹੋਵੇਗੀ ਜੋ ਮੌਜੂਦਾ ਸਰਕਾਰ ਦੇ ਪਤਨ ਦਾ ਰਸਤਾ ਤਿਆਰ ਕਰੇਗੀ। ਅੱਜ ਦੀ ਮੀਟਿੰਗ ਦੌਰਾਨ ਵੱਡੀ ਗਿਣਤੀ ’ਚ ਸੇਵਾ ਮੁਕਤ ਕਰਮਚਾਰੀ ਅਤੇ ਫੈਮਲੀ ਪੈਨਸ਼ਨਰ ਮੌਜੂਦ ਸਨ।