ਗੜੇਮਾਰੀ ਦਾ ਤਰੁੰਤ ਮੁਆਵਜ਼ਾ ਦਿੱਤਾ ਜਾਵੇ : ਹਰਗੋਬਿੰਦ ਕੌਰ
ਗੜੇਮਾਰੀ ਨਾਲ ਤਬਾਹ ਹੋਈਆਂ ਫਸਲਾਂ ਦਾ ਤੁਰੰਤ ਤੇ ਪੂਰਾ ਮੁਆਵਜ਼ਾ ਦਿੱਤਾ ਜਾਵੇ : ਹਰਗੋਬਿੰਦ ਕੌਰ
Publish Date: Fri, 03 Apr 2026 04:35 PM (IST)
Updated Date: Fri, 03 Apr 2026 04:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਹਲਕੇ ਦੇ ਵੱਖ-ਵੱਖ ਪਿੰਡਾਂ ਬੋਦੀਵਾਲਾ, ਆਲਮਵਾਲਾ, ਰਾਣੀਵਾਲਾ, ਅਸਪਾਲਾ, ਸਰਾਵਾਂ ਬੋਦਲਾਂ, ਕੱਟਿਆਵਾਲੀ, ਕਬਰਵਾਲਾ ਆਦਿ ’ਚ ਹੋਈ ਗੜੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਵਾਸਤੇ ਅਤੇ ਕਿਸਾਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬਾ ਹਰਗੋਬਿੰਦ ਕੌਰ ਪਿੰਡਾਂ ’ਚ ਪਹੁੰਚੇ। ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀਆਂ 70 ਤੋਂ ਲੈ ਕੇ 100 ਪ੍ਰਤੀਸ਼ਤ ਤੱਕ ਫਸਲਾਂ ਨਸ਼ਟ ਹੋ ਗਈਆਂ ਹਨ। ਪਸ਼ੂਆਂ ਲਈ ਹਰਾ ਚਾਰਾ ਤੱਕ ਵੀ ਨਹੀਂ ਬਚਿਆ। ਪਹਿਲਾਂ ਵੀ ਇਨ੍ਹਾਂ ਪਿੰਡਾਂ ’ਚ 2022 ’ਚ ਨਰਮੇ ਦੀ ਫਸਲ ਮਾਰੀ ਗਈ ਅਤੇ ਝੋਨੇ ਦੀ ਫਸਲ ਵੀ ਬਰਬਾਦ ਹੋ ਗਈ ਸੀ। ਉਦੋਂ ਵੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਪ੍ਰਧਾਨ ਹਰਗੋਬਿੰਦ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਰਾਬ ਹੋਈਆਂ ਫਸਲਾਂ ਦਾ ਤੁਰੰਤ ਪੂਰਾ ਮੁਆਵਜ਼ਾ ਦਿੱਤਾ ਜਾਵੇ, 2022 ਦੀਆਂ ਫਸਲਾਂ ਦਾ ਰਹਿੰਦਾ ਖ਼ਰਾਬਾ ਵੀ ਦਿੱਤਾ ਜਾਵੇ। ਸਾਉਣੀ ਦੀ ਫ਼ਸਲ ਲਈ ਡੀਏਪੀ ਤੇ ਯੂਰੀਆ ਪਹਿਲ ਦੇ ਅਧਾਰ ’ਤੇ ਮੁਹੱਈਆ ਕਰਾਈ ਜਾਵੇ, ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੇ ਸੁਸਾਇਟੀ ਅਤੇ ਬੈਂਕਾਂ ਦੇ ਕਰਜੇ ਮਾਫ ਕਰੇ।