ਮਨ ’ਚ ਜੇਕਰ ਕੁਝ ਵਸਾਉਣ ਲਾਇਕ ਹੈ ਤਾਂ ਉਹ ਹੈ ਧਰਮ : ਸਦਗੁਰੂ ਸੱਚਿਦਾਨੰਦ ਮਨ ’ਚ ਜੇਕਰ ਕੁਝ ਵਸਾਉਣ ਲਾਇਕ ਹੈ ਤਾਂ ਉਹ ਹੈ ਧਰਮ: ਸਦਗੁਰੂ ਸੱਚਿਦਾਨੰਦ
Publish Date: Thu, 16 Jul 2026 04:45 PM (IST)
Updated Date: Thu, 16 Jul 2026 04:46 PM (IST)
- ਸ਼੍ਰੀ ਮੋਹਨ ਜਗਦੀਸ਼ਵਰ ਆਸ਼ਰਮ ’ਚ ਅਧਿਆਤਮਿਕ ਪ੍ਰਵਚਨ ਪ੍ਰੋਗਰਾਮ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼੍ਰੀ ਕਲਿਆਣ ਸੱਚਿਦਾਨੰਦ ਆਸ਼ਰਮ ਸ਼੍ਰੀ ਧਾਮ ਵ੍ਰਿੰਦਾਵਨ ਦੇ ਸਦਗੁਰੂ ਸਵਾਮੀ ਸੱਚਿਦਾਨੰਦ ਨੇ ਕਿਹਾ ਕਿ ਜੇਕਰ ਮਨ ’ਚ ਕੁਝ ਵਸਾਉਣ ਲਾਇਕ ਹੈ, ਤਾਂ ਉਸ ਨੂੰ ਧਰਮ ਕਹਿੰਦੇ ਹਨ। ਧਰਮ ਦੇ ਦਸ ਲੱਛਣ ਹੁੰਦੇ ਹਨ। ਜੇਕਰ ਧਰਮ ਦਾ ਇੱਕ ਲੱਛਣ ਵੀ ਜੀਵਨ ’ਚ ਧਾਰਨ ਕਰ ਲਈਏ ਤਾਂ ਜੀਵਨ ਸੁੰਦਰ ਹੋ ਜਾਵੇਗਾ। ਸ਼੍ਰੀ ਸੱਚਿਦਾਨੰਦ ਜੀ ਮਹਾਰਾਜ ਨੇ ਇਹ ਵਿਚਾਰ ਅਬੋਹਰ ਰੋਡ ਖੱਡੀਆਂਵਾਲੀ ਗਲੀ ਸਥਿਤ ਸ਼੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ’ਚ ਕਰਵਾਏ ਅਧਿਆਤਮਿਕ ਪ੍ਰਵਚਨ ਪ੍ਰੋਗਰਾਮ ਦੇ ਦਸਵੇਂ ਦਿਨ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕਰਦਿਆਂ ਪ੍ਰਗਟ ਕੀਤੇ। ਦੱਸ ਦੇਈਏ ਕਿ ਕਥਾ ਕਰਵਾਉਣ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਮੇਘਰਾਜ ਗਰਗ ਦੋਦਾ ਵਾਲੇ, ਸਮੂਹ ਦੋਦਾ ਪਰਿਵਾਰ ਅਤੇ ਆਸ਼ਰਮ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ। ਜਿਸ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਸ਼ਰਧਾਲੂ ਉਮੜ ਰਹੇ ਹਨ ਅਤੇ ਸਦਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲ ਬਣਾ ਰਹੇ ਹਨ। ਮਹਾਰਾਜ ਜੀ ਨੇ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਕਦੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਕਿ ਉਸਦਾ ਅਪਮਾਨ ਹੋਵੇ, ਜਾਂ ਉਸ ਦੀ ਕੋਈ ਵਸਤੂ ਕੋਈ ਖੋਹ ਕੇ ਲੈ ਜਾਵੇ। ਪਰ ਜੇਕਰ ਅਸੀਂ ਕਿਸੇ ਨਾਲ ਅਜਿਹਾ ਕਰਾਂਗੇ ਤਾਂ ਉਸ ਨੂੰ ਕਿਵੇਂ ਚੰਗਾ ਲੱਗੇਗਾ। ਇਸ ਲਈ ਕਿਸੇ ਨਾਲ ਮਾੜਾ ਵਿਵਹਾਰ ਨਾ ਕਰੋ। ਕੌੜਾ ਵਿਵਹਾਰ ਨਾ ਕਰੋ ਅਤੇ ਕਿਸੇ ਦਾ ਕੋਈ ਅਧਿਕਾਰ ਨਾ ਖੋਹੋ। ਜੇਕਰ ਚਾਹੁੰਦੇ ਹੋ ਕਿ ਸਾਰੇ ਤੁਹਾਨੂੰ ਪਿਆਰ ਕਰਨ ਤਾਂ ਖੁਦ ਵੀ ਦੂਜਿਆਂ ਨੂੰ ਪਿਆਰ ਕਰੋ। ਖੁਦ ਵੀ ਸਾਰਿਆਂ ਨੂੰ ਪਿਆਰ ਕਰਨ ਦਾ ਸੰਕਲਪ ਲੈਣਾ ਪਵੇਗਾ। ਇਸ ਦੁਨੀਆ ਵਿੱਚ ਸਾਰੇ ਆਪਣੇ ਹਨ, ਪਰ ਅੱਜ ਸਮਾਜ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰਿਆਂ ਵਿੱਚ ਧਰਮ ਦੀ ਆੜ ਵਿੱਚ ਕੁਝ ਲੋਕ ਜ਼ਹਿਰ ਘੋਲਣ ਦਾ ਕੰਮ ਕਰ ਰਹੇ ਹਨ। ਧਰਮ ਦੀ ਪਰਿਭਾਸ਼ਾ ਕੋਈ ਨਹੀਂ ਸਮਝ ਰਿਹਾ ਹੈ। ਜਿਸ ਕਾਰਨ ਅਗਿਆਨਤਾ ਵੱਸ ਅਜਿਹਾ ਜ਼ਹਿਰ ਘੋਲਿਆ ਜਾ ਰਿਹਾ ਹੈ। ਜੇਕਰ ਮਨੁੱਖ ਧਰਮ ਦੀ ਪਰਿਭਾਸ਼ਾ ਨੂੰ ਸਮਝ ਕੇ ਜੀਵਨ ਵਿੱਚ ਉਤਾਰ ਲੈਂਦਾ ਤਾਂ ਅੱਜ ਜੋ ਬਵਾਲ ਹੋ ਰਿਹਾ ਹੈ ਉਹ ਨਾ ਹੁੰਦਾ। ਸਵਾਮੀ ਜੀ ਨੇ ਕਿਹਾ ਕਿ ਆਤਮਾ ਨੂੰ ਜੋ ਵਿਵਹਾਰ ਚੰਗਾ ਲੱਗਦਾ ਹੈ ਉਹ ਵਿਵਹਾਰ ਹੀ ਦੂਜਿਆਂ ਨਾਲ ਕਰੋ। ਜੋ ਖੁਦ ਨੂੰ ਚੰਗਾ ਨਹੀਂ ਲੱਗ ਰਿਹਾ ਅਜਿਹਾ ਦੂਜਿਆਂ ਨਾਲ ਕਦੇ ਨਾ ਕਰੋ। ਕਦੇ ਕਿਸੇ ਨੂੰ ਮਾੜੇ ਬੋਲ ਨਾ ਬੋਲੋ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ ਜਿਨ੍ਹਾਂ ਨੇ ਸਵਾਮੀ ਸ੍ਰੀ ਸੱਚਿਦਾਨੰਦ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਜੀਵਨ ਸਫ਼ਲ ਬਣਾਇਆ। ਆਸ਼ਰਮ ਦਾ ਵਿਹੜਾ ਸਦਗੁਰੂ ਦੇਵ ਮਹਾਰਾਜ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।