ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤੀ ਨੇ ਕੀਤਾ ਪਤਨੀ ਦਾ ਕਤਲ, ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ; ਮੁਲਜ਼ਮ ਫਰਾਰ
ਬਿਆਨ ਅਨੁਸਾਰ ਨੀਲਾ ਸਿੰਘ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਅਤੇ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਅਕਸਰ ਝਗੜਾ ਹੁੰਦਾ ਸੀ। ਕਰੀਬ ਚਾਰ-ਪੰਜ ਦਿਨ ਪਹਿਲਾਂ ਵੀ ਦੋਵਾਂ ਵਿਚ ਝਗੜਾ ਹੋਇਆ ਅਤੇ ਨੀਲਾ ਸਿੰਘ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
Publish Date: Mon, 05 Oct 2026 10:07 AM (IST)
Updated Date: Mon, 05 Oct 2026 10:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ , ਦੋਦਾ। ਪਿੰਡ ਖਿੜਕੀਆਂਵਾਲਾ ’ਚ ਪਤੀ ਵੱਲੋਂ ਆਪਣੀ ਪਤਨੀ ਦਾ ਕਥਿਤ ਤੌਰ ’ਤੇ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਗੁਰਸ਼ਵਿੰਦਰ ਕੌਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਉਸ ਦਾ ਪਤੀ ਨੀਲਾ ਸਿੰਘ ਪੁੱਤਰ ਨਛੱਤਰ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਕੋਟਭਾਈ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਿੰਡ ਖਿੜਕੀਆਂਵਾਲਾ ਦੇ ਸਰਪੰਚ ਤਰਸੇਮ ਸਿੰਘ ਪੁੱਤਰ ਬੂਟਾ ਸਿੰਘ ਨੇ ਦੱਸਿਆ ਕਿ ਨੀਲਾ ਸਿੰਘ ਦਾ ਵਿਆਹ ਕਰੀਬ 16 ਸਾਲ ਪਹਿਲਾਂ ਗੁਰਸ਼ਵਿੰਦਰ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਪਿੰਡ ਨਾਨਕਸਰ ਬਸਤੀ, ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ ਨਾਲ ਹੋਇਆ ਸੀ। ਦੋਵਾਂ ਦੇ ਇੱਕ ਲੜਕਾ ਅਤੇ ਇੱਕ ਲੜਕੀ ਹਨ।
ਬਿਆਨ ਅਨੁਸਾਰ ਨੀਲਾ ਸਿੰਘ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਅਤੇ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਅਕਸਰ ਝਗੜਾ ਹੁੰਦਾ ਸੀ। ਕਰੀਬ ਚਾਰ-ਪੰਜ ਦਿਨ ਪਹਿਲਾਂ ਵੀ ਦੋਵਾਂ ਵਿਚ ਝਗੜਾ ਹੋਇਆ ਅਤੇ ਨੀਲਾ ਸਿੰਘ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸ ਤੋਂ ਬਾਅਦ ਗੁਰਸ਼ਵਿੰਦਰ ਕੌਰ ਡਰ ਦੇ ਮਾਰੇ ਆਪਣੇ ਪੇਕੇ ਪਰਿਵਾਰ ਕੋਲ ਚਲੀ ਗਈ ਸੀ। 4 ਅਕਤੂਬਰ 2026 ਨੂੰ ਨੀਲਾ ਸਿੰਘ ਦੇ ਪਿਤਾ ਨਛੱਤਰ ਸਿੰਘ ਦੇ ਘਰ ਤੋਂ ਬਾਹਰ ਜਾਣ ਤੋਂ ਬਾਅਦ ਨੀਲਾ ਸਿੰਘ ਆਪਣੀ ਮਾਤਾ ਅਤੇ ਦੋਵੇਂ ਬੱਚਿਆਂ ਨੂੰ ਰਿਸ਼ਤੇਦਾਰਾਂ ਕੋਲ ਛੱਡ ਕੇ ਕਥਿਤ ਤੌਰ ’ਤੇ ਆਪਣੀ ਪਤਨੀ ਨੂੰ ਉਸ ਦੇ ਪੇਕੇ ਘਰ ਤੋਂ ਆਪਣੇ ਨਾਲ ਲੈ ਆਇਆ। ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਉਹ ਗੁਰਸ਼ਵਿੰਦਰ ਕੌਰ ਨੂੰ ਮੋਟਰਸਾਈਕਲ ’ਤੇ ਪਿੰਡ ਖਿੜਕੀਆਂਵਾਲਾ ਸਥਿਤ ਆਪਣੇ ਘਰ ਲੈ ਕੇ ਆਇਆ।
ਬਿਆਨ ’ਚ ਦੋਸ਼ ਲਗਾਇਆ ਗਿਆ ਹੈ ਕਿ ਬਾਅਦ ਦੁਪਹਿਰ ਨੀਲਾ ਸਿੰਘ ਨੇ ਗੁਰਸ਼ਵਿੰਦਰ ਕੌਰ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਦਾ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਐੱਸਐੱਚਓ ਕੋਟਭਾਈ ਦਾ ਕਹਿਣਾ ਸੀ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।