ਰੇਲਵੇ ਫਾਟਕਾਂ 'ਤੇ ਅੰਡਰਬ੍ਰਿਜ ਦੀ ਉਮੀਦ ਜਾਗੀ, ਰੇਲਵੇ ਨੇ ਮੰਗੀ ਐੱਨਓਸੀ ਰੇਲਵੇ ਫਾਟਕਾਂ 'ਤੇ ਅੰਡਰਬ੍ਰਿਜ ਦੀ ਉਮੀਦ ਜਾਗੀ, ਰੇਲਵੇ ਨੇ ਮੰਗੀ ਐਨਓਸੀ
Publish Date: Fri, 24 Jul 2026 07:06 PM (IST)
Updated Date: Fri, 24 Jul 2026 07:07 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੇ ਬੂੜਾ ਗੁੱਜਰ ਰੋਡ ਫਾਟਕ ’ਤੇ ਰੋਜ਼ਾਨਾ ਲੱਗਣ ਵਾਲੇ ਲੰਬੇ ਜਾਮ ਤੋਂ ਲੋਕਾਂ ਨੂੰ ਜਲਦ ਰਾਹਤ ਮਿਲ ਸਕਦੀ ਹੈ। ਰੇਲਵੇ ਨੇ ਬੂੜਾ ਗੁੱਜਰ ਰੋਡ ਅਤੇ ਕਰੀਬ ਸੱਤ ਸਾਲਾਂ ਤੋਂ ਬੰਦ ਪਏ ਜਲਾਲਾਬਾਦ ਰੋਡ ਰੇਲਵੇ ਫਾਟਕ ਬੀ1-30 ’ਤੇ ਰੋਡ ਅੰਡਰਬ੍ਰਿਜ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੌਕੇ ਦੀ ਨਿਰੀਖਣ ਰਿਪੋਰਟ ਤੇ ਐਨਓਸੀ ਮੰਗੀ ਹੈ। ਪ੍ਰਸ਼ਾਸਨ ਤੋਂ ਨਿਰੀਖਣ ਰਿਪੋਰਟ ਅਤੇ ਐੱਨਓਸੀ ਇਸ ਦੇ ਲਈ ਰੇਲਵੇ ਨੇ ਡੀਸੀ ਨੂੰ ਦੋ ਪੱਤਰ ਭੇਜੇ ਹਨ। ਇਨ੍ਹਾਂ ’ਚ ਸੀਨੀਅਰ ਸੈਕਸ਼ਨ ਇੰਜੀਨੀਅਰ ਕੋਟਕਪੂਰਾ ਨਾਲ ਮਿਲ ਕੇ ਬੂੜਾ ਗੁੱਜਰ ਰੋਡ ਫਾਟਕ ਏ-29 ਅਤੇ ਜਲਾਲਾਬਾਦ ਰੋਡ ਫਾਟਕ ਬੀ1-30 ਦਾ ਸਾਂਝਾ ਨਿਰੀਖਣ ਕਰਕੇ ਰਿਪੋਰਟ ਤਿਆਰ ਕਰਨ ਅਤੇ ਐਨਓਸੀ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਹੈ। ਜ਼ਿਲ੍ਹਾ ਨੈਸ਼ਨਲ ਕੰਜ਼ਿਊਮਰ ਅਵੇਅਰਨੈੱਸ ਗਰੁੱਪ ਲੰਬੇ ਸਮੇਂ ਤੋਂ ਦੋਵਾਂ ਫਾਟਕਾਂ ਤੇ ਅੰਡਰਬ੍ਰਿਜ ਦੀ ਮੰਗ ਕਰਦਾ ਆ ਰਿਹਾ ਹੈ। ਗਰੁੱਪ ਦੇ ਪ੍ਰਧਾਨ ਗਗਨਦੀਪ ਗੋਇਲ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ ਅਤੇ ਕ੍ਰਿਸ਼ਨ ਦੂਮੜਾ ਨੇ ਰੇਲਵੇ ਦੇ ਦੋਵੇਂ ਪੱਤਰ ਜਨਤਕ ਕਰਦੇ ਹੋਏ ਉਮੀਦ ਜਤਾਈ ਕਿ ਪ੍ਰਸ਼ਾਸਨ ਜਲਦ ਐਨਓਸੀ ਦੇਵੇਗਾ, ਤਾਂ ਜੋ ਨਿਰਮਾਣ ਸ਼ੁਰੂ ਹੋ ਸਕੇ। ਪੰਜਾਬੀ ਜਾਗਰਣ ਨੇ ਵੀ ਲਗਾਤਾਰ ਇਸ ਮੁੱਦੇ ਨੂੰ ਚੁੱਕਿਆ ਹੈ। ਸਾਲਾਂ ਪੁਰਾਣੀ ਮੰਗ, ਮੰਤਰੀ ਨੇ ਕੀਤਾ ਸੀ ਵਾਅਦਾ ਮਾਘੀ ਮੇਲੇ ਦੌਰਾਨ ਸਿਆਸੀ ਕਾਨਫਰੰਸ ਵਿੱਚ ਪਹੁੰਚੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੰਡਰਬ੍ਰਿਜ ਬਣਾਉਣ ਦਾ ਵਾਅਦਾ ਕੀਤਾ ਸੀ। ਇਸਤੋਂ ਬਾਅਦ ਉਨ੍ਹਾਂ ਨੇ ਦੋਵਾਂ ਫਾਟਕਾਂ ਦਾ ਦੌਰਾ ਕਰਕੇ ਲਗਾਤਾਰ ਲੱਗਣ ਵਾਲੇ ਜਾਮ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ। 2020 ’ਚ ਮਿਲੀ ਸੀ ਮਨਜ਼ੂਰੀ, ਪਰ ਅਟਕਿਆ ਸੀ ਪ੍ਰੋਜੈਕਟ ਬੂੜਾ ਗੁੱਜਰ ਰੋਡ ਫਾਟਕ ਦੇ ਪਾਰ ਪੰਜ ਸਕੂਲ ਹਨ, ਜਿਨ੍ਹਾਂ ’ਚ ਕਰੀਬ 7,000 ਵਿਦਿਆਰਥੀ ਪੜ੍ਹਦੇ ਹਨ। ਆਬਾਦੀ ਅਤੇ ਕਾਰੋਬਾਰ ਵੀ ਜ਼ਿਆਦਾ ਹੈ। ਲੋਕਾਂ ਦੀ ਮੰਗ ਤੇ ਫਿਰੋਜ਼ਪੁਰ ਰੇਲ ਮੰਡਲ ਨੇ ਜੂਨ 2020 ’ਚ ਅੰਡਰਬ੍ਰਿਜ ਅਤੇ ਫੰਡਿੰਗ ਨੂੰ ਮਨਜ਼ੂਰੀ ਦਿੱਤੀ ਸੀ। ਡੀਸੀ ਤੋਂ ਪ੍ਰਪੋਜ਼ਲ, ਨਾਜਾਇਜ਼ ਕਬਜ਼ੇ ਹਟਾਉਣ ਅਤੇ ਅਸਥਾਈ ਸੀਵਰੇਜ ਪੰਪ ਸ਼ਿਫਟ ਕਰਨ ਲਈ ਕਿਹਾ ਗਿਆ ਸੀ। ਮਾਲ ਵਿਭਾਗ ਨੂੰ ਨਿਸ਼ਾਨਦੇਹੀ, ਨਗਰ ਕੌਂਸਲ ਨੂੰ ਕਬਜ਼ੇ ਹਟਾਉਣ ਅਤੇ ਵਾਟਰ ਸਪਲਾਈ ਵਿਭਾਗ ਨੂੰ ਡੀਏਵੀ ਸਕੂਲ ਕੋਲੋਂ ਪੰਪ ਸ਼ਿਫਟ ਕਰਨ ਦੇ ਹੁਕਮ ਹੋਏ, ਪਰ ਪੈਸਾ ਜਮ੍ਹਾਂ ਨਾ ਹੋਣ ਅਤੇ ਨਿਸ਼ਾਨਦੇਹੀ ’ਚ ਦੇਰੀ ਕਾਰਨ ਕੰਮ ਅੱਗੇ ਨਹੀਂ ਵਧਿਆ। 2023 ’ਚ ਤਤਕਾਲੀ ਡੀਸੀ ਵਿਨੀਤ ਕੁਮਾਰ ਨੇ ਦੁਬਾਰਾ ਨਿਸ਼ਾਨਦੇਹੀ ਕਰਵਾਈ, ਪਰ ਉਨ੍ਹਾਂ ਦੀ ਬਦਲੀ ਤੋਂ ਬਾਅਦ ਪ੍ਰੋਜੈਕਟ ਫਿਰ ਰੁਕ ਗਿਆ। ਦੁਕਾਨਦਾਰਾਂ ਨੇ ਫਾਟਕ ਖੋਲ੍ਹਣ ਦੀ ਰੱਖੀ ਮੰਗ ਡੀਆਰਐਮ ਫਿਰੋਜ਼ਪੁਰ ਨੂੰ ਸਥਾਨਕ ਦੁਕਾਨਦਾਰ ਅੰਕੁਸ਼ ਤੇਰੀਆ, ਸੁਰਿੰਦਰ ਦਾਬੜਾ, ਅਜੇ ਲੂਨਾ, ਗੁਰਮੀਤ, ਵਿੱਕੀ ਸੇਤੀਆ, ਮਹੇਸ਼ ਕੁਮਾਰ, ਕ੍ਰਿਸ਼ਨ ਲਾਲ, ਡਿੰਪਲ ਅਤੇ ਹੋਰਨਾਂ ਨੇ ਪੱਤਰ ਭੇਜ ਕੇ ਜਲਾਲਾਬਾਦ ਰੋਡ ਦੇ ਪੁਰਾਣੇ ਲੈਵਲ ਕਰਾਸਿੰਗ ਬੀ1-30 ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਾਈਟ-ਵੇਟ ਟੂ-ਵੀਲਰ ਬ੍ਰਿਜ ਦੀ ਬਜਾਏ ਕਰਾਸਿੰਗ ਖੁੱਲ੍ਹਣ ਨਾਲ ਸਿੱਧਾ ਰਸਤਾ ਮਿਲੇਗਾ, ਸਮਾਂ ਤੇ ਬਾਲਣ ਬਚੇਗਾ, ਪ੍ਰਭਾਵਿਤ ਬਾਜ਼ਾਰਾਂ ਦਾ ਵਪਾਰ ਸੁਧਰੇਗਾ ਅਤੇ ਸਰਕਾਰੀ ਖਰਚਾ ਵੀ ਬਚੇਗਾ। ਮਾਘੀ ਮੇਲੇ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਰਧਾਲੂਆਂ ਦੀ ਆਵਾਜਾਈ ਵੀ ਆਸਾਨ ਹੋਵੇਗੀ। ਇਹ ਮਾਰਗ ਇਤਿਹਾਸਕ ਮਹੱਤਵ ਦਾ ਵੀ ਹੈ।