ਗੜਿਆਂ ਨਾਲ ਨੁਕਸਾਨੀ ਫ਼ਸਲ ਦਾ ਹਨੀ ਫੱਤਣਵਾਲਾ ਨੇ ਲਿਆ ਜਾਇਜ਼ਾ ਚੱਕਰਵਾਤੀ ਤੂਫ਼ਾਨ ਤੇ ਗੜਿਆਂ ਨਾਲ ਨੁਕਸਾਨੀ ਝੋਨੇ ਦੀ ਫ਼ਸਲ ਦਾ ਹਨੀ ਫੱਤਣਵਾਲਾ ਨੇ ਲਿਆ ਜਾਇਜ਼ਾ
Publish Date: Thu, 22 Oct 2026 04:53 PM (IST)
Updated Date: Fri, 23 Oct 2026 04:01 AM (IST)
-ਪੀੜਤ ਕਿਸਾਨਾਂ ਨੂੰ ਮੁਆਵਜ਼ਾ ਤੇ ਹਾੜ੍ਹੀ ਦੀ ਫ਼ਸਲ ਲਈ ਮੁਫ਼ਤ ਬੀਜ ਦੇਣ ਦੀ ਕੀਤੀ ਮੰਗ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਪਿੰਡ ਖੋਖਰ ਵਿਖੇ ਪਿਛਲੇ ਦਿਨੀਂ ਆਏ ਚੱਕਰਵਾਤੀ ਤੂਫ਼ਾਨ ਅਤੇ ਗੜੇਮਾਰੀ ਕਾਰਨ ਨੁਕਸਾਨੀ ਗਈ ਝੋਨੇ ਦੀ ਫ਼ਸਲ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਕਿਸਾਨ ਬਲਤੇਜ ਸਿੰਘ ਦੀ ਝੋਨੇ ਦੀ ਖਰਾਬ ਹੋਈ ਫ਼ਸਲ ਦਾ ਜਾਇਜਾ ਲੈਂਦਿਆ ਪੰਜਾਬ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਦੀ ਜਲਦ ਗਿਰਦਾਵਰੀ ਕਰਵਾ ਕੇ ਨੁਕਸਾਨ ਦੇ ਅਨੁਸਾਰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸਦੇ ਨਾਲ ਹੀ ਕਿਸਾਨਾਂ ਨੂੰ ਅਗਲੀ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਲਈ ਮੁਫ਼ਤ ਬੀਜ ਮੁਹੱਈਆ ਕਰਵਾਏ ਜਾਣ। ਹਨੀ ਫੱਤਣਵਾਲਾ ਨੇ ਪਿੰਡ ਦੇ ਕਿਸਾਨ ਜਸਵਿੰਦਰ ਸਿੰਘ ਦੇ ਨੁਕਸਾਨ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਕੋਲ 30 ਤੋਂ 40 ਦੇ ਕਰੀਬ ਮੱਝਾਂ-ਗਾਵਾਂ ਹਨ ਤੇ ਪਸ਼ੂਆਂ ਦੀ ਸੰਭਾਲ ਲਈ ਉਸ ਨੇ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਸੀਮੈਂਟ ਦੀਆਂ ਚਾਦਰਾਂ ਵਾਲਾ ਸ਼ੈੱਡ ਬਣਾਇਆ ਸੀ। ਪਰ ਚੱਕਰਵਾਤੀ ਤੂਫ਼ਾਨ ਕਾਰਨ ਇਹ ਸ਼ੈੱਡ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਾਰਨ ਉਸ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਉਨ੍ਹਾਂ ਕਿਹਾ ਕਿ ਕਿਸਾਨ ਜਸਵਿੰਦਰ ਸਿੰਘ ਦਾ ਅੰਦਾਜ਼ਨ 11 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨੁਕਸਾਨ ਦਾ ਜਾਇਜ਼ਾ ਲੈ ਕੇ ਪੀੜਤ ਕਿਸਾਨ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋ ਕੇ ਜੀਵਨ ਤੇ ਪਸ਼ੂ ਪਾਲਣ ਦਾ ਕੰਮ ਸ਼ੁਰੂ ਕਰ ਸਕੇ। ਇਸ ਮੌਕੇ ’ਤੇ ਨਿਰਮਲ ਸਿੰਘ, ਜਸਵਿੰਦਰ ਸਿੰਘ ਕਾਕਾ, ਸੂਬਾ ਸਿੰਘ, ਗੁਰਮੀਤ ਸਿੰਘ, ਜੋਗਿੰਦਰ ਸਿੰਘ ਨੰਬਰਦਾਰ, ਲਖਵੀਰ ਸਿੰਘ, ਸੇਵਕ ਸਿੰਘ, ਜਗਦੀਪ ਸਿੰਘ ਪੱਪੂ ਅਤੇ ਲੱਖਾ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।