ਮੰਡੀ ਬਰੀਵਾਲਾ ’ਚ ਝੋਨੇ ਦੀ ਫ਼ਸਲ ਪਾਣੀ ’ਚ ਡੁੱਬੀ, ਮਰਾੜ੍ਹ ਕਲਾਂ ਦੀ ਬਾਇਓਮਾਸ ਫੈਕਟਰੀ ਤਬਾਹ ਹਨੀ ਫੱਤਣਵਾਲਾ ਨੇ ਮੀਂਹ, ਗੜ੍ਹੇਮਾਰੀ ਤੇ ਝੱਖੜ ਨਾਲ ਨੁਕਸਾਨੀਆਂ ਫ਼ਸਲਾਂ ਦਾ ਲਿਆ ਜਾਇਜ਼ਾ
Publish Date: Sat, 17 Oct 2026 04:48 PM (IST)
Updated Date: Sat, 17 Oct 2026 04:51 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿਛਲੇ ਦਿਨੀਂ ਪਏ ਭਾਰੀ ਮੀਂਹ, ਗੜ੍ਹੇਮਾਰੀ ਅਤੇ ਝੱਖੜ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਮੰਡੀ ਬਰੀਵਾਲਾ ਦੀ ਅਨਾਜ ਮੰਡੀ ’ਚ ਪਾਣੀ ਭਰਨ ਕਾਰਨ ਖ਼ਰਾਬ ਹੋ ਰਹੀ ਝੋਨੇ ਦੀ ਫ਼ਸਲ ’ਤੇ ਚਿੰਤਾ ਪ੍ਰਗਟਾਈ ਅਤੇ ਸਰਕਾਰ ਤੋਂ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ। ਮੰਡੀ ਬਰੀਵਾਲਾ ’ਚ ਕਈ ਥਾਵਾਂ ’ਤੇ ਤਿੰਨ ਫੁੱਟ ਤੱਕ ਪਾਣੀ ਭਰਨ ਕਾਰਨ ਵਿਕਰੀ ਲਈ ਲਿਆਂਦਾ ਝੋਨਾ ਅਤੇ ਬੋਰੀਆਂ ’ਚ ਭਰੀ ਫ਼ਸਲ ਬੁਰੀ ਤਰ੍ਹਾਂ ਭਿੱਜ ਗਈ ਹੈ। ਕਿਸਾਨਾਂ ਅਨੁਸਾਰ ਮੰਡੀ ਦਾ ਫੜ੍ਹ ਨੀਵਾਂ ਹੋਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਹਰ ਸਾਲ ਮੀਂਹ ਪੈਣ ’ਤੇ ਅਜਿਹੀ ਸਥਿਤੀ ਬਣ ਜਾਂਦੀ ਹੈ। ਹਨੀ ਫੱਤਣਵਾਲਾ ਨੇ ਮੰਗ ਕੀਤੀ ਕਿ ਮੰਡੀ ਦੇ ਫੜ੍ਹ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁੱਕਵਾਂ ਡਰੇਨੇਜ ਸਿਸਟਮ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਖ਼ਰਾਬ ਹੋਈਆਂ ਝੋਨੇ ਦੀਆਂ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ ਅਤੇ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਲਈ ਲੋੜੀਂਦਾ ਬੀਜ ਵੀ ਮੁਹੱਈਆ ਕਰਵਾਇਆ ਜਾਵੇ। ਇਸਤੋਂ ਇਲਾਵਾ ਹਨੀ ਫੱਤਣਵਾਲਾ ਨੇ ਦੱਸਿਆ ਕਿ 14 ਅਕਤੂਬਰ ਨੂੰ ਪਿੰਡ ਮਰਾੜ੍ਹ ਕਲਾਂ ’ਚ ਆਏ ਭਾਰੀ ਝੱਖੜ ਅਤੇ ਗੜ੍ਹੇਮਾਰੀ ਨੇ ਨੌਜਵਾਨ ਜਗਮੋਹਨ ਸਿੰਘ ਦੇ ਕਾਰੋਬਾਰ ਨੂੰ ਵੱਡੀ ਸੱਟ ਮਾਰੀ ਹੈ। ਉਨ੍ਹਾਂ ਅਨੁਸਾਰ ਕੈਨੇਡਾ ਵਿੱਚ ਆਪਣੇ ਪਰਿਵਾਰ ਨਾਲ ਨੌਂ ਸਾਲ ਬਿਤਾਉਣ ਤੋਂ ਬਾਅਦ ਪੰਜਾਬ ’ਚ ਕਾਰੋਬਾਰ ਸਥਾਪਤ ਕਰਨ ਦੇ ਉਦੇਸ਼ ਨਾਲ ਪਰਤੇ ਜਗਮੋਹਨ ਸਿੰਘ ਦੀ ‘ਗਰੀਨ ਗੋਲਡ ਬਾਇਓਮਾਸ’ ਫੈਕਟਰੀ ਕੁਦਰਤੀ ਆਫ਼ਤ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਨਾਲ ਉਸ ਦਾ ਕਰੀਬ ਚਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਹਨੀ ਫੱਤਣਵਾਲਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਭਾਵਿਤ ਨੌਜਵਾਨ ਦੀ ਮਦਦ ਲਈ ਅੱਗੇ ਆਇਆ ਜਾਵੇ ਅਤੇ ਫੈਕਟਰੀ ਦੇ ਨੁਕਸਾਨ ਦਾ ਜਾਇਜ਼ਾ ਲੈ ਕੇ ਉਸ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਨਾਲ ਪ੍ਰਭਾਵਿਤ ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦੇਣਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ।