- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ’ਚ ਇਤਿਹਾਸਕ ਵਿਕਾਸ : ਡਾ. ਬਲਜੀਤ ਕੌਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਕੀਤੇ ਗਏ ਲੋਕ-ਭਲਾਈ ਦੇ ਕੰਮ ਸ਼ਾਲਾਘਾਯੋਗ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਾ ਸਿਰਫ਼ ਚੋਣਾਂ ਦੌਰਾਨ ਕੀਤੀਆਂ ਗਰੰਟੀਆਂ ਨੂੰ ਪੂਰਾ ਕੀਤਾ ਗਿਆ ਹੈ, ਸਗੋਂ ਕਈ ਅਜਿਹੇ ਇਤਿਹਾਸਕ ਫੈਸਲੇ ਵੀ ਲਏ ਗਏ ਹਨ, ਜੋ ਪਹਿਲਾਂ ਕਦੇ ਨਹੀਂ ਹੋਏ। ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਅਤੇ ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾਉਣਾ ਵੱਡੀ ਉਪਲੱਬਧੀ ਹੈ, ਜਿਸ ਨਾਲ ਕਿਸਾਨ ਭਾਈਚਾਰੇ ਨੂੰ ਵੱਡਾ ਲਾਭ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਸਰਕਾਰ ਨੇ ਜ਼ੋਰਦਾਰ ਯਤਨ ਕੀਤੇ ਹਨ। ਇਸਦੇ ਨਾਲ ਹੀ ਦਿਨ ਦੇ ਸਮੇਂ ਬਿਜਲੀ ਮੁਹੱਈਆ ਕਰਵਾਉਣ ਦਾ ਇਤਿਹਾਸਕ ਫੈਸਲਾ ਕਿਸਾਨਾਂ ਲਈ ਵੱਡੀ ਰਾਹਤ ਬਣਿਆ ਹੈ।
ਡਾ. ਬਲਜੀਤ ਕੌਰ ਨੇ ਆਪਣੇ ਵਿਭਾਗ ਦੀਆਂ ਉਪਲੱਬਧੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਐੱਸਸੀ ਸਕਾਲਰਸ਼ਿਪ ਯੋਜਨਾ, ਜੋ ਪਹਿਲਾਂ ਵਿਵਾਦਾਂ ’ਚ ਰਹਿੰਦੀ ਸੀ, ਹੁਣ ਪਾਰਦਰਸ਼ੀ ਢੰਗ ਨਾਲ ਚੱਲ ਰਹੀ ਹੈ। ਪਿਛਲੇ ਚਾਰ ਸਾਲਾਂ ’ਚ 10 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਅਤੇ 2017 ਤੋਂ 2020 ਤੱਕ ਦੇ ਬਕਾਇਆ ਭੁਗਤਾਨ ਵੀ ਨਿਪਟਾਏ ਗਏ ਹਨ। ਇਸ ਕਾਰਗੁਜ਼ਾਰੀ ਨਾਲ ਪੰਜਾਬ ਦੇਸ਼ ’ਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐੱਸਸੀ ਭਾਈਚਾਰੇ ਦੇ ਲੰਬਿਤ ਕਰਜ਼ੇ, ਜੋ ਉਨ੍ਹਾਂ ਲਈ ਬੋਝ ਬਣ ਚੁੱਕੇ ਸਨ, ਵਿੱਚੋਂ 60 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਮਾਫ ਕੀਤੇ ਗਏ ਹਨ। ਗਰੰਟੀਆਂ ਦੇ ਸੰਦਰਭ ’ਚ ਉਨ੍ਹਾਂ ਦੱਸਿਆ ਕਿ 600 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਸਭ ਤੋਂ ਪਹਿਲਾਂ ਪੂਰੀ ਕੀਤੀ ਗਈ, ਜਿਸ ਨਾਲ 90% ਤੋਂ ਵੱਧ ਪਰਿਵਾਰਾਂ ਨੂੰ ਵੱਡਾ ਆਰਥਿਕ ਲਾਭ ਹੋਇਆ ਹੈ। ਇਸਤੋਂ ਇਲਾਵਾ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਤਹਿਤ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਹਲਕਾ ਮਲੋਟ ’ਚ 30 ਤੋਂ ਵੱਧ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਨਵੈਸਟਮੈਂਟ ਨੂੰ ਵਧਾਉਣ ਲਈ ਸਰਕਾਰ ਵੱਲੋਂ ਜਪਾਨ ਅਤੇ ਕੋਰੀਆ ਦੇ ਨਿਵੇਸ਼ਕਾਂ ਨਾਲ ਸੰਪਰਕ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਪੰਜਾਬ ਵਿੱਚ ਨਿਵੇਸ਼ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਡਾ. ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਲਈ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਐੱਸਸੀ ਵਰਗ ਦੀਆਂ ਔਰਤਾਂ ਲਈ 1500 ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਅਪਗਰੇਡ ਕੀਤਾ ਗਿਆ ਹੈ, ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ ’ਚ ਵੱਡੇ ਇਲਾਜ ਮੁਫ਼ਤ ਕੀਤੇ ਗਏ ਹਨ ਅਤੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੀ ਸਿਹਤ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਅੰਤ ’ਚ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦਾ ਮਕਸਦ ਪ੍ਰਚਾਰ ਨਹੀਂ, ਸਗੋਂ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਹਰ ਯੋਗ ਵਿਅਕਤੀ ਇਸਦਾ ਲਾਭ ਲੈ ਸਕੇ। ਇਸ ਮੌਕੇ ਜੋਨੀ ਗਰਗ, ਸਤਪਾਲ ਗਿਰਧਰ, ਵਿਕਰਾਂਤ ਖੁਰਾਣਾ ਦਫਤਰ ਇੰਚਰਾਜ, ਗੁਰਪ੍ਰੀਤ ਸਿੰਘ ਸਰਾਂ, ਸਰਪੰਚ ਹਰਜਿੰਦਰ ਸਿੰਘ ਕੰਗ, ਦਰਸ਼ਨ ਸਿੰਘ ਕੰਗ, ਭੁਪਿੰਦਰ ਸਿੰਘ ਕੰਗ, ਸਤਨਾਮ ਸਿੰਘ ਸਰਾਂ ਅਤੇ ਸੁਮੀਤ ਸਿੰਘ ਸਰਾਂ ਹਾਜ਼ਰ ਸਨ।