ਕੋਟਲੀ ਅਬਲੂ ਵਿਖੇ ਹੋਈ ਭਾਰੀ ਗੜੇਮਾਰੀ
ਪਿੰਡ ਕੋਟਲੀ ਅਬਲੂ ਵਿਖੇ ਹੋਈ ਭਾਰੀ ਗੜ੍ਹੇਮਾਰੀ ਤੇ ਵਰਖਾ ਨੇ ਕਣਕ ਦੀ ਫਸਲ ਨੂੰ ਕੀਤਾ ਤਬਾਹ
Publish Date: Sat, 04 Apr 2026 08:28 PM (IST)
Updated Date: Sat, 04 Apr 2026 08:31 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਿੰਡ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਮੌਕੇ ਅਸਮਾਨ ’ਚ ਕਾਲੇ ਬੱਦਲ ਛਾ ਗਏ ਤੇ ਇਸ ਮਗਰੋਂ ਵਰਖਾ ਦੇ ਨਾਲ ਭਾਰੀ ਗੜੇਮਾਰੀ ਹੋਈ। ਪਿੰਡ ਦੇ ਕਿਸਾਨ ਗੁਰਲਾਭ ਸਿੰਘ ਸੰਧੂ ਸਾਬਕਾ ਸਰਪੰਚ, ਸਾਬਕਾ ਬਲਾਕ ਸੰਮਤੀ ਮੈਂਬਰ ਜਗਦੀਪ ਸਿੰਘ ਅਤੇ ਬਲਤੇਜ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਿਸਾਨਾਂ ਦੀ ਕਣਕ ਦੀ ਫਸਲ ਬਹੁਤ ਪ੍ਰਭਾਵਿਤ ਹੋਈ ਹੈ। ਗੜ੍ਹੇਮਾਰੀ ਅਤੇ ਵਰਖਾ ਨਾਲ ਕਣਕ ਦੀ ਫਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਕਿਸਾਨ ਆਰਥਿਕ ਤੌਰ ਤੇ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਹੁਣ ਅਚਾਨਕ ਭਾਰੀ ਗੜ੍ਹੇਮਾਰੀ ਨੇ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਕਈ ਦਿਨਾਂ ਤੋਂ ਰੁਕ ਰੁਕ ਕੇ ਮੌਸਮ ਦੀ ਚੱਲ ਰਹੀ ਖਰਾਬੀ ਕਾਰਨ ਕਣਕ ਦੀ ਫਸਲ ਤੋਂ ਇਲਾਵਾ ਸਰੋਂ ਦੀ ਫਸਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬਹੁਤ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।