ਕਿਰਤੀ ਕਿਸਾਨ ਯੂਨੀਅਨ ਨੇ 100% ਮੁਆਵਜ਼ੇ ਦੀ ਕੀਤੀ ਮੰਗ ਗੜੇਮਾਰੀ ਨਾਲ ਬਾਸਮਤੀ ਤੇ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ
Publish Date: Sat, 17 Oct 2026 05:50 PM (IST)
Updated Date: Sat, 17 Oct 2026 05:51 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੁਕਤਸਰ ਦੇ ਵੱਖ-ਵੱਖ ਪਿੰਡਾਂ ’ਚ ਭਾਰੀ ਗੜੇਮਾਰੀ ਅਤੇ ਮੀਂਹ ਕਾਰਨ ਫ਼ਸਲਾਂ ਦੇ ਹੋਏ ਵੱਡੇ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਅਤੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਲੰਡੇ ਰੋਡੇ, ਲਬਾਣਿਆਂ ਵਾਲੀ, ਸੱਕਾਂ ਵਾਲੀ, ਸੰਗਰਾਣਾ, ਮੜ੍ਹ ਮੱਲੂ, ਬੂੜਾ ਗੁੱਜਰ ਅਤੇ ਹੋਰ ਕਈ ਪਿੰਡਾਂ ਵਿੱਚ ਭਾਰੀ ਗੜੇਮਾਰੀ ਕਾਰਨ ਬਾਸਮਤੀ ਦੀ ਫ਼ਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਕਈ ਥਾਵਾਂ ਤੇ ਬਾਸਮਤੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ, ਜਦਕਿ ਝੋਨੇ ਦੀ ਫ਼ਸਲ ਦਾ ਵੀ ਲਗਭਗ 50 ਫ਼ੀਸਦੀ ਤੱਕ ਖ਼ਰਾਬਾ ਹੋਇਆ ਹੈ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇ ਰੋਡੇ, ਬਲਾਕ ਆਗੂ ਗੁਰਮੀਤ ਸਿੰਘ ਸੰਗਰਾਣਾ, ਜਗਸੀਰ ਸਿੰਘ ਸੱਕਾਂਵਾਲੀ, ਗੁਰਟੇਕ ਸਿੰਘ ਲੰਡੇ ਰੋਡੇ ਅਤੇ ਭਾਨਾ ਸਿੱਧੂ ਨੇ ਕਿਹਾ ਕਿ ਪਹਿਲਾਂ ਹੀ ਮੰਦਹਾਲੀ ਦਾ ਸਾਹਮਣਾ ਕਰ ਰਹੀ ਕਿਸਾਨੀ ਤੇ ਕੁਦਰਤ ਦੀ ਦੋਹਰੀ ਮਾਰ ਨੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਹੈ। ਕਿਸਾਨਾਂ ਨੇ ਮਹਿੰਗੇ ਭਾਅ ਠੇਕੇ ਤੇ ਜ਼ਮੀਨਾਂ ਲੈ ਕੇ ਫ਼ਸਲਾਂ ਬੀਜੀਆਂ ਸਨ, ਜੋ ਹੁਣ ਗੜੇਮਾਰੀ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ, ਜਿਸ ਨਾਲ ਕਿਸਾਨ ਡੂੰਘੇ ਆਰਥਿਕ ਸੰਕਟ ’ਚ ਫਸ ਗਏ ਹਨ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਖਾਸ ਗਿਰਦਾਵਰੀਆਂ ਕਰਵਾ ਕੇ ਫ਼ਸਲਾਂ ਦੇ ਹੋਏ ਨੁਕਸਾਨ ਦਾ 100% ਮੁਆਵਜ਼ਾ ਪਹਿਲ ਦੇ ਆਧਾਰ ’ਤੇ ਕਿਸਾਨਾਂ ਦੇ ਖ਼ਾਤਿਆਂ ’ਚ ਪਾਇਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਲਈ ਇੱਕ ਸਰਲ ਅਤੇ ਸੁਖਾਲੀ ਫ਼ਸਲੀ ਬੀਮਾ ਪਾਲਿਸੀ ਲਿਆਂਦੀ ਜਾਵੇ, ਜਿਸ ਵਿੱਚ ਪ੍ਰਤੀ ਏਕੜ ਨੂੰ ਹੀ ਬੀਮੇ ਦੀ ਇਕਾਈ ਮੰਨਿਆ ਜਾਵੇ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗੁਰਤੇਜ ਸਿੰਘ ਲੰਡੇ ਰੋਡੇ, ਹਰਭਗਵਾਨ ਸਿੰਘ, ਜਪਿੰਦਰ ਸਿੰਘ, ਨਿਆਮਤ ਸਿੰਘ, ਤਰਲੋਕ ਸਿੰਘ, ਮਨਪ੍ਰੀਤ ਸਿੰਘ, ਜਸਕਰਨ ਸਿੰਘ, ਸਤਨਾਮ ਸਿੰਘ, ਜਗਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।