ਸਮੈਕੀਆਂ ਦਾ ਅੱਡਾ ਬਣਿਆ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸਮੈਕੀਆਂ ਦਾ ਅੱਡਾ ਬਣਿਆ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ
Publish Date: Fri, 06 Nov 2026 06:06 PM (IST)
Updated Date: Fri, 06 Nov 2026 06:08 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾਂਦੇ ਦਾਅਵੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ’ਚ ਆ ਕੇ ਦਮ ਤੋੜ ਜਾਂਦੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਖਿਡਾਰੀ ਇਸ ਸਟੇਡੀਅਮ ਦੇ ਖੱਡਿਆਂ ਵਾਲੇ ਟਰੈਕ ’ਚ ਪ੍ਰੈਕਟਿਸ ਕਰ ਰਹੇ ਹਨ ਜਦੋਂ ਕਿ ਉਨ੍ਹਾਂ ਦਾ ਮੁਕਾਬਲਾ ਸਿੰਥੈਟਿਕ ਟਰੈਕਾਂ ਵਾਲੇ ਖਿਡਾਰੀਆਂ ਨਾਲ ਹੁੰਦਾ ਹੈ ਤਾਂ ਉਨ੍ਹਾਂ ਦੀ ਮਿਹਨਤ ਬੇਕਾਰ ਹੋ ਜਾਂਦੀ ਹੈ। ਸਟੇਡੀਅਮ ’ਚ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੇ ਟਰੈਕ ਦੀ ਮਾੜੀ ਹਾਲਤ ਨੂੰ ਲੈ ਕੇ ਵੀ ਨਾਰਾਜ਼ਗੀ ਜਤਾਈ। ਉਨ੍ਹਾਂ ਦੱਸਿਆ ਕਿ ਟਰੈਕ ਉੱਪਰ ਪਾਈ ਗਈ ਕੇਰੀ ਕਰੀਬ ਤਿੰਨ ਸਾਲ ਪਹਿਲਾਂ ਪਾਈ ਗਈ ਸੀ, ਜੋ ਹੁਣ ਖਰਾਬ ਹੋ ਚੁੱਕੀ ਹੈ। ਇਸ ਕਾਰਨ ਦੌੜ ਦੀ ਪ੍ਰੈਕਟਿਸ ਕਰਨੀ ਮੁਸ਼ਕਿਲ ਹੋ ਰਹੀ ਹੈ ਅਤੇ ਖਿਡਾਰੀਆਂ ਨੂੰ ਸੱਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਖੇਡ ਸਾਮਾਨ ਦੇ ਸਟੋਰਾਂ ’ਤੇ ਨਸ਼ੇੜੀ ਕਾਬਜ਼ ਇਸਤੋਂ ਜ਼ਿਆਦਾ ਸਿੱਤਮ ਦੀ ਗੱਲ ਤਾਂ ਇਹ ਹੈ ਕਿ ਖਿਡਾਰੀਆਂ ਵਾਲੇ ਕਮਰਿਆਂ ਤੇ ਖੇਡ ਸਾਮਾਨ ਦੇ ਸਟੋਰਾਂ ’ਚ ਨਸ਼ੇੜੀਆਂ ਦਾ ਕਬਜ਼ਾ ਹੈ ਜਿਸ ਕਰਕੇ ਖਿਡਾਰੀਆਂ ਤੇ ਸੈਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਸਟੇਡੀਅਮ ਦੇ ਸਟੋਰ ਦੇ ਜਿੰਦੇ ਟੁੱਟੇ ਹਨ। ਸਾਮਾਨ ਅੰਦਰ ਰੁਲ ਰਿਹਾ ਹੈ ਅਤੇ ਇਸ ਸਟੋਰ ਅਤੇ ਕਮਰਿਆਂ ਅੰਦਰੋਂ ਸਰਿੰਜਾਂ, ਟੀਕੇ, ਸਿਲਵਰ ਪੰਨੀਆਂ, ਲਾਈਟਰ, ਬੀੜੀਆਂ ਅਤੇ ਹੋਰ ਇਤਰਾਜ਼ਯੋਗ ਸਾਮਾਨ ਮਿਲਿਆ। ਸਟੇਡੀਅਮ ਦੇ ਗਰਾਊਂਡ ’ਚ ਕਚਰੇ ਦੇ ਢੇਰ ਲੱਗੇ ਹਨ। ਬਾਥਰੂਮਾਂ ਅਤੇ ਟੂਟੀਆਂ ’ਚ ਪਾਣੀ ਆਉਂਦਾ ਨਹੀਂ ਅਤੇ ਡਿੱਗੀਆਂ ਓਵਰ ਫਲੋਅ ਹੋ ਕੇ ਪਾਣੀ ਖੁਲ੍ਹੇ ’ਚ ਡੁੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਟੇਡੀਅਮ ਦੇ ਬਿਲਕੁਲ ਨੇੜੇ ਸਰਕਾਰੀ ਕਾਲਜ ਦੀ ਇਮਾਰਤ ਵੀ ਹੈ। ਅਜਿਹੇ ’ਚ ਸਟੇਡੀਅਮ ਦੇ ਕਮਰਿਆਂ ਵਿੱਚੋਂ ਨਸ਼ੇ ਨਾਲ ਸਬੰਧਤ ਸਾਮਾਨ ਮਿਲਣਾ ਹੋਰ ਵੀ ਚਿੰਤਾਜਨਕ ਹੈ। ਸਮਾਜ ਸੇਵੀ ਅਤੇ ਬੁੱਧੀਜੀਵੀ ਵਰਗ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਟੇਡੀਅਮ ਦੇ ਅੰਦਰਲੇ ਖੰਡਰ ਕਮਰਿਆਂ ਨੂੰ ਸੁਰੱਖਿਅਤ ਕੀਤਾ ਜਾਵੇ ਅਤੇ ਨਸ਼ੇੜੀਆਂ ਦੀਆਂ ਸਰਗਰਮੀਆਂ ’ਤੇ ਰੋਕ ਲਗਾਉਣ ਲਈ ਨਿਯਮਤ ਨਿਗਰਾਨੀ ਕੀਤੀ ਜਾਵੇ। ਚਾਰ ਸਾਲਾਂ ਤੋਂ ਟਰੈਕ ’ਚ ਸਿੰਡਰ ਨਹੀਂ ਪਿਆ : ਜ਼ਿਲ੍ਹਾ ਖੇਡ ਅਫਸਰ ਜ਼ਿਲ੍ਹਾ ਖੇਡ ਅਫਸਰ ਅਨਿੰਦਰਵੀਰ ਕੌਰ ਨਾਲ ਨੇ ਦੱਸਿਆ ਕਿ ਟਰੈਕ ਉੱਪਰ ਸਿੰਡਰ ਪਾਉਣ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਾ ਹੈ। ਕਰੀਬ ਚਾਰ ਸਾਲ ਹੋ ਗਏ ਹਨ ਸਿੰਡਰ ਨਹੀਂ ਪਿਆ। ਪੁਰਾਣਾ ਸਿੰਡਰ ਕੁੱਝ ਤਾਂ ਉਡ ਗਿਆ ਤੇ ਕੁੱਝ ਖਰਾਬ ਹੋ ਗਿਆ ਹੈ, ਜਿਸ ਕਰਕੇ ਟਰੈਕ ਉਪਰ ਛੋਟੇ-ਛੋਟੇ ਖੱਡੇ ਬਣ ਗਏ ਹਨ। ਖੰਡਰ ਬਣੇ ਕਮਰਿਆਂ ਬਾਰੇ ਉਨ੍ਹਾਂ ਕਿਹਾ ਕਿ ਉੱਥੇ ਚੌਕੀਦਾਰ ਰੱਖਿਆ ਹੋਇਆ ਹੈ ਅਤੇ ਕਮਰਿਆਂ ਨੂੰ ਜਿੰਦਰੇ ਲਗਵਾ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅੰਦਰ ਪਿਆ ਸਾਮਾਨ ਖਰਾਬ ਹੋ ਚੁੱਕਾ ਹੈ ਅਤੇ ਵਰਤੋਂ ਵਿੱਚ ਨਹੀਂ ਹੈ।