- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਰੇ ’ਚੇ ਗੁਰਪੁਰਬ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ

- ਕੱਲ੍ਹ 24 ਨੂੰ ਹੋਵੇਗਾ ਧਾਰਮਿਕ ਸਮਾਗਮ-
ਪੰਜਾਬੀ ਜਾਗਰਣ, ਰਿਪੋਰਟਰ ਸ੍ਰੀ ਮੁਕਤਸਰ ਸਾਹਿਬ : ਬ੍ਰਹਮ ਲੀਨ ਸੰਤ ਬਾਬਾ ਬੱਗੂ ਬਗਤ ਜੀ ਦੇ ਪਵਿੱਤਰ ਜਨਮ ਸਥਾਨ ’ਤੇ ਸਥਾਨਕ ਗਾਂਧੀ ਨਗਰ ਗਲੀ ਨੰਬਰ 02 ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ ਸਮੁੱਚੇ ਇਲਾਕੇ ’ਚ ਧਾਰਮਿਕ ਸ਼ਰਧਾ, ਆਪਸੀ ਮਿਲਵਰਤਨ ਅਤੇ ਸਮਾਜਿਕ ਭਾਈਚਾਰੇ ਦੇ ਪ੍ਰਤੀਕ ਵਜੋਂ ਜਾਣਿਆਂ ਜਾਂਦਾ ਹੈ। ਸਮੁੱਚੇ ਪੰਜਾਬ ਸਮੇਤ ਬਾਹਰਲੇ ਕਈ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਡੇਰੇ ’ਚ ਆ ਕੇ ਨਤਮਸਤਕ ਹੁੰਦੇ ਹਨ ਅਤੇ ਆਪਣੀਆਂ ਮੁਰਾਦਾ ਪੂਰੀਆਂ ਹੋਣ ਦੀਆਂ ਦੁਆਵਾਂ ਕਰਦੇ ਹਨ। ਡੇਰੇ ’ਚ ਹਰ ਵੀਰਵਾਰ ਨੂੰ ਸਤਿਸੰਗ ਕੀਤਾ ਜਾਂਦਾ ਹੈ ਅਤੇ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ ਜਾਂਦਾ ਹੈ। ਸਤਿਸੰਗ ਉਪਰੰਤ ਮਾਤਾ ਅੰਨ ਪੂਰਨਾ ਜੀ ਦਾ ਭੰਡਾਰਾ ਵਰਤਾਇਆ ਜਾਂਦਾ ਹੈ। ਡੇਰੇ ਦਾ ਸਮੁੱਚਾ ਪ੍ਰਬੰਧ ਬ੍ਰਹਮ ਗਿਆਨੀ ਸ਼ੰਮੀ ਚਾਵਲਾ ਜੀ ਮਹਾਰਾਜ ਦੀ ਅਗਵਾਈ ਹੇਠਲੀ ਪ੍ਰਬੰਧਕੀ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਡੇਰੇ ’ਚ ਸਾਰੇ ਸਮਾਗਮ ਬ੍ਰਹਮ ਲੀਨ ਸੰਤ ਬਾਬਾ ਬੱਗੂ ਭਗਤ ਜੀ ਦੀ ਪਵਿੱਤਰ ਮੂਰਤੀ ਦੀ ਚਰਨ ਵੰਦਨਾ ਉਪਰੰਤ ਸ਼ੁਰੂ ਕੀਤੇ ਜਾਂਦੇ ਹਨ। ਮੌਜੂਦਾ ਡੇਰਾ ਗੱਦੀ ਨਸ਼ੀਨ ਪਰਮ ਸਤਿਕਾਰਯੋਗ ਬ੍ਰਹਮ ਗਿਆਨੀ ਭਗਤ ਸ਼ੰਮੀ ਚਾਵਲਾ ਜੀ ਮਹਾਰਾਜ ਪਿਛਲੇ ਕਰੀਬ ਚਾਲੀ ਸਾਲ ਤੋਂ ਡੇਰੇ ਦੀ ਸੇਵਾ ਸੰਭਾਲ ਅਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਦੇ ਆ ਰਹੇ ਹਨ। ਡੇਰੇ ’ਚ ਕੀਤੇ ਜਾਣ ਵਾਲੇ ਸਾਰੇ ਧਾਰਮਿਕ ਸਮਾਗਮਾਂ ਵਿੱਚੋਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਉਤਸਵ ਗੁਰਪੁਰਬ ਨੂੰ ਸਭ ਤੋਂ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਕੱਲ੍ਹ ਚੌਵੀ ਨਵੰਬਰ ਮੰਗਲਵਾਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਡੇਰੇ ਨੂੰ ਤਾਜ਼ੇ ਫੁੱਲਾਂ ਦੀ ਲੜੀਆਂ ਅਤੇ ਬਿਜਲਈ ਲਾਈਟਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਜਾਵੇਗਾ। ਇਸ ਸਬੰਧੀ ਡੇਰੇ ’ਚ ਵਿਸ਼ੇਸ਼ ਧਾਰਮਿਕ ਸਮਾਗਮ ਆਯੋਜਿਤ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਗਮ ਦੀ ਸ਼ੁਰੂਆਤ ਬ੍ਰਹਮ ਗਿਆਨੀ ਸ਼ੰਮੀ ਚਾਵਲਾ ਜੀ ਮਹਾਰਾਜ ਵੱਲੋਂ ਸ਼ਾਮ ਦੇ 6:15 ਵਜੇ ਅਰਦਾਸ ਕਰਕੇ ਕੀਤੀ ਜਾਵੇਗੀ। ਸਮਾਗਮ ਦੌਰਾਨ ਸਵਾਮੀ ਬੂਆ ਦਿੱਤਾ ਜੀ ਜੰਮੂ ਵਾਲੇ ਭਜਨ ਕੀਰਤਨ ਅਤੇ ਸ਼ਬਦਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਰੋਹ ਦੌਰਾਨ ਡੇਰਾ ਸੇਵਾਦਾਰ ਅਵਤਾਰ ਚੁੱਘ ਅਤੇ ਮਹਾਰਾਜ ਜੀ ਦੇ ਸਪੁੱਤਰ ਧਰਮ ਗਿਆਤਾ ਗਗਨਦੀਪ ਚਾਵਲਾ ਵੱਲੋਂ ਸਾਰੀਆਂ ਧਾਰਮਿਕ ਰਸਮਾਂ ਨਿਭਾਈਆਂ ਜਾਣਗੀਆਂ। ਮਹਾਰਾਜ ਸ਼ੰਮੀ ਚਾਵਲਾ ਵੱਲੋਂ ਰਾਤ ਦੇ 10:00 ਵਜੇ ਅਰਦਾਸ ਕਰਨ ਉਪਰੰਤ 365 ਦੀਪਕ ਜਗਾ ਕੇ ਸਮਾਰੋਹ ਦੀ ਸਮਾਪਤੀ ਕੀਤੀ ਜਾਵੇਗੀ। ਸਮਾਗਮ ਉਪਰੰਤ ਮਾਤਾ ਅੰਨ ਪੂਰਨਾ ਜੀ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਮਹਾਰਾਜ ਜੀ ਨੇ ਸਮੂਹ ਸੰਗਤਾਂ ਨੂੰ ਦੋਹਾਂ ਅਰਦਾਸਾਂ ਵਿੱਚ ਸ਼ਾਮਿਲ ਹੋ ਕੇ ਗੁਰਪੁਰਬ ਸਮਾਗਮ ਮੌਕੇ ਖੁਸ਼ੀਆਂ ਦੀ ਦਾਤ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।