ਟਿੱਬੀ ਸਾਹਿਬ ਕੰਪਲੈਕਸ ਦੇ ਗੁਰਦੁਆਰੇ ਹੋਏ ਸੰਗਤਾਂ ਦੀ ਪਹੁੰਚ ਤੋਂ ਦੂਰ ਟਿੱਬੀ ਸਾਹਿਬ ਕੰਪਲੈਕਸ ਦੇ ਗੁਰਦੁਆਰੇ ਹੋਏ ਸੰਗਤਾਂ ਦੀ ਪਹੁੰਚ ਤੋਂ ਦੂਰ
Publish Date: Thu, 29 Oct 2026 06:18 PM (IST)
Updated Date: Fri, 30 Oct 2026 04:02 AM (IST)
-ਅੱਠ ਮਹੀਨਿਆਂ ਤੋਂ ਸੀਵਰੇਜ ਦਾ ਕੰਮ ਲਮਕਿਆ, ਸੜਕ ਹੋਈ ਬਰਬਾਦ ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਕੰਪਲੈਕਸ ਵਿੱਚੋਂ ਲੰਘਦਾ ਕਰੀਬ ਦੋ ਕਿਲੋਮੀਟਰ ਰਸਤਾ ਪਿਛਲੇ ਅੱਠ ਮਹੀਨਿਆਂ ਤੋਂ ਸੀਵਰੇਜ ਦੇ ਕੰਮ ਅਧੀਨ ਹੋਣ ਕਰਕੇ ਬੁਰੀ ਤਰ੍ਹਾਂ ਖਰਾਬ ਹੋਇਆ ਪਿਆ ਹੈ। ਸ਼ਰਧਾਲੂਆਂ ਦਾ ਇਤਿਹਾਸਕ ਗੁਰਦੁਆਰਾ ਸ੍ਰੀ ਦਾਤਣਸਰ ਤੱਕ ਜਾਣਾ ਮੁਹਾਲ ਹੋ ਗਿਆ ਹੈ। ਇਸ ਅਸਥਾਨ ’ਤੇ ਹੀ ਗੁਰੂ ਜੀ ਨੇ ‘ਖਿਦਰਾਣੇ ਦੀ ਜੰਗ’ ਵੇਲੇ ਆਪਣਾ ਟਿਕਾਣਾ ਕੀਤਾ ਸੀ ਅਤੇ ਇਥੇ ਹੀ ਮੁਗਲ ਸਿਪਾਹੀ ਨੂੰ ਮਾਰ ਮੁਕਾਇਆ ਸੀ। ਕਰੀਬ ਦੋ ਕਿਲੋਮੀਟਰ ਖੇਤਰ ’ਚ ਫੈਲੇ ਤਿੰਨ ਗੁਰਦੁਆਰਾ ਸਾਹਿਬ ਤੇ ਕਰੀਬ ਅੱਧੀ ਦਰਜਨ ਨਿਹੰਗ ਛਾਉਣੀਆਂ ਤੇ ਕਈ ਢਾਣੀਆਂ ਤੇ ਖੇਤਾਂ ਨੂੰ ਜਾਣ ਵਾਸਤੇ ਇਹ ਇੱਕੋ ਰਸਤਾ ਹੈ। ਸੀਵਰੇਜ ਪਾਉਣ ਲਈ ਸੜਕ ਨੂੰ ਪੁੱਟਿਆ ਗਿਆ ਸੀ ਪਰ ਕੰਮ ਅਧੂਰਾ ਛੱਡ ਦਿੱਤੇ ਜਾਣ ਕਾਰਨ ਸੜਕ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਸਥਾਨਕ ਨਿਵਾਸੀਆਂ ਅਤੇ ਸੰਗਤਾਂ ਨੇ ਦੱਸਿਆ ਕਿ ਸੜਕ ’ਤੇ ਵੱਡੇ-ਵੱਡੇ ਪੱਥਰ ਅਤੇ ਟੋਏ ਪਏ ਹੋਣ ਕਾਰਨ ਪੈਦਲ ਚੱਲਣਾ, ਸਾਈਕਲ ਜਾਂ ਮੋਟਰ ਸਾਈਕਲ ਲੰਘਾਉਣਾ ਬਹੁਤ ਖਤਰਨਾਕ ਹੋ ਗਿਆ ਹੈ। ਰਾਤ ਦੇ ਸਮੇਂ ਇੱਥੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ਅਤੇ ਵਾਹਨਾਂ ਦੇ ਟਾਇਰ ਫਿਸਲਣ ਕਾਰਨ ਲੋਕ ਡਿੱਗ ਕੇ ਜ਼ਖਮੀ ਹੋ ਰਹੇ ਹਨ। ਗੁਰਦੁਆਰਾ ਸਾਹਿਬ ਵਿਖੇ ਮੇਲਾ ਮਾਘੀ ਅਤੇ ਹੋਰ ਮੌਕਿਆਂ ’ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਨਤਮਸਕ ਹੋਣ ਆਉਂਦੀਆਂ ਹਨ। ਸੜਕ ਅਤੇ ਸੀਵਰ ਦਾ ਕੰਮ ਅਧੂਰਾ ਹੋਣ ਕਾਰਨ ਸੰਗਤਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਰਸਤੇ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਵਾਜਾਈ ’ਚ ਰਾਹਤ ਮਿਲ ਸਕੇ। ਸ੍ਰੀ ਮੁਕਤਸਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਅਤੇ ਗੁਰਦੁਆਰਾ ਰਕਾਬਸਰ ਸਾਹਿਬ ਦੇ ਨੇੜੇ ਦੇ ਇਲਾਕੇ ’ਚ ਸੜਕਾਂ ਅਤੇ ਸੀਵਰ ਦੀ ਸਮੱਸਿਆ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਪਾਣੀ ਦੀ ਸਪਲਾਈ ਦੀ ਪਾਈਪ ਲੀਕ ਹੋਣ ਕਾਰਨ ਗੁਰਦੁਆਰੇ ਦੇ ਗੇਟ ਅਤੇ ਸੜਕਾਂ ’ਤੇ ਹਰ ਵੇਲੇ ਪਾਣੀ ਦਾ ਵਗਦਾ ਦਰਿਆ ਬਣਿਆ ਰਹਿੰਦਾ ਹੈ। ਪਿੰਡ ਅਤੇ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਅਤੇ ਰਾਹਗੀਰਾਂ ਦੀ ਇਸ ਗੰਭੀਰ ਸਮੱਸਿਆ ਨੂੰ ਦੇਖਦਿਆਂ, ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਰਸਤੇ ਅਤੇ ਪਾਣੀ ਦੀ ਲੀਕੇਜ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਕਿਸਾਨਾਂ ਨੇ ਦੱਸਿਆ ਕਿ ਖੇਤਾਂ ’ਚ ਝੋਨੇ ਦੀਆਂ ਗੱਠਾਂ ਬਣੀਆਂ ਪਈਆਂ ਹਨ ਪਰ ਟਰਾਲੀਆਂ ਨਾ ਲੰਘਣ ਕਰਕੇ ਗੱਠਾਂ ਖੇਤਾਂ ਵਿੱਚੋਂ ਚੁੱਕੀਆਂ ਨਹੀਂ ਜਾ ਰਹੀਆਂ। ਗੁਰਦੁਆਰਾ ਸ੍ਰੀ ਦਾਤਣਸਰ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਰਸਤਾ ਖਰਾਬ ਹੋਣ ਕਰਕੇ ਸੰਗਤਾਂ ਨਹੀਂ ਆਉਂਦੀਆਂ। ਮੇਲਾ ਮਾਘੀ ਤੋਂ ਪਹਿਲਾਂ ਸੜਕ ਤਿਆਰ ਕੀਤੀ ਜਾਵੇ ਤਾਂ ਜੋ ਸੰਗਤਾਂ ਨੂੰ ਸਹੂਲਤ ਹੋ ਸਕੇ। -ਕਰੰਟ ਲੱਗਣ ਕਰਕੇ ਹੋਈ ਮੌਤ ਤੋਂ ਬਾਅਦ ਸਟਰੀਟ ਲਾਈਟਾਂ ਬੰਦ- ਸਥਾਨਕ ਨਿਵਾਸੀਆਂ ਅਨੁਸਾਰ ਕੁੱਝ ਸਮਾਂ ਪਹਿਲਾਂ ਹੀ ਲੱਖਾਂ ਰੁਪਏ ਲਾ ਕੇ ਨਵੀਂਆਂ ਸਟਰੀਟ ਲਾਈਟਾਂ ਲਾਈਆਂ ਗਈਆਂ ਸਨ ਪਰ ਇਸ ਨਵੇਂ ਲੱਗੇ ਖੰਭੇ ਵਾਲੀ ਥਾਂ ’ਤੇ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਉਸਤੋਂ ਬਾਅਦ ਇਹ ਲਾਈਟਾਂ ਨਹੀਂ ਜਗੀਆਂ ਅਤੇ ਰਾਤ ਦੇ ਸਮੇਂ ਲਾਈਟਾਂ ਨਾ ਜਗਣ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਸੜਕਾਂ ਦੀ ਹਾਲਤ ਖਰਾਬ ਹੋਣ ਅਤੇ ਵੱਡੇ-ਵੱਡੇ ਟੋਏ ਪੈਣ ਕਾਰਨ ਵਾਹਨਾਂ ਦਾ ਲੰਘਣਾ ਅਤੇ ਖੇਤਾਂ ਵਿੱਚੋਂ ਟਰਾਲੀਆਂ ਆਉਣਾ-ਜਾਣਾ ਬਹੁਤ ਮੁਸ਼ਕਿਲ ਹੋ ਗਿਆ ਹੈ। -ਕੀ ਕਹਿੰਦੇ ਨੇ ਅਧਿਕਾਰੀ- ਇਸ ਦੌਰਾਨ ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵੀਨਸ ਗਰਗ ਨੇ ਦੱਸਿਆ ਕਿ ਸੀਵਰੇਜ ਬੋਰਡ ਵੱਲੋਂ ਅਜੇ ਤੱਕ ਕੰਮ ਮੁਕੰਮਲ ਨਹੀਂ ਕੀਤਾ ਗਿਆ। ਮੁਕੰਮਲ ਹੋਣ ਦੇ ਤੁਰੰਤ ਬਾਅਦ ਸੜਕ ਬਣਾ ਦਿੱਤੀ ਜਾਵੇਗੀ।