ਸਰਕਾਰ ਦੇ ਫ਼ਰੀ ਬਿਜਲੀ ਦੇ ਦਾਅਵੇ ਫੋਕੇ, ਖ਼ਰਾਬੀ ਆਉਣ ’ਤੇ ਕੋਈ ਨਹੀਂ ਸੁਣਦਾ ਫ਼ਰਿਆਦ : ਜਗਦੇਵ ਅਲਾਰਮ ਸਰਕਾਰ ਦੇ ਫ਼ਰੀ ਬਿਜਲੀ ਦੇ ਦਾਅਵੇ ਫੋਕੇ, ਖ਼ਰਾਬੀ ਆਉਣ ’ਤੇ ਕੋਈ ਨਹੀਂ ਸੁਣਦਾ ਫ਼ਰਿਆਦ : ਜਗਦੇਵ ਅਲਾਰਮ
Publish Date: Thu, 02 Jul 2026 06:10 PM (IST)
Updated Date: Thu, 02 Jul 2026 06:11 PM (IST)
-ਬਸਪਾ ਆਗੂ ਅਤੇ ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ -ਸਰਕਾਰੀ ਨੰਬਰਾਂ ’ਤੇ ਨਹੀਂ ਹੁੰਦੀ ਸੁਣਵਾਈ, ਲੋਕਾਂ ਨੇ ਖ਼ੁਦ ਪੈਸੇ ਇਕੱਠੇ ਕਰਕੇ ਪ੍ਰਾਈਵੇਟ ਮਕੈਨਿਕ ਤੋਂ ਠੀਕ ਕਰਵਾਈ ਬਿਜਲੀ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇੱਕ ਪਾਸੇ ਤਾਂ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਵੱਡੇ-ਵੱਡੇ ਫਲੈਕਸ ਅਤੇ ਇਸ਼ਤਿਹਾਰ ਲਗਾ ਕੇ ਸੂਬੇ ’ਚ ਮੁਫ਼ਤ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਠੋਕ ਰਹੀ ਹੈ, ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਇਹ ਹੈ ਕਿ ਬਿਜਲੀ ਖ਼ਰਾਬ ਹੋਣ ’ਤੇ ਉਪਭੋਗਤਾਵਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਗੱਲ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜ਼ਿਲ੍ਹਾ ਇੰਚਾਰਜ ਸ੍ਰੀ ਜਗਦੇਵ ਅਲਾਰਮ ਨੇ ਸਰਕਾਰ ਅਤੇ ਪਾਵਰਕੌਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਆਗੂ ਜਗਦੇਵ ਅਲਾਰਮ ਨੇ ਦੱਸਿਆ ਕਿ ਡਾਕਟਰ ਬੀਆਰ ਅੰਬੇਡਕਰ ਮਾਰਗ ਨੇੜੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ (ਗਲੀ ਦਰਵਾਜ਼ੇ ਵਾਲੀ) ਵਿਖੇ ਬਿਜਲੀ ਦੀ ਸਪਲਾਈ ਦਾ ਬੁਰਾ ਹਾਲ ਹੈ। ਇੱਥੇ ਹਰ ਦੂਜੇ-ਤੀਜੇ ਦਿਨ ਜਾਂ ਤਾਂ ਅੱਧੇ ਘਰਾਂ ਦੀ ਬਿਜਲੀ ਬਿਲਕੁਲ ਗੁੱਲ ਰਹਿੰਦੀ ਹੈ ਜਾਂ ਫਿਰ ਵੋਲਟੇਜ ਇੰਨੀ ਡਿੰਮ (ਘੱਟ) ਹੁੰਦੀ ਹੈ ਕਿ ਬਿਜਲੀ ਦੇ ਉਪਕਰਨ ਚੱਲ ਹੀ ਨਹੀਂ ਪਾਉਂਦੇ। ਮੁਹੱਲਾ ਨਿਵਾਸੀਆਂ ਅਤੇ ਬਸਪਾ ਆਗੂ ਨੇ ਪਾਵਰਕੌਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਸੈਂਟਰਲਾਈਜ਼ਡ ਸ਼ਿਕਾਇਤ ਨੰਬਰ 1912 ਉੱਪਰ ਕਾਲ ਕਰਨ ’ਤੇ ਸਿਰਫ਼ ਇੱਕੋ ਰਟਿਆ-ਰਟਾਇਆ ਜਵਾਬ ਮਿਲਦਾ ਹੈ ਕਿ ‘ਤੁਹਾਡੀ ਸ਼ਿਕਾਇਤ ਦਰਜ ਕਰ ਲਈ ਗਈ ਹੈ’, ਪਰ ਅੱਗੋਂ ਕੋਈ ਕਾਰਵਾਈ ਨਹੀਂ ਹੁੰਦੀ। ਲੋਕਲ ਸ਼ਿਕਾਇਤ ਨੰਬਰ 96461-15028 ਉਪਰ ਕਾਲ ਕਰਨ ’ਤੇ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੁੰਦਾ ਅਤੇ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ। ਹੱਦ ਤਾਂ ਉਦੋਂ ਹੋ ਗਈ ਜਦੋਂ ਸਬੰਧਿਤ ਇਲਾਕੇ ਦੇ ਐੱਸਡੀਓ ਨੂੰ ਵਾਰ-ਵਾਰ ਕਾਲ ਕਰਨ ’ਤੇ ਵੀ ਉਨ੍ਹਾਂ ਵੱਲੋਂ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਗਿਆ। ਸਰਕਾਰੀ ਤੰਤਰ ਵੱਲੋਂ ਅੱਖਾਂ ਮੀਟ ਲੈਣ ਤੋਂ ਬਾਅਦ ਅਖ਼ੀਰ ਤੰਗ ਆ ਕੇ ਮੁਹੱਲੇ ਵਾਲਿਆਂ ਨੇ ਖ਼ੁਦ ਆਪਸ ’ਚ ਪੈਸੇ ਇਕੱਠੇ ਕੀਤੇ ਅਤੇ ਇੱਕ ਪ੍ਰਾਈਵੇਟ ਬਿਜਲੀ ਮਕੈਨਿਕ ਨੂੰ ਬੁਲਾ ਕੇ ਬਿਜਲੀ ਦੀ ਖ਼ਰਾਬੀ ਨੂੰ ਠੀਕ ਕਰਵਾਇਆ। ਪਾਵਰਕੌਮ ਅਤੇ ਪ੍ਰਸ਼ਾਸਨ ਦੇ ਇਸ ਅੜੀਅਲ ਰਵੱਈਏ ਦੇ ਰੋਸ ਵਜੋਂ ਸਮੂਹ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੰਦਿਆਂ ਕਹਾ ਕਿ ਜੇਕਰ ਇਸ ਗੰਭੀਰ ਸਮੱਸਿਆ ਦਾ ਤੁਰੰਤ ਅਤੇ ਪੱਕਾ ਹੱਲ ਨਾ ਕੀਤਾ ਗਿਆ, ਤਾਂ ਮੁਹੱਲਾ ਨਿਵਾਸੀ ਸੜਕਾਂ ’ਤੇ ਉਤਰ ਕੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸ਼ਾਸਨ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਰੋਸ ਪ੍ਰਦਰਸ਼ਨ ਦੇ ਮੌਕੇ ਮੰਗਾ ਜੌਹਲ, ਸ਼ੰਟੂ, ਪ੍ਰਕਾਸ਼ ਸਿੰਘ, ਜਤਿੰਦਰ ਪਾਲ ਸਿੰਘ, ਅਮਰਜੀਤ ਖਿੱਚੀ, ਸੋਨਾ, ਸ਼ੰਟੀ, ਚਮੇਲੀ, ਕ੍ਰਿਸ਼ਨਾ, ਬਿੱਲੋ, ਕੁਲਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ।