
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗਊਸ਼ਾਲਾ ਲਈ ਸਰਕਾਰ ਮੁਹੱਈਆ ਕਰਵਾਏ ਸਰਕਾਰੀ ਜ਼ਮੀਨ : ਮਾਨਕ ਬਾਬਾ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਗਊ ਸੇਵਾ ਨੂੰ ਸਮਰਪਿਤ ਮਾਨਕ ਬਾਬਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਗਊਆਂ, ਨੰਦੀਆਂ ਅਤੇ ਬੇਸਹਾਰਾ ਕੁੱਤਿਆਂ ਸਮੇਤ ਹੋਰ ਪਸ਼ੂਆਂ ਦੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ। ਮਾਨਕ ਬਾਬਾ ਵੱਲੋਂ ਸੜਕਾਂ ਅਤੇ ਹੋਰ ਥਾਵਾਂ ’ਤੇ ਬੇਸਹਾਰਾ ਘੁੰਮ ਰਹੀਆਂ ਗਊਆਂ ਅਤੇ ਨੰਦੀਆਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਜ਼ਖ਼ਮੀ ਜਾਂ ਕਿਸੇ ਕਾਰਨ ਕਰਕੇ ਮਰ ਜਾਣ ਵਾਲੇ ਪਸ਼ੂਆਂ ਦੀ ਸੰਭਾਲ ਅਤੇ ਅੰਤਿਮ ਸੰਸਕਾਰ ਦੀ ਸੇਵਾ ਵੀ ਕੀਤੀ ਜਾਂਦੀ ਹੈ। ਮਾਨਕ ਬਾਬਾ ਨੇ ਕਿਹਾ ਕਿ ਗਊਆਂ ਅਤੇ ਨੰਦੀਆਂ ਦੀ ਸੇਵਾ ਬਹੁਤ ਵੱਡੀ ਸੇਵਾ ਹੈ, ਪਰ ਇਸ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਲਈ ਵੱਡੇ ਪੱਧਰ ’ਤੇ ਖਰਚਾ ਵੀ ਹੁੰਦਾ ਹੈ। ਪਸ਼ੂਆਂ ਲਈ ਚਾਰਾ, ਪਾਣੀ, ਦਵਾਈਆਂ, ਇਲਾਜ ਅਤੇ ਹੋਰ ਜ਼ਰੂਰੀ ਪ੍ਰਬੰਧ ਕਰਨ ਲਈ ਲਗਾਤਾਰ ਵਿੱਤੀ ਸਰੋਤਾਂ ਦੀ ਲੋੜ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਪਣੀ ਗਊਸ਼ਾਲਾ ਸਥਾਪਤ ਕਰਨ ਲਈ ਲੋੜੀਂਦੀ ਜ਼ਮੀਨ ਨਹੀਂ ਹੈ। ਇਸ ਲਈ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸਰਕਾਰੀ ਜ਼ਮੀਨ ਮੁਹੱਈਆ ਕਰਵਾਈ ਜਾਵੇ, ਜਿੱਥੇ ਇੱਕ ਸੁਚੱਜੀ ਗਊਸ਼ਾਲਾ ਸਥਾਪਤ ਕਰਕੇ ਗਊਆਂ ਅਤੇ ਨੰਦੀਆਂ ਦੀ ਸਥਾਈ ਤੌਰ ’ਤੇ ਦੇਖਭਾਲ ਕੀਤੀ ਜਾ ਸਕੇ। ਮਾਨਕ ਬਾਬਾ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜ਼ਮੀਨ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਉੱਥੇ ਗਊਆਂ ਅਤੇ ਨੰਦੀਆਂ ਲਈ ਰਹਿਣ, ਚਾਰੇ, ਪਾਣੀ ਅਤੇ ਇਲਾਜ ਦੇ ਯੋਗ ਪ੍ਰਬੰਧ ਕੀਤੇ ਜਾ ਸਕਦੇ ਹਨ। ਇਸ ਨਾਲ ਸੜਕਾਂ ’ਤੇ ਬੇਸਹਾਰਾ ਘੁੰਮ ਰਹੀਆਂ ਗਊਆਂ ਅਤੇ ਨੰਦੀਆਂ ਨੂੰ ਸੁਰੱਖਿਅਤ ਆਸਰਾ ਮਿਲੇਗਾ ਅਤੇ ਲੋਕਾਂ ਨੂੰ ਵੀ ਕਈ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਸਮਰੱਥਾ ਅਨੁਸਾਰ ਲੰਬੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਹਨ ਅਤੇ ਅੱਗੇ ਵੀ ਇਸ ਨੇਕ ਕਾਰਜ ਨੂੰ ਜਾਰੀ ਰੱਖਣ ਲਈ ਵਚਨਬੱਧ ਹਨ। ਉਨ੍ਹਾਂ ਅਨੁਸਾਰ ਸਰਕਾਰ ਵੱਲੋਂ ਜੇਕਰ ਗਊਸ਼ਾਲਾ ਲਈ ਜ਼ਮੀਨ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਇਹ ਗਊ ਸੇਵਾ ਅਤੇ ਪਸ਼ੂ ਸੁਰੱਖਿਆ ਵੱਲ ਇੱਕ ਵੱਡਾ ਕਦਮ ਹੋਵੇਗਾ। ਮਾਨਕ ਬਾਬਾ ਨੇ ਪੰਜਾਬ ਸਰਕਾਰ ਅਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਤੋਂ ਜਲਦ ਸਰਕਾਰੀ ਜ਼ਮੀਨ ਮੁਹੱਈਆ ਕਰਵਾਉਣ ਲਈ ਯੋਗ ਕਾਰਵਾਈ ਕੀਤੀ ਜਾਵੇ, ਤਾਂ ਜੋ ਇੱਕ ਸਥਾਈ ਗਊਸ਼ਾਲਾ ਬਣਾਈ ਜਾ ਸਕੇ ਅਤੇ ਗਊਆਂ ਤੇ ਨੰਦੀਆਂ ਦੀ ਸੇਵਾ ਹੋਰ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਬੇਸਹਾਰਾ ਗਊਆਂ ਅਤੇ ਨੰਦੀਆਂ ਨੂੰ ਸੜਕਾਂ ’ਤੇ ਭਟਕਣਾ ਨਾ ਪਵੇ। ਜੇਕਰ ਸਰਕਾਰ ਜ਼ਮੀਨ ਮੁਹੱਈਆ ਕਰਵਾਏ ਤਾਂ ਅਸੀਂ ਉੱਥੇ ਗਊਸ਼ਾਲਾ ਸਥਾਪਤ ਕਰਕੇ ਆਪਣੀ ਪੂਰੀ ਸਮਰੱਥਾ ਨਾਲ ਗਊ ਸੇਵਾ ਕਰਾਂਗੇ।