ਪੰਨੀਵਾਲਾ ਫੱਤਾ ’ਚ 1975 ’ਚ ਬਣਿਆ ਇਤਿਹਾਸਕ ਖ਼ਾਲ ਅਣਦੇਖੀ ਦਾ ਸ਼ਿਕਾਰ -ਸਰਕਾਰੀ ਦਾਅਵਿਆਂ ਦੀ ਫੂਕ ਨਿਕਲੀ-
Publish Date: Tue, 14 Jul 2026 03:45 PM (IST)
Updated Date: Tue, 14 Jul 2026 03:45 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀਵਾਲਾ ਫੱਤਾ ’ਚ ਸਭ ਤੋਂ ਪਹਿਲਾਂ ਅਰਨੀ ਵਾਲਾ ਡਿਸਟਰੀਬਿਊਟਰ ਵਿੱਚੋਂ ਲੱਗਿਆ ਇਤਿਹਾਸਕ ਮੋਘਾ ਨੰਬਰ 87139 (ਐਲ), ਜਿਸਨੂੰ ਕਿਸੇ ਵੇਲੇ ‘ਦੁਨਾਲਾ ਮੋਘਾ’ ਵਜੋਂ ਜਾਣਿਆ ਜਾਂਦਾ ਸੀ, ਅੱਜ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਅਣਦੇਖੀ ਦੇ ਹੰਝੂ ਕੇਰ ਰਿਹਾ ਹੈ। ਸਾਲ 1975 ਵਿੱਚ ਗਿਆਨੀ ਜ਼ੈਲ ਸਿੰਘ ਸਰਕਾਰ ਦੌਰਾਨ ਪੱਕੇ ਕੀਤੇ ਗਏ ਇਸ ਮੋਘੇ ਅਤੇ ਇਸ ਦੀਆਂ ਸ਼ਾਖਾਵਾਂ ਦਾ ਹੁਣ ਵਜੂਦ ਹੀ ਖ਼ਤਮ ਹੋਣ ਕਿਨਾਰੇ ਹੈ। ਪੱਕੀਆਂ ਇੱਟਾਂ ਖ਼ੁਰ ਚੁੱਕੀਆਂ ਹਨ ਅਤੇ ਖ਼ਾਲ ਮੁੜ ਕੱਚੇ ਰੂਪ ਚ ਤਬਦੀਲ ਹੋ ਗਏ ਹਨ, ਜਿਸ ਕਾਰਨ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ। ਤਿੰਨ ਹਿੱਸਿਆਂ ਚ ਵੰਡਿਆ ਮੋਘਾ, ਪਾਣੀ ਖੂਹ-ਖਾਤੇ ਸਮੇਂ ਦੇ ਬੀਤਣ ਨਾਲ ਇਸ ਮੁੱਖ ਮੋਘੇ ਵਿੱਚੋਂ ਤਿੰਨ ਹੋਰ ਮੋਘੇ ਕੱਢ ਦਿੱਤੇ ਗਏ, ਜਿਸ ਕਾਰਨ ਇਸ ਵਿੱਚ ਪਾਣੀ ਦਾ ਵਹਾਅ ਬਹੁਤ ਘੱਟ ਰਹਿ ਗਿਆ ਹੈ। ਖ਼ਾਲਾਂ ਦੀ ਹਾਲਤ ਖ਼ਸਤਾ ਹੋਣ ਕਾਰਨ ਪਾਣੀ ਖੇਤਾਂ ਤੱਕ ਪਹੁੰਚਣ ਦੀ ਬਜਾਏ ਖੁੱਡਾਂ ਅਤੇ ਰਾਹਾਂ ਚ ਹੀ ਜ਼ਾਇਆ ਹੋ ਜਾਂਦਾ ਹੈ। ਸੂਬੇ ਚ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸਾਨਾਂ ਦੀ ਇਸ ਮੁਢਲੀ ਮੰਗ ਵੱਲ ਕਿਸੇ ਨੇ ਕੰਨ ਨਹੀਂ ਧਰਿਆ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਚ ਚਾਰ-ਇੰਚੀ ਖ਼ਾਲਾਂ ਨੂੰ ਨੌਂ-ਇੰਚੀ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਲੰਬੀ ਹਲਕੇ ਦੇ ਇਸ ਪਿੰਡ ਚ ਸਰਕਾਰ ਦਾ ਇਹ ਫ਼ਰਮਾਨ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ। ਅਣਦੇਖੀ ਦੀ ਹੱਦ ਤਾਂ ਇਹ ਹੈ ਕਿ ਇਸ ਹਲਕੇ ਦੀ ਨੁਮਾਇੰਦਗੀ ਖ਼ੁਦ ਕੈਬਨਿਟ ਮੰਤਰੀ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਕਰ ਰਹੇ ਹਨ। ਰੁਪਿੰਦਰ ਸਿੰਘ ਕਾਲਾ ਜਟਾਣਾਂ ਨੇ ਦੱਸਿਆ ਕਿ ਮੇਰੀ ਸਾਰੀ ਜ਼ਮੀਨ ਇਸੇ ਮੋਘੇ ਕਮਾਂਡ ਹੇਠ ਆਉਂਦੀ ਹੈ। ਪੱਕਾ ਖ਼ਾਲ ਨਾ ਹੋਣ ਕਾਰਨ ਪਾਣੀ ਲਾਉਣਾ ਮੁਸ਼ਕਲ ਹੋ ਗਿਆ ਹੈ, ਜਿਸ ਕਾਰਨ ਮਜਬੂਰਨ ਟਿਊਬਵੈੱਲ ਦਾ ਮਾੜਾ ਪਾਣੀ ਵਰਤ ਕੇ ਜ਼ਮੀਨਾਂ ਖ਼ਰਾਬ ਕਰਨੀਆਂ ਪੈ ਰਹੀਆਂ ਹਨ। ਦੂਜੇ ਪਿੰਡਾਂ ਦੇ ਲੋਕ ਸਾਨੂੰ ਮਖੌਲ ਕਰਦੇ ਹਨ ਕਿ ਸਭ ਦੇ ਖ਼ਾਲ ਨੌਂ-ਇੰਚੀ ਹੋ ਗਏ, ਪਰ ਤੁਹਾਡਾ ਸਭ ਤੋਂ ਪੁਰਾਣਾ ਮੋਘਾ ਅਜੇ ਵੀ ਕੱਚਾ ਹੈ। ਸਮਝ ਨਹੀਂ ਆਉਂਦੀ ਕਿ ਸਰਕਾਰ ਸਾਡੇ ਨਾਲ ਕੀ ਵੈਰ ਕੱਢ ਰਹੀ ਹੈ। ਗੁਰਦੇਵ ਸਿੰਘ ਜਟਾਣਾ ਨੇ ਦੱਸਿਆ ਕਿ ਅਸੀਂ ਕਈ ਵਾਰ ਆਪਣੇ ਪੱਲਿਓਂ ਪੈਸੇ ਖ਼ਰਚ ਕੇ ਸੀਮੈਂਟ ਅਤੇ ਲੇਬਰ ਲਾ ਕੇ ਖ਼ਾਲ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿੱਥੇ ਇੱਟਾਂ ਦਾ ਨਾਮੋ-ਨਿਸ਼ਾਨ ਹੀ ਨਾ ਹੋਵੇ, ਉੱਥੇ ਸੀਮੈਂਟ ਵੀ ਕਿਵੇਂ ਟਿਕੇ? ਸਰਕਾਰ ਦੇ ਸਾਰੇ ਵਾਅਦੇ ਝੂਠੇ ਹਨ। ਅਸੀਂ ਮੰਤਰੀ ਸਾਹਿਬ ਤੋਂ ਕੋਈ ਹੋਰ ਮੰਗ ਨਹੀਂ ਮੰਗੀ, ਸਿਰਫ਼ ਇਸ ਖ਼ਾਲ ਨੂੰ ਪੱਕਾ ਕਰਨ ਦੀ ਗੁਹਾਰ ਲਾ ਰਹੇ ਹਾਂ, ਪਰ ਕੋਈ ਸੁਣਵਾਈ ਨਹੀਂ। ਬੇਅੰਤ ਸਿੰਘ ਜਟਾਣਾ ਨੇ ਦੱਸਿਆ ਕਿ ਆਪ ਸਰਕਾਰ ਦੇ ਆਉਣ ਅਤੇ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਕੈਬਨਿਟ ਮੰਤਰੀ ਬਣਨ ਤੇ ਸਾਨੂੰ ਵੱਡੀ ਆਸ ਬੱਝੀ ਸੀ ਕਿ ਹੁਣ ਸਾਡੇ ਦਿਨ ਫ਼ਿਰਨਗੇ। ਪਰ ਸਾਡੀ ਇਹ ਖ਼ੁਸ਼ੀ ਜਲਦੀ ਹੀ ਨਿਰਾਸ਼ਾ ਵਿੱਚ ਬਦਲ ਗਈ ਕਿਉਂਕਿ ਸਾਡੀ ਮੁੱਖ ਮੰਗ ਨੂੰ ਲਗਾਤਾਰ ਰੱਦੀ ਦੀ ਟੋਕਰੀ ਵਿੱਚ ਸੁੱਟਿਆ ਜਾ ਰਿਹਾ ਹੈ। ਮੰਤਰੀ ਦੇ ਦੌਰਿਆਂ ਦੌਰਾਨ ਸਿਰਫ਼ ਮਿਲਦੇ ਹਨ ਭਰੋਸੇ ਪਿੰਡ ਵਾਸੀਆਂ ਅਨੁਸਾਰ ਜਦੋਂ ਵੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਿੰਡ ਦਾ ਦੌਰਾ ਕਰਦੇ ਹਨ ਤਾਂ ਕਿਸਾਨ ਮੰਗ ਪੱਤਰ ਲੈ ਕੇ ਪਹੁੰਚ ਜਾਂਦੇ ਹਨ। ਜੇਕਰ ਮੰਤਰੀ ਜੀ ਆਪਣੇ ਦਫ਼ਤਰ ਵਿੱਚ ਆਈਆਂ ਦਰਖਾਸਤਾਂ ਦੀ ਗਿਣਤੀ ਕਰਨ ਤਾਂ ਸਭ ਤੋਂ ਵੱਧ ਮੰਗ ਪੱਤਰ ਇਸੇ ਮੋਘੇ ਦੇ ਹੋਣਗੇ, ਪਰ ਹਾਲੇ ਤੱਕ ਨਤੀਜਾ ਸਿਫ਼ਰ ਰਿਹਾ ਹੈ। ਇਸ ਸਾਰੇ ਮਾਮਲੇ ਸਬੰਧੀ ਜਦੋਂ ਕੈਬਨਿਟ ਮੰਤਰੀ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਨਾਲ ਉਨ੍ਹਾਂ ਦੇ ਫ਼ੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਦਾ ਮੋਬਾਈਲ ਫ਼ੋਨ ਬੰਦ ਆ ਰਿਹਾ ਸੀ।