ਸ਼੍ਰੀ ਰਾਮ ਭਵਨ ਵਿਖੇ ਕਾਰਤਿਕ ਮਹੋਤਸਵ ਤਹਿਤ ਗੋਪਾਸਾਸ਼ਮੀ ਉਤਸਵ ਸ੍ਰੀ ਰਾਮ ਭਵਨ ਵਿਖੇ ਕਾਰਤਿਕ ਮਹੋਤਸਵ ਤਹਿਤ ਗੋਪਾਸਾਸ਼ਮੀ ਉਤਸਵ
Publish Date: Tue, 17 Nov 2026 03:47 PM (IST)
Updated Date: Tue, 17 Nov 2026 03:48 PM (IST)
ਪੰਜਾਬੀ ਜਾਗਰਣ ਰਿਪੋਰਟਰ, ਮੁਕਤਸਰ ਸਾਹਿਬ : ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਆਯੋਜਿਤ ਸਲਾਨਾ ਕਾਰਤਿਕ ਮਹੋਤਸਵ ਤਹਿਤ ਮੰਗਲਵਾਰ ਨੂੰ ਦੇਵਭੂਮੀ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸੁਆਮੀ ਕਮਲਾਨੰਦ ਗਿਰੀ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਗੋਪਾਸਾਸ਼ਮੀ ਉਤਸਵ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮਹਾਮੰਡਲੇਸ਼ਵਰ ਸੁਆਮੀ ਕਮਲਾਨੰਦ ਗਿਰੀ ਜੀ ਨੇ ਸ਼ਰਧਾਲੂਆਂ ਨੂੰ ਗਊ ਸੇਵਾ ਦਾ ਮਹੱਤਵ ਦੱਸਦਿਆਂ ਗਊਆਂ ਦੀ ਰੋਜ਼ਾਨਾ ਸੇਵਾ ਕਰਨ ਦੀ ਗੱਲ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੌ ਹੱਤਿਆ ਮਹਾਂ ਪਾਪ ਹੈ, ਇਸ ਦਾ ਬਹੁਤ ਵੱਡਾ ਅਪਰਾਧ ਲੱਗਦਾ ਹੈ। ਗਊ ਵੰਸ਼ ਦੀ ਸੇਵਾ ਕਰਨਾ ਤੇ ਉਨ੍ਹਾਂ ਦੀ ਰੱਖਿਆ ਕਰਨਾ ਮਨੁੱਖ ਜਾਤੀ ਦਾ ਫਰਜ਼ ਬਣਦਾ ਹੈ। ਇਸ ਲਈ ਗਾਵਾਂ ਦੀ ਸੇਵਾ ਦੇ ਨਾਲ-ਨਾਲ ਉਨ੍ਹਾਂ ਦੀ ਰੱਖਿਆ ਲਈ ਵੀ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਗਾਂ ਦੀ ਸੇਵਾ ਮਾਤਰ ਕਰਨ ਨਾਲ ਹੀ ਸਾਰੇ ਦੇਵੀ-ਦੇਵਤਿਆਂ ਦੀ ਸੇਵਾ ਦਾ ਪੁੰਨ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਦਿਨ ਭਰ ਦੇ ਕੰਮ-ਕਾਰ ’ਚੋਂ ਕੁਝ ਸਮਾਂ ਕੱਢ ਕੇ ਗਊ ਸੇਵਾ ਦਾ ਪੁੰਨ ਜ਼ਰੂਰ ਕਮਾਓ। ਗਊ ਸੇਵਾ ਸਮਾਨ ਕੋਈ ਸੇਵਾ ਨਹੀਂ ਹੈ, ਇਹ ਸਭ ਤੋਂ ਉੱਤਮ ਸੇਵਾ ਹੈ। ਸੁਆਮੀ ਜੀ ਨੇ ਕਿਹਾ ਕਿ ਹਿੰਦੂ ਸੰਸਕ੍ਰਿਤੀ ’ਚ ਗਊ ਤੇ ਗੋਪਾਸਾਸ਼ਮੀ ਦਾ ਖਾਸ ਸਥਾਨ ਹੈ। ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਇੱਕ ਮਾਂ ਦਾ ਹਿਰਦਾ ਕੋਮਲ ਹੁੰਦਾ ਹੈ, ਉਸੇ ਤਰ੍ਹਾਂ ਗਊ ਮਾਤਾ ਦਾ ਹਿਰਦਾ ਵੀ ਕੋਮਲ ਹੁੰਦਾ ਹੈ। ਉਤਸਵ ਦੌਰਾਨ ਸੁਆਮੀ ਜੀ ਮਹਾਰਾਜ ਨੇ ਜਿੱਥੇ ਸ਼ਰਧਾਲੂਆਂ ਨੂੰ ਭਜਨ ਸੇਵਾ ਗਊ ਦੀ ਤੂੰ ਕਰ ਚਿੱਤ ਲਾ, ਸਵਰਗਾਂ ਨੂੰ ਜਾਏਂਗਾ ਮਨਾਾਂ... ਸੁਣਾ ਕੇ ਆਨੰਦਿਤ ਕਰ ਦਿੱਤਾ, ਉੱਥੇ ਹੀ ਭਜਨ ਮਾਤਾ ਸੇ ਭੀ ਜਿਸ ਮਾਤਾ ਨੇ ਜ਼ਿਆਦਾ ਦੂਧ ਪਿਲਾਇਆ, ਕੈਸੇ ਹੋ ਤੁਮ ਭਗਤ ਗਊ ਕੇ ਧਿਆਨ ਨਾ ਤੁਮਕੋ ਆਇਆ... ਤੇ ਮਨਾਂ ਚੱਲ ਬ੍ਰਿੰਦਾਵਨ ਚੱਲੀਏ, ਜਿੱਥੇ ਰਹਿੰਦੇ ਨੇ ਬੇਪਰਵਾਹ...ਸੁਣਾ ਕੇ ਨਿਹਾਲ ਕੀਤਾ। ਭਾਈ ਰਮਨ ਜੈਨ ਨੇ ਵੀ ਸ਼ਰਧਾਲੂਆਂ ਨੂੰ ਭਜਨ ਗੰਗਾ ’ਚ ਡੁਬਕੀਆਂ ਲਗਵਾਈਆਂ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਭਜਨ ਨੀ ਮੈਨੂੰ ਸ਼ਿਆਮ ਦੇ ਦੁਆਰੇ ’ਤੇ ਨੱਚ ਲੈਣ ਦੇ...ਤੇ ਨੀ ਮੈਂ ਗੂੜ੍ਹੀ ਪ੍ਰੀਤਾਂ ਲਾ ਲਈਆਂ ਸਾਂਵਰੇ ਦੇ ਨਾਲ... ਸੁਣਾ ਕੇ ਝੂਮਣ ਲਈ ਮਜ਼ਬੂਰ ਕਰ ਦਿੱਤਾ। ਗੋਪਾਸਾਸ਼ਮੀ ਮੌਕੇ ਪ੍ਰਸਾਦ ਵੰਡਣ ਦੀ ਸੇਵਾ ਮਹਿੰਦਰ ਪਾਲ-ਵੀਣਾ ਸਿੰਗਲਾ, ਸਮੁੱਚੇ ਸਿੰਗਲਾ ਪਰਿਵਾਰ ਵੱਲੋਂ ਕੀਤੀ ਗਈ।