ਮੁਫ਼ਤ ਬੁੱਕ ਬੈਂਕ ਵਿਦਿਆਰਥੀਆਂ ਲਈ ਬਣਿਆ ਵਰਦਾਨ
ਮੁਫ਼ਤ ਬੁੱਕ ਬੈਂਕ ਵਿਦਿਆਰਥੀਆਂ ਲਈ ਬਣਿਆ ਵਰਦਾਨ
Publish Date: Sat, 04 Apr 2026 04:53 PM (IST)
Updated Date: Sat, 04 Apr 2026 04:55 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਮੌਜੂਦਾ ਸਮੇਂ ’ਚ ਆਮ ਮਾਪੇ ਅਸਮਾਨ ਛੂਹ ਰਹੇ ਸਿੱਖਿਆ ਖਰਚਿਆਂ ਕਾਰਨ ਬਹੁਤ ਚਿੰਤਤ ਹਨ। ਸਕੂਲਾਂ, ਇੰਸਟੀਚਿਊਟਸ, ਕੋਚਿੰਗ ਕਲਾਸਾਂ ਦੀ ਮਹਿੰਗੀ ਪੜ੍ਹਾਈ ਦੇ ਨਾਲ-ਨਾਲ, ਮਹਿੰਗੀਆਂ ਕਿਤਾਬਾਂ ਨੇ ਮਾਪਿਆਂ ਦੀ ਆਰਥਿਕ ਪੱਖੋਂ ਕਮਰ ਤੋੜ ਦਿੱਤੀ ਹੈ। ਵਿਦਿਆਰਥੀਆਂ ਦੇ ਕਿਤਾਬਾਂ ਦੇ ਖਰਚਿਆਂ ਨੂੰ ਘਟਾਉਣ ਲਈ 4 ਸਮਾਜ ਸੇਵਕਾਂ ਸੇਵਾਮੁਕਤ ਫਾਰਮੇਸੀ ਅਧਿਕਾਰੀ ਅਜੈ ਗੋਇਲ, ਐਡਵੋਕੇਟ ਲਵਲੀਸ਼ ਗੋਇਲ, ਵਿਪਿਨ ਬਾਂਸਲ ਭੋਲਾ ਅਤੇ ਐਡਵੋਕੇਟ ਐਨਡੀ ਸਿੰਗਲਾ ਨੇ ਤਿੰਨ ਸਾਲ ਪਹਿਲਾਂ ਪੰਚਾਇਤ ਧਰਮਸ਼ਾਲਾ, ਬੱਸ ਸਟੈਂਡ ਗਿੱਦੜਬਾਹਾ ਦੇ ਨੇੜੇ ਇਹ ਬੁੱਕ ਬੈਂਕ ਸ਼ੁਰੂ ਕੀਤਾ ਸੀ। ਇਸ ਬੁੱਕ ਬੈਂਕ ਨੂੰ ਪਹਿਲੇ ਸਾਲ ਹੀ ਲੋਕਾਂ ਵੱਲੋਂ ਬਹੁਤ ਉਤਸ਼ਾਹ ਮਿਲਿਆ ਅਤੇ ਘਰ ’ਚ ਪਈਆਂ ਵੱਡੀ ਗਿਣਤੀ ’ਚ ਕਿਤਾਬਾਂ ਇਸ ਬੁੱਕ ਬੈਂਕ ਨੂੰ ਦਾਨ ਕੀਤੀਆਂ ਗਈਆਂ, ਜਿਸ ਕਾਰਨ ਪਹਿਲੇ ਸਾਲ ਲਗਭਗ 125 ਵਿਦਿਆਰਥੀਆਂ ਨੇ ਬੁੱਕ ਬੈਂਕ ਤੋਂ ਕਿਤਾਬਾਂ ਪ੍ਰਾਪਤ ਕਰਕੇ ਪੜ੍ਹਾਈ ਕੀਤੀ, ਜਦੋਂ ਕਿ ਪਿਛਲੇ ਸਾਲ ਅਤੇ ਇਸ ਸਾਲ ਕਿਤਾਬਾਂ ਦਾਨ ਕਰਨ ਅਤੇ ਕਿਤਾਬਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਹੁਣ ਲੋਕ ਦੂਰ-ਦੁਰਾਡੇ ਸ਼ਹਿਰਾਂ ਤੋਂ ਵੀ ਇਸ ਬੁੱਕ ਬੈਂਕ ਲਈ ਕਿਤਾਬਾਂ ਭੇਜ ਰਹੇ ਹਨ। ਮੁਫ਼ਤ ਬੁੱਕ ਬੈਂਕ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਬੈਂਕ ਤੋਂ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਹਰ ਤਰ੍ਹਾਂ ਦੇ ਬੋਰਡਾਂ ਨਾਲ ਸਬੰਧਤ ਕਿਤਾਬਾਂ, ਮੈਡੀਕਲ, ਨਾਨ-ਮੈਡੀਕਲ, ਕੰਪੀਟੀਸ਼ਨ, ਨੌਕਰੀ ਪ੍ਰਾਪਤ ਕਰਨ ਲਈ ਲੋੜੀਂਦੀਆਂ ਕਿਤਾਬਾਂ, ਵੱਖ-ਵੱਖ ਸੰਸਥਾਵਾਂ ਦੇ ਛਪੇ ਅਤੇ ਹੱਥ ਲਿਖਤ ਨੋਟਸ ਵੀ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਜੇਕਰ ਮੁਫਤ ਬੁੱਕ ਬੈਂਕ ਵਿੱਚ ਕੋਈ ਕਿਤਾਬ ਉਪਲਬਧ ਨਹੀਂ ਹੈ, ਤਾਂ ਅਜਿਹੇ ਹਾਲਾਤਾਂ ਵਿੱਚ, ਜੇਕਰ ਕਿਸੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀ ਨੂੰ ਆਪਣੇ ਵਿਸ਼ੇ ਨਾਲ ਸਬੰਧਤ ਕਿਤਾਬ ਦੀ ਲੋੜ ਹੁੰਦੀ ਹੈ, ਤਾਂ ਬੁੱਕ ਬੈਂਕ ਪ੍ਰਬੰਧਕਾਂ ਵੱਲੋਂ ਖੁਦ ਅਤੇ ਦਾਨੀ ਲੋਕਾਂ ਦੀ ਮਦਦ ਨਾਲ ਉਹ ਵੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ। ਇੰਨਾ ਹੀ ਨਹੀਂ ਮੁਫਸ਼ਤ ਬੁੱਕ ਬੈਂਕ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਵਿਦਿਆਰਥੀਆਂ ਦੀ ਸਕੂਲ ਅਤੇ ਯੂਨੀਵਰਸਿਟੀ ਫੀਸ ਵੀ ਅਦਾ ਕੀਤੀ ਜਾ ਰਹੀ ਹੈ, ਜੋ ਆਰਥਿਕ ਤੌਰ ’ਤੇ ਕਮਜ਼ੋਰ ਹਨ ਪਰ ਪੜ੍ਹਾਈ ’ਚ ਹੁਸ਼ਿਆਰ ਹਨ।