ਸੀਵਰੇਜ ਦੇ ਗੰਦੇ ਪਾਣੀ ਨੇ ਗੁਰਦੁਆਰਾ ਸਾਹਿਬ ਦੇ ਨਾਕੇ ਕੀਤੇ ਬਦਸੂਰਤ ਸੀਵਰੇਜ ਦੇ ਗੰਦੇ ਪਾਣੀ ਨੇ ਗੁਰਦੁਆਰਾ ਸਾਹਿਬ ਦੇ ਨਾਕੇ ਕੀਤੇ ਬਦਸੂਰਤ
Publish Date: Fri, 07 Aug 2026 04:01 PM (IST)
Updated Date: Fri, 07 Aug 2026 04:02 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਸਥਾ ਨਾਲ ਪ੍ਰਸ਼ਾਸਨਿਕ ਲਾਪਰਵਾਹੀ ਵੱਡਾ ਖਿਲਵਾੜ ਕਰ ਰਹੀ ਹੈ। ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਆਲੇ-ਦੁਆਲੇ ਦੇ ਨਾਕਿਆਂ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਵੱਲੋਂ ਗਲਿਆਰਾ ਯੋਜਨਾ ਅਧੀਨ 8 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਪ੍ਰੋਜੈਕਟ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਟੂਰਿਜ਼ਮ ਵਿਭਾਗ ਕੋਲ ਹੈ, ਜਿਸ ਲਈ 3 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਸੀ। ਪਰ ਅਫਸੋਸ, ਅਧਿਕਾਰੀਆਂ ਦੀ ਅਣਗਹਿਲੀ ਅਤੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਕਰੋੜਾਂ ਦਾ ਇਹ ਪ੍ਰੋਜੈਕਟ ਵਿਚਕਾਰ ਹੀ ਲਟਕ ਗਿਆ ਹੈ। ਸਥਿਤੀ ਇਹ ਹੈ ਕਿ ਨਾਕਾ ਨੰਬਰ 2 ਪਿਛਲੇ ਛੇ ਮਹੀਨਿਆਂ ਤੋਂ ਮੁਕੰਮਲ ਬੰਦ ਪਿਆ ਹੈ। ਸਭ ਤੋਂ ਬੁਰਾ ਹਾਲ ਨਾਕਾ ਨੰਬਰ 6 ਦਾ ਹੈ, ਜੋ ਕਿ ਗੁਰਦੁਆਰਾ ਸ੍ਰੀ ਤੰਬੂ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਨਿਹੰਗਾਂ ਦੀ ਛਾਉਣੀ ਅਤੇ ਰਾਮਗੜ੍ਹੀਆ ਗੁਰਦੁਆਰੇ ਨੂੰ ਜੋੜਨ ਵਾਲਾ ਮੁੱਖ ਰਸਤਾ ਹੈ। ਛੇ ਮਹੀਨਿਆਂ ਤੋਂ ਇਸ ਨਾਕੇ ’ਤੇ ਪਿਛਲੇ ਛੇ ਮਹੀਨਿਆਂ ਤੋਂ ਸੀਵਰੇਜ ਦਾ ਬਦਬੂਦਾਰ ਪਾਣੀ ਜਮ੍ਹਾਂ ਹੈ। ਖੂਬਸੂਰਤੀ ਦੇ ਨਾਂ ਤੇ ਪੁੱਟੇ ਖੱਡੇ. ਨਾਕੇ ਨੂੰ ਸੁਸ਼ੋਭਿਤ ਕਰਨ ਲਈ ਪੁੱਟਿਆ ਤਾਂ ਗਿਆ, ਪਰ ਹੁਣ ਖੜ੍ਹੇ ਪਾਣੀ ਨਾਲ ਇਹ ਥਾਂ ਦਲਦਲ ਬਣ ਚੁੱਕੀ ਹੈ।ਸੁਰੱਖਿਆ ਤੇ ਵੱਡਾ ਸਵਾਲ, ਸੀਵਰੇਜ ਦੇ ਕਈ ਢੱਕਣ ਟੁੱਟੇ ਹੋਏ ਹਨ, ਜਿਸ ਨਾਲ ਕਿਸੇ ਵੱਡੇ ਹਾਦਸੇ ਦਾ ਡਰ ਬਣਿਆ ਹੋਇਆ ਹੈ। ਸਥਾਨਕ ਨਿਵਾਸੀ ਗੁਰਪਾਲ ਸਿੰਘ ਅਨੁਸਾਰ ਖੜ੍ਹੇ ਪਾਣੀ ਕਾਰਨ ਮੱਛਰਾਂ ਦੀ ਭਰਮਾਰ ਹੋ ਚੁੱਕੀ ਹੈ ਅਤੇ ਛੱਪੜ ਵਰਗੀ ਬਦਬੂ ਨਾਲ ਬੀਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਸਰਕਾਰੀ ਵਿਭਾਗਾਂ ਦੀ ‘ਜ਼ਿੰਮੇਵਾਰੀ ਤੋਂ ਭੱਜਣ’ ਦੀ ਖੇਡ ਇਸ ਗੰਭੀਰ ਮੁੱਦੇ ’ਤੇ ਦੋਵੇਂ ਸਬੰਧਤ ਵਿਭਾਗ ਆਪਣਾ ਪੱਲਾ ਝਾੜਦੇ ਨਜ਼ਰ ਆ ਰਹੇ ਹਨ। ਇਸ ਸਬੰਧੀ ਕੇਵਲ ਗਰਗ ਕਾਰਜਕਾਰੀ ਇੰਜੀਨੀਅਰ ਜਨ ਸਿਹਤ/ਸੀਵਰੇਜ ਵਿਭਾਗ ਨੇ ਕਿਹਾ ਕਿ ਅਸੀਂ ਦੋ ਹਫ਼ਤੇ ਪਹਿਲਾਂ ਹੀ ਸੀਵਰੇਜ ਦਾ ਕੰਮ ਮੁਕੰਮਲ ਕਰਕੇ ਟੂਰਿਜ਼ਮ ਵਿਭਾਗ ਨੂੰ ਹੁਕਮਾਂ ਅਨੁਸਾਰ ਹੈਂਡ ਓਵਰ ਕਰ ਦਿੱਤਾ ਹੈ। ਉਧਰ ਸੁਮਨ ਛਾਬੜਾ ਜੇਈ ਟੂਰਿਜ਼ਮ ਵਿਭਾਗ ਨੇ ਕਿਹਾ ਕਿ ਸੀਵਰੇਜ ਲਗਾਤਾਰ ਚੋਕ ਹੋਣ ਕਰਕੇ ਗੰਦਾ ਪਾਣੀ ਸੜਕਾਂ ’ਤੇ ਫੈਲ ਰਿਹਾ ਹੈ। ਜਦੋਂ ਤੱਕ ਪਾਣੀ ਦੀ ਸਮੱਸਿਆ ਹੱਲ ਨਹੀਂ ਹੁੰਦੀ, ਖੂਬਸੂਰਤੀ ਦਾ ਕੰਮ ਸ਼ੁਰੂ ਕਰਨਾ ਸੰਭਵ ਨਹੀਂ ਹੈ। ਸੰਗਤ ਦੀ ਮੰਗ ਪ੍ਰਸ਼ਾਸਨ ਤੁਰੰਤ ਲਵੇ ਸੰਜੀਦਾ ਨੋਟਿਸ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਗੁਰੂ ਘਰ ਨਤਮਸਤਕ ਹੋਣਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਿਭਾਗਾਂ ਦੀ ਆਪਸੀ ਖਿੱਚੋਤਾਣ ਨੂੰ ਖ਼ਤਮ ਕਰਵਾ ਕੇ ਸੀਵਰੇਜ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ, ਤਾਂ ਜੋ ਪ੍ਰੋਜੈਕਟ ਸਮੇਂ ਸਿਰ ਪੂਰਾ ਹੋ ਸਕੇ। ਤਸਵੀਰ : 07ਐਮਕੇਟੀ04 ਨਾਕਾ ਨੰਬਰ ਛੇ ਵਿਖੇ ਫੈਲਿਆ ਸੀਵਰੇਜ ਦਾ ਗੰਦਾ ਪਾਣੀ ਅਤੇ ਪ੍ਰਸ਼ਾਸਨਿਕ ਦਾਅਵਿਆਂ ਦੀ ਫੂਕ ਕੱਢਦੀ ਬਦਹਾਲੀ।