ਕੂੜੇ ਦੇ ਡੰਪ ਤੋਂ ਉੱਠੀ ਬਦਬੂ, ਦੁਕਾਨਦਾਰਾਂ ਦਾ ਫੁੱਟਿਆ ਗੁੱਸਾ ਕੂੜੇ ਦੇ ਡੰਪ ਤੋਂ ਉੱਠੀ ਬਦਬੂ, ਦੁਕਾਨਦਾਰਾਂ ਦਾ ਫੁੱਟਿਆ ਗੁੱਸਾ, ਧਰਨੇ ਦੀ ਚੇਤਾਵਨੀ
Publish Date: Sat, 08 Aug 2026 04:55 PM (IST)
Updated Date: Sat, 08 Aug 2026 04:59 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ’ਚ ਕਰੀਬ 28 ਦਿਨਾਂ ਤੱਕ ਚੱਲੀ ਸਫਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਸ਼ਹਿਰ ’ਚ ਸਫਾਈ ਵਿਵਸਥਾ ਪਟੜੀ ’ਤੇ ਪਰਤਣ ਲੱਗੀ ਹੈ। ਸਫਾਈ ਕਰਮਚਾਰੀਆਂ ਨੇ ਦੁਬਾਰਾ ਸ਼ਹਿਰ ਤੋਂ ਕੂੜਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ, ਪਰ ਕੂੜੇ ਦੇ ਨਿਪਟਾਰੇ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ। ਸ਼ਹਿਰ ਤੋਂ ਚੁੱਕਿਆ ਜਾ ਰਿਹਾ ਕੂੜਾ ਨਿਰਧਾਰਿਤ ਨਿਪਟਾਰੇ ਵਾਲੀ ਥਾਂ ਤੇ ਲੈ ਕੇ ਜਾਣ ਦੀ ਬਜਾਏ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਬਣੇ ਅਸਥਾਈ ਡੰਪਿੰਗ ਪੁਆਇੰਟ ’ਤੇ ਹੀ ਪਾਇਆ ਜਾ ਰਿਹਾ ਸੀ। ਕੂੜੇ ਤੋਂ ਉੱਠ ਰਹੀ ਤੇਜ਼ ਬਦਬੂ ਕਾਰਨ ਆਲੇ-ਦੁਆਲੇ ਦੇ ਦੁਕਾਨਦਾਰਾਂ, ਰੇਹੜੀ ਚਾਲਕਾਂ ਅਤੇ ਲੰਘਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਦੁਕਾਨਦਾਰਾਂ ਸਿਕੰਦਰ ਕੁਮਾਰ, ਕੁਲਦੀਪ ਸਿੰਘ, ਰਾਜੇਸ਼ ਕੁਮਾਰ, ਤਰਸੇਮ ਸਿੰਘ, ਸੰਦੀਪ ਕੁਮਾਰ, ਅਜੇ ਕੁਮਾਰ ਅਤੇ ਸਮਾਜ ਸੇਵੀ ਅਸ਼ੋਕ ਮਹਿੰਦਰਾ ਨੇ ਦੱਸਿਆ ਕਿ ਅਸਥਾਈ ਡੰਪਿੰਗ ਪੁਆਇੰਟ ਤੇ ਕੂੜਾ ਪੂਰੀ ਤਰ੍ਹਾਂ ਭਰ ਚੁੱਕਾ ਹੈ। ਇਸਦੇ ਬਾਵਜੂਦ ਸ਼ਹਿਰ ਤੋਂ ਰੋਜ਼ਾਨਾ ਚੁੱਕਿਆ ਜਾ ਰਿਹਾ ਕੂੜਾ ਇੱਥੇ ਹੀ ਸੁੱਟਿਆ ਜਾ ਰਿਹਾ ਹੈ। ਕੂੜੇ ਦੀ ਬਦਬੂ ਕਾਰਨ ਗਾਹਕ ਦੁਕਾਨਾਂ ਤੱਕ ਆਉਣ ਤੋਂ ਵੀ ਕਤਰਾ ਰਹੇ ਹਨ, ਜਿਸ ਨਾਲ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਦੁਕਾਨਦਾਰਾਂ ਅਨੁਸਾਰ, ਹਾਲ ਹੀ ’ਚ ਹੋਈ ਬਾਰਿਸ਼ ਤੋਂ ਬਾਅਦ ਕੂੜਾ ਗਿੱਲਾ ਹੋਣ ਕਾਰਨ ਬਦਬੂ ਹੋਰ ਵੀ ਵਧ ਗਈ ਹੈ। ਪੂਰਾ ਦਿਨ ਬਦਬੂ ਦੇ ਵਿਚਕਾਰ ਬੈਠ ਕੇ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ। ਲੋਕਾਂ ਨੂੰ ਡਰ ਹੈ ਕਿ ਲੰਬੇ ਸਮੇਂ ਤੱਕ ਗੰਦਗੀ ਜਮ੍ਹਾਂ ਰਹਿਣ ਨਾਲ ਛੂਤ ਦੀਆਂ ਬੀਮਾਰੀਆਂ ਫੈਲ ਸਕਦੀਆਂ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਇਹ ਰਸਤਾ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ ਇੱਕ ਵੱਲ ਜਾਂਦਾ ਹੈ। ਸਵੇਰੇ-ਸ਼ਾਮ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸੇ ਰਸਤੇ ਤੋਂ ਹੋ ਕੇ ਲੰਘਦੇ ਹਨ। ਅਜਿਹੇ ਵਿੱਚ ਸੜਕ ਕਿਨਾਰੇ ਕੂੜੇ ਦਾ ਢੇਰ ਅਤੇ ਉਸ ਤੋਂ ਉੱਠਦੀ ਬਦਬੂ ਸ਼ਹਿਰ ਦੇ ਅਕਸ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੇ ਤੰਜ ਕੱਸਦਿਆਂ ਕਿਹਾ ਕਿ ਸਵਰਗ ਅਤੇ ਨਰਕ ਬਾਰੇ ਤਾਂ ਕਈ ਵਾਰ ਸੁਣਿਆ ਸੀ, ਪਰ ਮੁਕਤਸਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜਿਊਂਦੇ-ਜੀਅ ਨਰਕ ਦਾ ਅਹਿਸਾਸ ਕਰਵਾ ਦਿੱਤਾ ਹੈ। ਡੰਪ ਹਟਾਉਣ ਦੀ ਮੰਗ, ਜਾਮ ਦੀ ਦਿੱਤੀ ਸੀ ਚਿਤਾਵਨੀ ਸਥਾਨਕ ਦੁਕਾਨਦਾਰਾਂ ਅਤੇ ਲੋਕਾਂ ਨੇ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਕੂੜਾ ਜਲਦੀ ਹਟਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਡੰਪਿੰਗ ਪੁਆਇੰਟ ਤੋਂ ਕੂੜਾ ਨਾ ਹਟਾਇਆ ਗਿਆ ਤਾਂ ਸ਼ੇਰ ਸਿੰਘ ਚੌਂਕ ਵਿੱਚ ਤੰਬੂ ਲਗਾ ਕੇ ਧਰਨਾ ਦਿੱਤਾ ਜਾਵੇਗਾ ਅਤੇ ਲੋੜ ਪੈਣ ਤੇ ਆਵਾਜਾਈ ਵੀ ਜਾਮ ਕੀਤੀ ਜਾਵੇਗੀ। ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਕੌਂਸਲ ਹਾਊਸ ਦੀ ਹਾਲ ਹੀ ਵਿੱਚ ਹੋਈ ਮੀਟਿੰਗ ’ਚ ਨਵੇਂ ਡੰਪਿੰਗ ਸਥਾਨ ਲਈ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਨਵੀਂ ਥਾਂ ਤਿਆਰ ਨਹੀਂ ਹੁੰਦੀ, ਉਦੋਂ ਤੱਕ ਸ਼ਹਿਰ ਵਿੱਚ ਜਮ੍ਹਾਂ ਕੂੜੇ ਨੂੰ ਕਿਸੇ ਹੋਰ ਥਾਂ ਤੇ ਭੇਜਿਆ ਜਾਵੇ। ਹਾਲਾਂਕਿ, ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ ਵਰੁਣ ਸਹੋਤਾ ਮੌਕੇ ਤੇ ਪਹੁੰਚੇ ਅਤੇ ਆਪਣੀ ਮੌਜੂਦਗੀ ’ਚ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰਵਾਇਆ। ਕੂੜਾ ਹਟਣ ਤੋਂ ਬਾਅਦ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿਆ। ਲੋਕਾਂ ਨੇ ਮੰਗ ਕੀਤੀ ਕਿ ਅਸਥਾਈ ਡੰਪਿੰਗ ਦੀ ਸਮੱਸਿਆ ਦਾ ਸਥਾਈ ਹੱਲ ਜਲਦ ਕੀਤਾ ਜਾਵੇ, ਤਾਂ ਜੋ ਭਵਿੱਖ ’ਚ ਅਜਿਹੀ ਸਥਿਤੀ ਦੁਬਾਰਾ ਨਾ ਬਣੇ।