ਪਟਾਖਿਆਂ ਦੀ ਚੰਗਿਆੜੀ ਕਾਰਨ ਟੈਂਟ ਹਾਊਸ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਪਟਾਖਿਆਂ ਦੀ ਚੰਗਿਆੜੀ ਡਿੱਗਣ ਕਾਰਨ ਨਾਗਪਾਲ ਟੈਂਟ ਹਾਊਸ ਦੇ ਸਾਮਾਨ ਨੂੰ ਲੱਗੀ ਅੱਗ
Publish Date: Tue, 10 Nov 2026 05:25 PM (IST)
Updated Date: Tue, 10 Nov 2026 05:27 PM (IST)
ਭੰਵਰਾ\ਗਿੱਲ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਗੋਨਿਆਣਾ ਰੋਡ ’ਤੇ ਸ਼ਮਸ਼ਾਨਘਾਟ ਦੇ ਸਾਹਮਣੇ ਨਾਗਪਾਲ ਟੈਂਟ ਹਾਊਸ ਦੀ ਛੱਤ ’ਤੇ ਰੱਖੇ ਸਾਮਾਨ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਅੱਗ ਲੱਗਣ ਕਾਰਨ ਸੋਫ਼ੇ, ਕੁਰਸੀਆਂ, ਪਰਦੇ, ਦਰੀਆਂ ਤੇ ਸਜਾਵਟ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਸੜ ਕੇ ਨੁਕਸਾਨਿਆ ਗਿਆ। ਟੈਂਟ ਹਾਊਸ ਦੇ ਸੰਚਾਲਕਾਂ ਅਨੁਸਾਰ ਨੁਕਸਾਨ ਦੀ ਰਕਮ ਕਰੀਬ 18 ਤੋਂ 20 ਲੱਖ ਰੁਪਏ ਹੈ। ਟੈਂਟ ਹਾਊਸ ਮਾਲਕ ਨੇ ਦੱਸਿਆ ਕਿ ਉਹ ਇੱਕ ਪ੍ਰੋਗਰਾਮ ਦੀਆਂ ਤਿਆਰੀਆਂ ਕਰ ਰਹੇ ਸਨ ਤੇ ਇਸੇ ਕਾਰਨ ਸਾਰਾ ਸਾਮਾਨ ਖੁੱਲ੍ਹੀ ਛੱਤ ’ਤੇ ਰੱਖਿਆ ਹੋਇਆ ਸੀ। ਇਸ ਦੌਰਾਨ ਅਚਾਨਕ ਕਿਸੇ ਪਟਾਖੇ ਦੀ ਚੰਗਿਆੜੀ ਸਾਮਾਨ ’ਤੇ ਡਿੱਗ ਪਈ, ਜਿਸ ਕਾਰਨ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਉਨ੍ਹਾਂ ਦੱਸਿਆ ਕਿ ਆਸ-ਪਾਸ ਦੇ ਲੋਕਾਂ ਤੇ ਨੌਜਵਾਨਾਂ ਨੇ ਤੁਰੰਤ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਕੁਝ ਹੱਦ ਤੱਕ ਅੱਗ ’ਤੇ ਕਾਬੂ ਵੀ ਪਾਇਆ। ਇਸੇ ਦੌਰਾਨ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ ਤੇ ਕਰਮਚਾਰੀਆਂ ਨੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਟੈਂਟ ਹਾਊਸ ਸੰਚਾਲਕ ਨੇ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਬਣਦੀ ਆਰਥਿਕ ਸਹਾਇਤਾ ਦਿੱਤੀ ਜਾਵੇ।