- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਨੇ ਐਕਸੀਅਨ ਤੇ ਐਸਸੀ ਬਿਜਲੀ ਬੋਰਡ ਦਫ਼ਤਰ ਮੂਹਰੇ ਲਾਇਆ ਧਰਨਾ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਐਕਸੀਅਨ ਅਤੇ ਐਸਸੀ ਬਿਜਲੀ ਬੋਰਡ ਦਫਤਰ ਮੁਕਤਸਰ ਦੇ ਅੱਗੇ ਵੱਡੀ ਗਿਣਤੀ ’ਚ ਧਰਨਾ ਦਿੱਤਾ ਗਿਆ। ਧਰਨੇ ’ਚ ਬੋਲਦਿਆਂ ਬੀਕੇਯੂ ਕਾਦੀਆਂ ਦੇ ਸੂਬਾ ਆਗੂ ਜਗਦੇਵ ਸਿੰਘ ਕਾਨਿਆਂਵਾਲੀ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਡੋਹਕ, ਬੀਕੇਯੂ ਡਕਾਉਂਦਾ ਬੁਰਜ ਗਿੱਲ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਵੱਟੂ, ਬੀਕੇਯੂ ਰਾਜੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭੁਪਿੰਦਰ ਸਿੰਘ ਥਾਂਦੇਵਾਲਾ, ਬੀਕੇਯੂ ਡਕਾਉਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁੱਡੀਆਂ ਨੇ ਕਿਹਾ ਕਿ ਸਰਕਾਰ ਹਰੇਕ ਪੱਖ ਤੋਂ ਫੇਲ ਹੋ ਚੁੱਕੀ ਹੈ। ਕਿਸਾਨਾਂ ਨੂੰ ਵਾਅਦੇ ਮੁਤਾਬਕ ਅੱਠ ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਜਿਸ ਨਾਲ ਕਿਸਾਨਾਂ ਦੇ ਝੋਨੇ ਦੀ ਫਸਲ ਘੱਟਣ ਦਾ ਡਰ ਬਣਿਆ ਹੋਇਆ ਹੈ। ਦੂਜੇ ਪਾਸੇ ਗਰਮੀ ਕਾਰਨ ਝੋਨਾ ਆਪਣੀ ਅਸਲ ਹਾਲਤ ਤੋਂ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਆਗੂਆਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਬਿਜਲੀ ਮਹਿਕਮੇ ਵੱਲੋਂ ਅੱਠ ਘੰਟੇ ਨਿਰਵਿਘਨ ਸਪਲਾਈ ਨਾ ਦਿੱਤੀ ਗਈ ਤਾਂ ਸੰਯੁਕਤ ਕਿਸਾਨ ਮੋਰਚਾ ਤਿੱਖਾ ਸੰਘਰਸ਼ ਵਿੱਢੇਗਾ। ਇਸ ਸਮੇਂ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਦੀ ਆਉਣ ਵਾਲੀ ਫਸਲ ਵਾਸਤੇ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਸਮੇਂ ਸਿਰ ਕਿਸਾਨਾਂ ਦਾ ਝੋਨਾ ਤੁਲਾਈ ਹੋ ਸਕੇ ਅਤੇ ਬਾਰਦਾਨੇ ਦਾ ਪ੍ਰਬੰਧ ਕਰਕੇ ਸਮੇਂ ਸਿਰ ਕਿਸਾਨਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤਾ ਜਾਵੇ ਅਤੇ ਸੁਆਮੀ ਨਾਥਨ ਰਿਪੋਰਟ ਮੁਤਾਬਕ ਸਾਰੇ ਭਾ ਨਿਸ਼ਚਿਤ ਕੀਤੇ ਜਾਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਥਾਂਦੇਵਾਲਾ, ਸ਼ਿਵਰਾਜ ਸਿੰਘ ਭੰਗਚੜੀ, ਨਿਰਮਲ ਸਿੰਘ ਸੰਗੂਧੌਣ, ਹਰਪ੍ਰੀਤ ਸਿੰਘ ਮੁਕਤਸਰ, ਗੁਰਮੀਤ ਸਿੰਘ ਲੰਬੀ, ਭਿੰਦਰ ਸਿੰਘ ਲੰਬੀ ਢਾਬ, ਅਮਨਦੀਪ ਸਿੰਘ ਹਰੀਕੇ, ਦਰਸ਼ਨ ਸਿੰਘ ਵੜਿੰਗ ਅਤੇ ਬਲਦੇਵ ਸਿੰਘ, ਸੁਰਜੀਤ ਸਿੰਘ ਰੁਪਾਣਾ ਹਾਜ਼ਰ ਸਨ।