ਮੀਂਹ ਤੇ ਗੜਿਆਂ ਨੇ ਪਲ ਭਰ ’ਚ ਕੀਤਾ ਤਬਾਹ
ਅੱਖਾਂ ’ਚ ਹੰਝੂ ਲੈ ਕੇ ਬੋਲੇ ਕਿਸਾਨ-‘ਸਭ ਕੁਝ ਲੁੱਟਿਆ ਗਿਆ, ਕਰਜ਼ੇ ਹੇਠ ਦੱਬ ਗਏ’
Publish Date: Fri, 03 Apr 2026 06:30 PM (IST)
Updated Date: Fri, 03 Apr 2026 06:34 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਅਤੇ ਬੁੱਧਵਾਰ ਨੂੰ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਜ਼ਿਲ੍ਹਾ ਮੁਕਤਸਰ ਦੇ ਮਲੋਟ, ਲੰਬੀ ਅਤੇ ਗਿੱਦੜਬਾਹਾ ਇਲਾਕਿਆਂ ’ਚ ਹਜ਼ਾਰਾਂ ਏਕੜ ਕਣਕ ਦੀ ਫਸਲ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮਲੋਟ ਦੇ ਪਿੰਡ ਲੱਖੇਵਾਲੀ ਅਤੇ ਗੰਧੜ ’ਚ ਆਪਣੀ ਬਰਬਾਦ ਹੋਈ ਫਸਲ ਦੇਖ ਕੇ ਕਿਸਾਨ ਧਾਹਾਂ ਮਾਰ ਕੇ ਰੋਏ। ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਫਸਲ ਨੂੰ ਉਹ ਛੇ ਮਹੀਨਿਆਂ ਤੋਂ ਪੁੱਤਾਂ ਵਾਂਗ ਪਾਲ ਰਹੇ ਸੀ, ਉਸ ਨੂੰ ਕੁਦਰਤ ਦੀ ਕਰੋਪੀ ਨੇ ਮਿੰਟਾਂ ’ਚ ਮਿੱਟੀ ’ਚ ਮਿਲਾ ਦਿੱਤਾ। ਕਿਸਾਨਾਂ ਦੇ ਭਾਵੁਕ ਬੋਲਾਂ ਨੇ ਉੱਥੇ ਮੌਜੂਦ ਹਰ ਸ਼ਖਸ ਦੀ ਰੂਹ ਕੰਬਾ ਦਿੱਤੀ। ਅੱਖਾਂ ’ਚ ਹੰਝੂ ਭਰ ਕੇ ਕਿਸਾਨ ਕਹਿ ਰਹੇ ਸਨ, ‘‘ਹਾਏ ਰੱਬਾ! ਤੂੰ ਸਾਨੂੰ ਕਰਜ਼ਾਈ ਕਰ ਦਿੱਤਾ।’’ ਖੇਤਾਂ ’ਚ ਲਹਿਰਾਉਂਦੀ ਕਣਕ ਹੁਣ ਪੂਰੀ ਤਰ੍ਹਾਂ ਵਿਛ ਚੁੱਕੀ ਹੈ, ਜਿਸ ਕਾਰਨ ਕਿਸਾਨ ਬਹੁਤ ਦੁੱਖੀ ਨਜ਼ਰ ਆ ਰਹੇ ਹਨ। ਜ਼ਿਲ੍ਹਾ ਮੁਕਤਸਰ ’ਚ ਕੁੱਲ 2.16 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ। ਓਧਰ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਵੀ ਬੱਦਲਵਾਈ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਕਿਸਾਨਾਂ ਨੇ ਰੋਏ ਦੁੱਖੜੇ ਕਿਸਾਨ ਹਰਨੇਕ ਸਿੰਘ ਵਾਸੀ ਪਿੰਡ ਲੱਖੇਵਾਲੀ ਨੇ 4 ਏਕੜ ਵਿੱਚ ਕਣਕ ਬੀਜੀ ਸੀ, ਜੋ ਪੂਰੀ ਤਰ੍ਹਾਂ ਨਸ਼ਟ ਹੋ ਗਈ। ਹਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਗੁਜ਼ਾਰਾ ਸਿਰਫ ਇਸੇ ਫਸਲ ’ਤੇ ਹੀ ਸੀ, ਹੁਣ ਹਾਲਾਤ ਬਦਤਰ ਹੋ ਗਏ ਹਨ। ਕਿਸਾਨ ਸ਼ੇਰਬਾਜ਼ ਨੇ ਭਰੇ ਮਨ ਨਾਲ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਦਾ ਘਰ ਵੀ ਢਹਿ ਗਿਆ ਹੈ। ਉਹ ਪਹਿਲਾਂ ਹੀ ਦਿਲ ਦੇ ਮਰੀਜ਼ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਕੁੱਤੇ ਨੇ ਵੀ ਕੱਟ ਲਿਆ ਸੀ। ਹੁਣ ਫਸਲ ਦੀ ਬਰਬਾਦੀ ਨੇ ਉਨ੍ਹਾਂ ’ਤੇ ਮੁਸੀਬਤਾਂ ਦਾ ਪਹਾੜ ਤੋੜ ਦਿੱਤਾ ਹੈ। ਪਸ਼ੂਆਂ ਦਾ ਚਾਰਾ ਅਤੇ ਤੂੜੀ ਵੀ ਬਰਬਾਦ ਹੋ ਗਈ ਹੈ। ਕਿਸਾਨ ਹਰਚਰਨ ਸਿੰਘ ਨੇ 45 ਏਕੜ ਜ਼ਮੀਨ ਠੇਕੇ ’ਤੇ ਲਈ ਸੀ ਅਤੇ 10 ਏਕੜ ਆਪਣੀ ਸੀ। 85 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕਾ ਦਿੱਤਾ ਸੀ। ਉਨ੍ਹਾਂ ਦਾ 40 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਉਹ ਹੁਣ ਭਾਰੀ ਕਰਜ਼ੇ ਹੇਠ ਦੱਬ ਗਏ ਹਨ। ਕਿਸਾਨ ਚਿਮਨ ਲਾਲ ਨੇ ਦੱਸਿਆ ਕਿ ਉਸ ਕੋਲ 350 ਏਕੜ ਜ਼ਮੀਨ ਹੈ ਜਿਸ ਵਿੱਚੋਂ ਕੁਝ ਠੇਕੇ ’ਤੇ ਲਈ ਹੈ। ਉਸਦੀ 100 ਏਕੜ ਤੋਂ ਵੱਧ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ ਬਾਕੀ 250 ਏਕੜ ਵਿੱਚ 50 ਫੀਸਦੀ ਨੁਕਸਾਨ ਹੈ। ਉਹ ਕਹਿੰਦੇ ਹਨ ਕਿ ਹੁਣ ਖੇਤਾਂ ਵੱਲ ਦੇਖਣ ਨੂੰ ਵੀ ਜੀਅ ਨਹੀਂ ਕਰਦਾ। ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਗੰਧੜ ਵਿੱਚ ਕਰੀਬ 2500 ਏਕੜ ਫਸਲ ਪ੍ਰਭਾਵਿਤ ਹੋਈ ਹੈ। ਨਾਲ ਲੱਗਦੇ ਪਿੰਡ ਭਾਗਸਰ ਵਿੱਚ ਵੀ ਵੱਡਾ ਨੁਕਸਾਨ ਹੋਇਆ ਹੈ। ਗਿਰਦਾਵਰੀ ਚੱਲ ਰਹੀ ਹੈ ਕਿਸਾਨਾਂ ਦੀ ਹਰ ਸੰਭਵ ਮਦਦ ਕਰਾਂਗੇ : ਖੁੱਡੀਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੀਂਹ ਅਤੇ ਗੜੇਮਾਰੀ ਦੇ ਅਗਲੇ ਹੀ ਦਿਨ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਗਏ ਸਨ। ਉਹ ਖੁਦ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਰਹੇ ਹਨ। ਅਧਿਕਾਰੀਆਂ ਨੂੰ ਗਿਰਦਾਵਰੀ ਦਾ ਕੰਮ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। ਸਰਕਾਰ ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗੀ।