ਮੰਡੀ ਬਰੀਵਾਲਾ ’ਚ ਪ੍ਰਸ਼ਾਸਨਿਕ ਅਣਗਹਿਲੀ ਦੀ ਭੇਟ ਚੜ੍ਹੀ ਕਿਸਾਨਾਂ ਦੀ ਮਿਹਨਤ ਮੰਡੀ ਬਰੀਵਾਲਾ ’ਚ ਪ੍ਰਸ਼ਾਸਨਿਕ ਅਣਗਹਿਲੀ ਦੀ ਭੇਟ ਚੜ੍ਹੀ ਕਿਸਾਨਾਂ ਦੀ ਮਿਹਨਤ
Publish Date: Fri, 16 Oct 2026 05:58 PM (IST)
Updated Date: Fri, 16 Oct 2026 06:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅਧੀਨ ਆਉਂਦੀ ਮੰਡੀ ਬਰੀਵਾਲਾ ਵਿਖੇ ਪ੍ਰਸ਼ਾਸਨਿਕ ਅਣਗਹਿਲੀ ਅਤੇ ਢੁੱਕਵੇਂ ਪ੍ਰਬੰਧਾਂ ਦੀ ਘਾਟ ਕਾਰਨ ਕਿਸਾਨਾਂ ਦੀ ਫ਼ਸਲ ਪਾਣੀ ਦੀ ਭੇਟ ਚੜ੍ਹ ਗਈ ਹੈ। ਪਿਛਲੇ ਤਿੰਨ ਦਿਨਾਂ ਤੋਂ ਵਾਰ-ਵਾਰ ਪੈ ਰਹੇ ਮੀਂਹ ਅਤੇ ਗੜ੍ਹੇਮਾਰੀ ਕਾਰਨ ਸਥਾਨਕ ਅਨਾਜ ਮੰਡੀ ’ਚ 3-3 ਫੁੱਟ ਤੱਕ ਪਾਣੀ ਭਰ ਗਿਆ ਹੈ, ਜਿਸ ਨਾਲ ਮੰਡੀ ਵਿੱਚ ਵਿਕਣ ਲਈ ਆਈ ਅਤੇ ਬੋਰੀਆਂ ਵਿੱਚ ਭਰੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਜਲ-ਥਲ ਹੋ ਗਈ ਹੈ। ਇਸ ਕੁਦਰਤੀ ਆਫ਼ਤ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਲੰਮੇ ਸਮੇਂ ਤੋਂ ਨੀਵੀਂ ਜਗ੍ਹਾ ਅਤੇ ਨਿਕਾਸੀ ਦੀ ਸਮੱਸਿਆ ਮੰਡੀ ਬਰੀਵਾਲਾ ਦੀ ਅਨਾਜ ਮੰਡੀ ਬਹੁਤ ਪੁਰਾਣੀ ਹੋਣ ਦੇ ਨਾਲ-ਨਾਲ ਕਾਫ਼ੀ ਨੀਵੀਂ ਜਗ੍ਹਾ ’ਤੇ ਸਥਿਤ ਹੈ। ਮੰਡੀ ’ਚ ਪਾਣੀ ਦੀ ਨਿਕਾਸੀ ਦਾ ਕੋਈ ਪੁਖ਼ਤਾ ਇੰਤਜ਼ਾਮ ਨਾ ਹੋਣ ਕਰਕੇ ਹਰ ਸਾਲ ਸੀਜ਼ਨ ਦੌਰਾਨ ਮੀਂਹ ਪੈਣ ਤੇ ਇਹੋ ਜਿਹੀਆਂ ਸਥਿਤੀਆਂ ਬਣ ਜਾਂਦੀਆਂ ਹਨ। ਸਥਾਨਕ ਲੋਕਾਂ ਅਤੇ ਕਿਸਾਨਾਂ ਅਨੁਸਾਰ, ਲੰਮੇ ਸਮੇਂ ਤੋਂ ਕਿਸੇ ਵੀ ਸਰਕਾਰ ਜਾਂ ਸਬੰਧਤ ਵਿਭਾਗ ਨੇ ਇਸ ਮੰਡੀ ਦੀ ਸਾਰ ਨਹੀਂ ਲਈ। ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਨੇ ਵੀ ਮੰਡੀ ਦੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਵਿਸ਼ੇਸ਼ ਯੋਜਨਾ ਜਾਂ ਪ੍ਰਬੰਧ ਨਹੀਂ ਕੀਤੇ, ਜਿਸਦਾ ਖ਼ਾਮਿਆਜ਼ਾ ਅੱਜ ਅੰਨਦਾਤੇ ਨੂੰ ਭੁਗਤਣਾ ਪੈ ਰਿਹਾ ਹੈ। ਝੋਨਾ ਪਾਣੀ ’ਚ ਤੈਰਿਆ, ਬੋਰੀਆਂ ਤੇ ਢੇਰੀਆਂ ਰੁੜ੍ਹੀਆਂ ਮੰਡੀ ’ਚ ਆਈ ਫ਼ਸਲ ਦੇ ਨੁਕਸਾਨ ਬਾਰੇ ਬੋਲਦਿਆਂ ਪਿੰਡ ਹਰਾਜ ਦੇ ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਇਸ ਵਾਰ ਬਾਰਿਸ਼ ਨੇ ਝੋਨੇ ਦੀ ਫ਼ਸਲ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਮੰਡੀ ਵਿੱਚ ਥਾਂ-ਥਾਂ ਪਾਣੀ ਭਰਨ ਕਰਕੇ ਝੋਨੇ ਦੀਆਂ ਢੇਰੀਆਂ ਪਾਣੀ ਉੱਪਰ ਤੈਰਨ ਲੱਗ ਪਈਆਂ ਹਨ ਅਤੇ ਭਰੀਆਂ ਹੋਈਆਂ ਬੋਰੀਆਂ ਬੁਰੀ ਤਰ੍ਹਾਂ ਭਿੱਜ ਕੇ ਖ਼ਰਾਬ ਹੋ ਰਹੀਆਂ ਹਨ। ਇਸੇ ਤਰ੍ਹਾਂ ਪਿੰਡ ਭੁੱਟੀਵਾਲਾ ਦੇ ਕਿਸਾਨ ਨਿਰਮਲ ਸਿੰਘ, ਗਿਆਨ ਸਿੰਘ, ਅਵਤਾਰ ਸਿੰਘ, ਛਿੰਦਰ ਸਿੰਘ, ਅਰਜਨ ਸਿੰਘ, ਕੰਵਰ ਅਨਮੋਲ ਸਿੰਘ ਸਰਾਏਨਾਗਾ ਅਤੇ ਲਛਮਣ ਸਿੰਘ ਮਰਾੜ੍ਹ ਕਲਾਂ ਨੇ ਵੀ ਆਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੰਡੀ ਦਾ ਫੜ੍ਹ ਨੀਵਾਂ ਹੋਣ ਕਾਰਨ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਮੰਡੀ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਵਾਰ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਝੋਨੇ ਦੀਆਂ ਢੇਰੀਆਂ ਪਾਣੀ ਚ ਰੁੜ੍ਹ ਗਈਆਂ ਹਨ ਅਤੇ ਬੋਰੀਆਂ ਪੂਰੀ ਤਰ੍ਹਾਂ ਗਿੱਲੀਆਂ ਹੋ ਚੁੱਕੀਆਂ ਹਨ, ਜਿਸ ਨਾਲ ਫ਼ਸਲ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਬਹੁਤ ਵੱਧ ਗਿਆ ਹੈ। ਪ੍ਰਸ਼ਾਸਨ ਤੇ ਸਰਕਾਰ ਤੋਂ ਮੰਡੀ ਦੇ ਸੁਧਾਰ ਦੀ ਮੰਗ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਮੰਡੀ ਬਰੀਵਾਲਾ ਦੇ ਫੜ੍ਹ ਨੂੰ ਉੱਚਾ ਚੁੱਕਿਆ ਜਾਵੇ। ਬਰਸਾਤੀ ਪਾਣੀ ਦੀ ਤੁਰੰਤ ਨਿਕਾਸੀ ਲਈ ਇੱਕ ਆਧੁਨਿਕ ਅਤੇ ਪ੍ਰਭਾਵਸ਼ਾਲੀ ਡਰੇਨੇਜ ਸਿਸਟਮ ਤਿਆਰ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਮੀਂਹ ਪੈਣ ਦੇ ਨਾਲ ਹੀ ਪਾਣੀ ਮੰਡੀ ਤੋਂ ਬਾਹਰ ਨਿਕਲ ਸਕੇ। ਚੋਣਾਂ ਨੇੜੇ ਆਉਂਦਿਆਂ ਹੀ ਲੀਡਰਾਂ ਦੀ ‘ਫੋਕੀ ਹਮਦਰਦੀ’ ’ਤੇ ਰੋਸ ਮੀਂਹ ਨਾਲ ਹੋਏ ਨੁਕਸਾਨ ਤੋਂ ਦੁਖੀ ਕਿਸਾਨਾਂ ਨੇ ਸਿਆਸੀ ਆਗੂਆਂ ਵਿਰੁੱਧ ਵੀ ਆਪਣਾ ਰੋਹ ਪ੍ਰਗਟਾਉਂਦਿਆਂ ਸਖ਼ਤ ਲਹਿਜੇ ’ਚ ਕਿਹਾ ਕਿ ਹੁਣ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਰਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰ ਮੰਡੀਆਂ ’ਚ ਗੇੜੇ ਮਾਰ ਕੇ ਕਿਸਾਨਾਂ ਨਾਲ ‘ਫੋਕੀ ਹਮਦਰਦੀ’ ਜਤਾਉਣ ਦਾ ਢੋਂਗ ਕਰ ਰਹੇ ਹਨ। ਜਦੋਂ ਕਿਸਾਨਾਂ ਨੂੰ ਸੁਵਿਧਾਵਾਂ ਅਤੇ ਪੱਕੇ ਹੱਲ ਦੀ ਲੋੜ ਹੁੰਦੀ ਹੈ, ਉਸ ਸਮੇਂ ਕੋਈ ਵੀ ਲੀਡਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਬਹੁੜਦਾ। ਉਧਰ ਜਦੋਂ ਇਸ ਸਬੰਧੀ ਮਾਰਕਿਟ ਕਮੇਟੀ ਬਰੀਵਾਲਾ ਦੇ ਸਕੱਤਰ ਅਨਿਲ ਕੁਮਾਰ ਖੁੰਖਰ ਨਾਲ ਉਨ੍ਹਾਂ ਦੇ ਮੋਬਾਈਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ।