ਖ਼ਰਾਬ ਪ੍ਰਬੰਧਾਂ ਕਾਰਨ ਅਨਾਜ ਮੰਡੀ ’ਚ ਰੁਲਣ ਲਈ ਮਜ਼ਬੂਰ ਕਿਸਾਨ ਖ਼ਰਾਬ ਪ੍ਰਬੰਧਾਂ ਕਾਰਨ ਅਨਾਜ ਮੰਡੀ ’ਚ ਰੁਲਣ ਲਈ ਮਜ਼ਬੂਰ ਕਿਸਾਨ
Publish Date: Sun, 11 Oct 2026 04:43 PM (IST)
Updated Date: Sun, 11 Oct 2026 04:44 PM (IST)
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ’ਚ ਪੁੱਖਤਾ ਖਰੀਦ ਪ੍ਰਬੰਧ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਸਰਕਾਰੀ ਦਾਅਵਿਆਂ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਫੋਕਲ ਪੁਆਇੰਟ ਕੋਟਲੀ ਸੰਘਰ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਖੇ ਆਪਣੀ ਝੋਨੇ ਦੀ ਫ਼ਸਲ ਲੈ ਕੇ ਪਹੁੰਚੇ ਕਿਸਾਨ ਪ੍ਰਸ਼ਾਸਨਿਕ ਅਣਦੇਖੀ ਦਾ ਸੰਤਾਪ ਹੰਢਾਉਣ ਲਈ ਮਜ਼ਬੂਰ ਹਨ। ਫੋਕਲ ਪੁਆਇੰਟ ਕੋਟਲੀ ਸੰਘਰ ਵਿਖੇ ਮੰਡੀ ਪ੍ਰਬੰਧਕਾਂ ਵੱਲੋਂ ਤਰਪਾਲਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਐਤਵਾਰ ਸਵੇਰੇ 6 ਵਜੇ ਤੋਂ 10 ਵਜੇ ਤੱਕ ਪਏ ਮੀਂਹ ’ਚ ਖੁੱਲ੍ਹੇ ਅਸਮਾਨ ਹੇਠ ਪਈ ਕਿਸਾਨਾਂ ਦੀ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਭਿੱਜ ਗਈ। ਮੰਡੀ ’ਚ ਮੌਜੂਦ ਕਿਸਾਨ ਚੈਨ ਸਿੰਘ, ਬਾਵਾ ਸਿੰਘ ਅਤੇ ਹੋਰਾਂ ਨੇ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਮੀਂਹ ਤੋਂ ਫ਼ਸਲ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਇਸਤੋਂ ਇਲਾਵਾ ਮੰਡੀ ’ਚ ਲਾਈਟਾਂ ਬੰਦ ਰਹਿਣ ਕਾਰਨ ਹਨ੍ਹੇਰਾ ਪਸਰਿਆ ਰਹਿੰਦਾ ਹੈ, ਜਿਸ ਨਾਲ ਰਾਤ ਵੇਲੇ ਫ਼ਸਲ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਕਿਸਾਨਾਂ ਨੇ ਦੱਸਿਆ ਕਿ ਮੰਡੀ ’ਚ ਸਫ਼ਾਈ ਵਿਵਸਥਾ ਬੇਹੱਦ ਮਾੜੀ ਹੈ ਅਤੇ ਪੀਣ ਵਾਲੇ ਪਾਣੀ ਦੀ ਘਾਟ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੰਡੀ ’ਚ ਬਿਜਲੀ, ਪੀਣ ਵਾਲੇ ਪਾਣੀ, ਸਫ਼ਾਈ ਅਤੇ ਪੱਕੇ ਸ਼ੋਚਾਲਿਆਂ ਦੇ ਤੁਰੰਤ ਢੁੱਕਵੇਂ ਪ੍ਰਬੰਧ ਕੀਤੇ ਜਾਣ। ਅਵਾਰਾ ਪਸ਼ੂਆਂ ਦੀ ਦਹਿਸ਼ਤ, ਰਾਤਾਂ ਨੂੰ ਪਹਿਰਾ ਦੇਣ ਲਈ ਮਜ਼ਬੂਰ ਕਿਸਾਨ ਦੂਜੇ ਪਾਸੇ ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ’ਚ ਅਵਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ’ਚ ਹੋਰ ਵਾਧਾ ਕਰ ਦਿੱਤਾ ਹੈ। ਰਾਤ ਦੇ ਹਨ੍ਹੇਰੇ ’ਚ ਇਹ ਅਵਾਰਾ ਪਸ਼ੂ ਨਾ ਸਿਰਫ਼ ਮੰਡੀ ’ਚ ਰੱਖੀਆਂ ਝੋਨੇ ਦੀਆਂ ਢੇਰੀਆਂ ਦਾ ਨੁਕਸਾਨ ਕਰਦੇ ਹਨ, ਸਗੋਂ ਰਾਖੀ ਕਰ ਰਹੇ ਕਿਸਾਨਾਂ ’ਤੇ ਹਮਲਾ ਕਰਨ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਮੰਡੀ ’ਚ ਝੋਨੇ ਦੀ ਫ਼ਸਲ ਲੈ ਕੇ ਬੈਠੇ ਕਿਸਾਨ ਬਲਕਾਰ ਸਿੰਘ ਨਾਨਕਪੁਰਾ, ਵੀਰ ਸਿੰਘ ਧੂੜਕੋਟ ਅਤੇ ਹੋਰਾਂ ਨੇ ਦੱਸਿਆ ਕਿ ਦਿਨ-ਰਾਤ ਦੀ ਸਖ਼ਤ ਮਿਹਨਤ ਤੋਂ ਬਾਅਦ ਜਦੋਂ ਉਹ ਮੰਡੀ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਫ਼ਸਲ ਦੀ ਰਾਖੀ ਲਈ ਸਾਰੀ ਰਾਤ ਅੱਖਾਂ ਵਿੱਚ ਲੰਘਾਉਣੀ ਪੈਂਦੀ ਹੈ। ਜੇਕਰ ਮਾੜੀ ਜਹੀ ਅੱਖ ਲੱਗ ਜਾਵੇ ਤਾਂ ਅਵਾਰਾ ਪਸ਼ੂ ਫ਼ਸਲ ਖ਼ਰਾਬ ਕਰ ਦਿੰਦੇ ਹਨ। ਕਿਸਾਨਾਂ ਅਤੇ ਮੰਡੀ ਦੇ ਆੜ੍ਹਤੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਡੀ ਬੋਰਡ ਤੋਂ ਮੰਗ ਕੀਤੀ ਹੈ ਕਿ ਮੰਡੀ ਦੀ ਚਾਰਦੀਵਾਰੀ ਤੇ ਗੇਟਾਂ ’ਤੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ। –––ਕੋਟ––– ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦੇ ਗੇਟਾਂ ’ਤੇ ਅਵਾਰਾ ਪਸ਼ੂਆਂ ਨੂੰ ਰੋਕਣ ਲਈ ਦੋ ਚੌਂਕੀਦਾਰ ਤਾਇਨਾਤ ਕੀਤੇ ਗਏ ਹਨ। ਫਿਰ ਵੀ ਕੋਈ ਸਮੱਸਿਆ ਹੈ ਤਾਂ ਮਾਮਲੇ ਦੀ ਜਾਂਚ ਕਰਵਾ ਕੇ ਗੇਟਾਂ ’ਤੇ ਚੌਂਕੀਦਾਰਾਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ। ਕੋਟਲੀ ਸੰਘਰ ਫੋਕਲ ਪੁਆਇੰਟ ਦੀਆਂ ਘਾਟਾਂ ਸਬੰਧੀ ਉਨ੍ਹਾਂ ਕਿਹਾ ਕਿ ਜਲਦੀ ਹੀ ਮਾਮਲਾ ਧਿਆਨ ’ਚ ਲਿਆ ਕੇ ਸਾਰੇ ਪ੍ਰਬੰਧ ਮੁਕੰਮਲ ਕਰਵਾ ਦਿੱਤੇ ਜਾਣਗੇ। ਮਾਰਕੀਟ ਕਮੇਟੀ ਦੇ ਸਕੱਤਰ ਬਲਕਾਰ ਸਿੰਘ