ਪਿੰਡ ਰਾਮਗੜ੍ਹ ਚੁੰਘਾ ’ਚ ਵਿਖੇ ਨਰਮੇ ਦੀ ਫ਼ਸਲ ਬਾਰੇ ਲਗਾਇਆ ਜਾਗਰੂਕਤਾ ਕੈਂਪ
ਪਿੰਡ ਰਾਮਗੜ੍ਹ ਚੁੰਘਾ ’ਚ ਵਿਖੇ ਨਰਮੇ ਦੀ ਫ਼ਸਲ ਬਾਰੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ
Publish Date: Wed, 25 Mar 2026 05:19 PM (IST)
Updated Date: Wed, 25 Mar 2026 05:22 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਖੇਤਰੀ ਖੋਜ ਕੇਂਦਰ ਫਰੀਦਕੋਟ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਅੱਜ ਪਿੰਡ ਰਾਮਗੜ੍ਹ ਚੁੰਘਾ ਵਿਖੇ ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਵਿਕਰਾਂਤ ਸਿੰਘ, ਕਾਟਨ ਬ੍ਰੀਡਰ, ਖੇਤਰੀ ਖੋਜ ਕੇਂਦਰ ਫਰੀਦਕੋਟ ਨੇ ਨਰਮੇਂ/ਕਪਾਹ ਦੀਆਂ ਕਿਸਮਾਂ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਸਿਫਾਰਸ਼ ਸ਼ੁਦਾ ਕਿਸਮਾਂ ਦੀ ਕਾਸ਼ਤ ਕਰਨ ਲਈ ਕਿਹਾI ਡਾ. ਸਤਨਾਮ ਸਿੰਘ, ਪ੍ਰਿੰਸੀਪਲ ਐਂਟੋਮੋਲੋਜਿਸਟ, ਖੇਤਰੀ ਖੋਜ ਕੇਂਦਰ ਫਰੀਦਕੋਟ ਨੇ ਗੁਲਾਬੀ ਸੁੰਡੀ ਦੀ ਆਬਾਦੀ ਨੂੰ ਨਿਯੰਤਰਿਤ ਕਰਨ ਲਈ ਏਕੀਕ੍ਰਿਤ ਕੀਟ ਪ੍ਰਬੰਧਨ (ਆਈਪੀਐਮ) ਰਣਨੀਤੀਆਂ ਦੀ ਮਹੱਤਤਾ ਤੇ ਜ਼ੋਰ ਦਿੱਤਾ। ਡਾ. ਕੁਲਵੀਰ ਸਿੰਘ, ਪ੍ਰਿੰਸੀਪਲ ਅਗਰੋਨੋਮਿਸਟ ਨੇ ਨਰਮੇ ਦੀ ਫਸਲ ਵਿੱਚ ਖੇਤੀ ਵਿਗਿਆਨਕ ਢੰਗਾਂ ਦੁਆਰਾ ਖਾਦ ਦੀ ਵਰਤੋਂ ਨੂੰ ਘਟਾਉਣ ਲਈ ਟਿਕਾਊ ਖੇਤੀ ਢੰਗਾਂ ਨੂੰ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਡਾ. ਸੁਨੀਤ ਪੰਧੇਰ, ਪ੍ਰਿੰਸੀਪਲ ਐਂਟੋਮੋਲੋਜਿਸਟ, ਖੇਤਰੀ ਖੋਜ ਕੇਂਦਰ ਫਰੀਦਕੋਟ ਨੇ ਰਸ ਚੂਸਣ ਵਾਲੇ ਕੀੜਿਆਂ ਦੇ ਬਦਲਵੇਂ ਬੂਟਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਗੁਲਾਬੀ ਸੁੰਡੀ ਦੀ ਆਬਾਦੀ ਦੀ ਅਸਲ ਸਮੇਂ ਵਿੱਚ ਨਿਗਰਾਨੀ ਲਈ ਏ.ਆਈ-ਸੰਚਾਲਿਤ ਫੇਰੋਮੋਨ ਟ੍ਰੇਪ ਦੀ ਵਰਤੋਂ ਬਾਰੇ ਦੱਸਿਆ I ਇਸ ਮੌਕੇ ਕਿਸਾਨਾਂ ਨੂੰ ਕੀੜਿਆਂ ਦੇ ਪ੍ਰਬੰਧਨ ਲਈ ਵਧੀਆ ਢੰਗਾਂ ਬਾਰੇ ਵੀ ਸਿਖਲਾਈ ਦਿੱਤੀ ਗਈ, ਜਿਸ ਵਿੱਚ ਕਪਾਹ ਦੇ ਰਹਿੰਦ-ਖੂੰਹਦ ਦਾ ਨਾਸ਼ ਕਰਨਾ, ਬਾਇਓਪੈਸਟੀਸਾਈਡਾਂ ਦੀ ਵਰਤੋਂ ਅਤੇ ਹੋਰ ਆਈ.ਪੀ.ਐਮ ਰਣਨੀਤੀਆਂ ਸ਼ਾਮਲ ਹਨ। ਡਾ. ਸ਼ਵਿੰਦਰ ਸਿੰਘ, ਏਡੀਓ (ਜ.ਕ) ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਮੱਕੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਮਿੱਟੀ ਦੇ ਕਾਲੇ ਸ਼ੋਰੇ ਦੇ ਸੁਧਾਰ ਲਈ ਜਿਪਸਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ। ਇਸ ਤੋਂ ਇਲਾਵਾ ਡਾ. ਹਰਮਨਦੀਪ ਸਿੰਘ, ਏਡੀ.ਓ, ਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਈਕੇਵਾਈਸੀ ਅਤੇ ਫਾਰਮਰ ਰਜਿਸਟਰੀ ਕਰਵਾਉਣ ਲਈ ਜਾਗਰੂਕ ਕੀਤਾ। ਡਾ. ਹਰਮਨਜੀਤ ਸਿੰਘ, ਏਡੀਓ (ਪੀਪੀ) ਵੱਲੋਂ ਆਏ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਿਰਫ ਲੋੜ ਅਨੁਸਾਰ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਹੀ ਸਪਰੇਅ ਕੀਤੀ ਜਾਵੇ। ਇਸ ਕੈਂਪ ’ਚ 100 ਤੋਂ ਵੱਧ ਅਗਾਂਹਵਧੂ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਚਰਨ ਸਿੰਘ ਸੀਨੀਅਰ ਰਿਸਰਚ ਫੈਲੋ, ਪੀਏਯੂ, ਸਵਰਨਜੀਤ ਸਿੰਘ, ਏਟੀਐਮ (ਆਤਮਾ) ਅਤੇ ਦੀਪਇੰਦਰ ਸਿੰਘ, ਫੀਲਡਮੈਨ ਵੀ ਹਾਜ਼ਰ ਸਨ।