ਪੱਤਰਕਾਰਾਂ ਦੀ ਜ਼ੁਬਾਨਬੰਦੀ ਖਿਲਾਫ 24 ਦੇ ਧਰਨੇ ’ਚ ਸ਼ਾਮਲ ਹੋਣਗੇ ਖੇਤ ਮਜ਼ਦੂਰ
ਪੱਤਰਕਾਰਾਂ ਦੀ ਜ਼ੁਬਾਨਬੰਦੀ ਖਿਲਾਫ 24 ਦੇ ਧਰਨੇ ਚ ਸ਼ਾਮਲ ਹੋਣਗੇ ਖੇਤ ਮਜ਼ਦੂਰ
Publish Date: Thu, 22 Jan 2026 04:22 PM (IST)
Updated Date: Fri, 23 Jan 2026 04:01 AM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਆਪ ਸਰਕਾਰ ਵੱਲੋਂ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਤੇ ਆਰਟੀਆਈ ਕਾਰਕੁੰਨ ਮਾਣਕ ਗੋਇਲ ਆਦਿ ਉਤੇ ਕੇਸ ਦਰਜ ਕਰਨ ਅਤੇ ਚੈਨਲ ਨੂੰ ਬੰਦ ਕਰਨ ਖ਼ਿਲਾਫ਼ 24 ਜਨਵਰੀ ਨੂੰ ਬਠਿੰਡਾ ਦੇ ਡੀਸੀ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਭੁੱਟੀਵਾਲਾ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਜ ਸਿੰਘ ਭੁੱਟੀਵਾਲਾ ਨੇ ਆਖਿਆ ਕਿ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਵਾਂਗ ਹੀ ਲੋਕਾਂ ਤੇ ਪ੍ਰੈਸ ਦੀ ਆਾਜ਼ਾਦੀ ਦਾ ਗਲਾ ਘੁੱਟ ਰਹੀ ਹੈ। ਉਨ੍ਹਾਂ ਸਰਕਾਰ ਦੀ ਇਸ ਕਾਰਵਾਈ ਨੂੰ ਜਮਹੂਰੀ ਹੱਕਾਂ ਦਾ ਘਾਣ ਕਰਾਰ ਦਿੰਦਿਆਂ ਖੇਤ ਮਜ਼ਦੂਰਾਂ ਨੂੰ 24 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਅੱਗੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਵੱਡੇ ਵੱਡੇ ਦਾਅਵੇ ਤੇ ਗਰੰਟੀਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਸਤਾ ਹਥਿਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਲੋਕਾਂ ਦੀਆਂ ਸਮੱਸਿਆਂਵਾਂ ਹੱਲ ਕਰਨ ਦੀ ਥਾਂ ਲੋਕਾਂ ’ਤੇ ਆਰਥਿਕ ਤੇ ਜਾਬਰ ਧਾਵਾ ਬੋਲਣ ਕਰਕੇ ਲੋਕਾਂ ’ਚੋਂ ਆਪਣੀ ਪੜਤ ਬੁਰੀ ਤਰ੍ਹਾਂ ਗੁਆ ਚੁੱਕੀ ਹੈ। ਉਨ੍ਹਾਂ ਆਖਿਆ ਕਿ ਆਪਣੀ ਨਿਖੱਧ ਕਾਰਗੁਜ਼ਾਰੀ ਨੂੰ ਸੁਧਾਰਨ ਦੀ ਥਾਂ ਆਪ ਸਰਕਾਰ ਇਸ ਕਾਰਗੁਜ਼ਾਰੀ ਨੂੰ ਉਜਾਗਰ ਕਰਨ ਵਾਲੇ ਪੱਤਰਕਾਰਾਂ ਤੇ ਆਰਟੀਆਈ ਕਾਰਕੁੰਨਾ ਦੀ ਜ਼ੁਬਾਨਬੰਦੀ ਦੇ ਉਲਟੇ ਰਾਹ ਤੁਰ ਪਈ ਹੈ। ਇਸ ਸਮੇਂ ਦਰਸਨ ਸਿੰਘ, ਬਿੰਦਰ ਸਿੰਘ, ਹਰਮੇਲ ਸਿੰਘ, ਅੰਗਰੇਜ਼ ਸਿੰਘ, ਗੁਰਮੇਲ ਕੌਰ, ਚਰਨਜੀਤ ਕੌਰ, ਸੁਖਜੀਤ ਕੌਰ, ਸਨਦੀਪ ਕੌਰ, ਬਲਜਿੰਦਰ ਕੌਰ ਆਦਿ ਸ਼ਾਮਿਲ ਸਨ।