ਕਤਲ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਰਾਤ ਥਾਣੇ ਬਾਹਰ ਦਿੱਤਾ ਧਰਨਾ ਕਤਲ ਮਾਮਲੇ ’ਚ ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਰਾਤ ਨੂੰ ਥਾਣੇ ਬਾਹਰ ਦਿੱਤਾ ਧਰਨਾ
Publish Date: Thu, 30 Jul 2026 06:23 PM (IST)
Updated Date: Thu, 30 Jul 2026 06:25 PM (IST)
- ਚਾਰ ਦਿਨ ਪਹਿਲਾਂ ਨੌਜਵਾਨ ਦੀ ਸ਼ੱਕੀ ਹਾਲਤ ’ਚ ਮਿਲੀ ਸੀ ਲਾਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪਿੰਡ ਛਾਪਿਆਂਵਾਲੀ-ਅਬੁਲਖੁਰਾਣਾ ਲਿੰਕ ਰੋਡ ’ਤੇ 21 ਸਾਲਾ ਨੌਜਵਾਨ ਸੁਖਪਾਲ ਸਿੰਘ ਦੀ ਸ਼ੱਕੀ ਮੌਤ ਦੇ ਮਾਮਲੇ ’ਚ ਪਰਿਵਾਰ ਨੇ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਬੁੱਧਵਾਰ ਨੂੰ ਥਾਣਾ ਸਿਟੀ ਮਲੋਟ ਦੇ ਬਾਹਰ ਧਰਨਾ ਦੇ ਕੇ ਰੋਸ ਜਤਾਇਆ। ਪਰਿਵਾਰ ਦਾ ਦੋਸ਼ ਹੈ ਕਿ ਸੁਖਪਾਲ ਦਾ ਕਤਲ ਕਰਕੇ ਉਸਦੀ ਲਾਸ਼ ਸੜਕ ਕਿਨਾਰੇ ਸੁੱਟ ਦਿੱਤੀ ਗਈ, ਪਰ ਘਟਨਾ ਦੇ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਹੋਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸੁਖਪਾਲ ਸ਼ਹਿਰ ਦੀ ਇੱਕ ਬਰਗਰ ਦੀ ਦੁਕਾਨ ’ਤੇ ਕੰਮ ਕਰਦਾ ਸੀ। ਘਟਨਾ ਵਾਲੇ ਦਿਨ ਉਹ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਗਿਆ ਸੀ। ਇਸਤੋਂ ਬਾਅਦ ਉਸਦੀ ਲਾਸ਼ ਛਾਪਿਆਂਵਾਲੀ-ਅਬੁਲਖੁਰਾਨਾ ਲਿੰਕ ਰੋਡ ’ਤੇ ਮਿਲੀ। ਪਰਿਵਾਰ ਨੇ ਸ਼ੱਕ ਪ੍ਰਗਟਾਇਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ। ਮਾਮਲੇ ’ਚ ਪੁਲਿਸ ਦਾ ਪੱਖ ਵੀ ਸਾਹਮਣੇ ਆਇਆ ਹੈ। ਸਬ ਇੰਸਪੈਕਟਰ ਵਿਕਾਸ ਸਿੰਘ ਨੇ ਦੱਸਿਆ ਕਿ ਪਹਿਲਾਂ ਇਸ ਕੇਸ ’ਚ ਰਾਜਵੀਰ ਉਰਫ਼ ਦੇਸਰਾਜ ਅਤੇ ਰਾਜਪਾਲ ਨਿਵਾਸੀ ਮਾਹੂਆਣਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਦੋਵਾਂ ਦੀ ਸ਼ਮੂਲੀਅਤ ਨਹੀਂ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੇਸ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਜਾਂਚ ’ਚ ਸਾਹਮਣੇ ਆਇਆ ਕਿ ਘਟਨਾ ਵਾਲੇ ਦਿਨ ਸੁਖਪਾਲ ਨੂੰ ਉਸ ਦੇ ਦੋ ਹੋਰ ਸਾਥੀਆਂ ਦੋ ਭਰਾ ਆਕਾਸ਼ ਅਤੇ ਯਾਦਵਿੰਦਰ ਉਰਫ਼ ਕਾਲੂ ਪੁੱਤਰ ਬਲਵਿੰਦਰ ਨਾਲ ਬਾਈਕ ਤੇ ਦੇਖਿਆ ਗਿਆ ਸੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਤੋਂ ਤਿੰਨ ਦਿਨ ਦਾ ਰਿਮਾਂਡ ਲਿਆ। ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਸੁਖਪਾਲ ਨੇ ਨਸ਼ੀਲਾ ਪਦਾਰਥ ਖ਼ਰੀਦਣ ਲਈ ਆਪਣਾ ਮੋਬਾਈਲ ਗਹਿਣੇ ਰੱਖਿਆ ਸੀ। ਇਸੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਨਸ਼ਾ ਵੇਚਣ ਵਾਲੇ ਦੋ ਹੋਰ ਮੁਲਜ਼ਮਾਂ ਮਨਪ੍ਰੀਤ ਅਤੇ ਕੁਲਦੀਪ ਨੂੰ ਵੀ ਨਾਮਜ਼ਦ ਕੀਤਾ ਹੈ। ਐੱਸਆਈ ਵਿਕਾਸ ਸਿੰਘ ਮੁਤਾਬਕ ਮਾਮਲੇ ’ਚ ਹੁਣ ਤੱਕ ਕੁੱਲ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਚੌਥੇ ਮੁਲਜ਼ਮ ਦੀ ਭਾਲ ਜਾਰੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ।