97 ਸਾਲ ਦੀ ਉਮਰ 'ਚ ਵੀ ਪੂਰੀ ਤਰ੍ਹਾਂ ਤੰਦਰੁਸਤ ਹਨ ਮਾਤਾ ਸੁਰਜੀਤ ਕੌਰ, ਦੰਦ ਵੀ ਅਜੇ ਜਵਾਨੀ ਵਾਲੇ 97 ਸਾਲ ਦੀ ਉਮਰ 'ਚ ਵੀ ਪੂਰੀ ਤਰ੍ਹਾਂ ਤੰਦਰੁਸਤ ਹਨ ਮਾਤਾ ਸੁਰਜੀਤ ਕੌਰ, ਦੰਦ ਵੀ ਅਜੇ ਜਵਾਨੀ ਵਾਲੇ
Publish Date: Wed, 16 Sep 2026 04:11 PM (IST)
Updated Date: Wed, 16 Sep 2026 04:14 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਅੱਜ ਦੇ ਦੌਰ ’ਚ ਜਿੱਥੇ ਮਿਲਾਵਟੀ ਖੁਰਾਕਾਂ, ਦੂਸ਼ਿਤ ਪਾਣੀ ਅਤੇ ਪ੍ਰਦੂਸ਼ਣ ਕਾਰਨ ਜਵਾਨੀ ਸਮੇਂ ਤੋਂ ਪਹਿਲਾਂ ਹੀ ਬੀਮਾਰੀਆਂ ਦੀ ਗ੍ਰਿਫ਼ਤ ’ਚ ਆ ਰਹੀ ਹੈ, ਉੱਥੇ ਹੀ ਪੁਰਾਣੇ ਸਮਿਆਂ ਦੀਆਂ ਦੇਸੀ ਤੇ ਸ਼ੁੱਧ ਖੁਰਾਕਾਂ ਖਾਣ ਵਾਲੇ ਬਜ਼ੁਰਗ ਅੱਜ ਵੀ ਨਿਰੋਈ ਅਤੇ ਚੁਸਤ-ਦਰੁਸਤ ਜ਼ਿੰਦਗੀ ਜੀਅ ਰਹੇ ਹਨ। ਇਸਦੀ ਪ੍ਰਤੱਖ ਮਿਸਾਲ ਹਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੋਦੀਵਾਲਾ ਖੜਕ ਸਿੰਘ ਦੀ ਰਹਿਣ ਵਾਲੀ 97 ਸਾਲਾ ਮਾਤਾ ਸੁਰਜੀਤ ਕੌਰ ਪਤਨੀ ਸਵ. ਸਰਦਾਰ ਕੁਲਵੰਤ ਸਿੰਘ, ਜੋ ਇਸ ਉਮਰ ’ਚ ਵੀ ਪੂਰੀ ਤਰ੍ਹਾਂ ਕਾਇਮ-ਦਾਇਮ ਹਨ। ਮਾਤਾ ਜੀ ਹਰ ਰੋਜ਼ ਨੇਮ ਨਾਲ ਅਖ਼ਬਾਰ ਪੜ੍ਹਦੇ ਹਨ ਅਤੇ ਗੁਆਂਢ ਦੀਆਂ ਬੀਬੀਆਂ ਨੂੰ ਖ਼ਬਰਾਂ ਸੁਣਾਉਂਦੇ ਹਨ। ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਮਾਤਾ ਜੀ ਨੇ ਦੱਸਿਆ ਕਿ ਉਹ ਦੋ ਭੈਣਾਂ ਅਤੇ ਦੋ ਭਰਾ ਸਨ, ਜੋ ਹੁਣ ਸਭ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ ਹਨ। ਉਨ੍ਹਾਂ ਦਾ ਪੇਕਾ ਪਿੰਡ ਖੇੜਾ (ਹਰਿਆਣਾ) ਹੈ। ਦੇਸ਼ ਦੀ ਵੰਡ ਅਤੇ ਪੰਜਾਬ ਦੀ ਵੰਡ ਤੋਂ ਪਹਿਲਾਂ 17 ਸਾਲ ਦੀ ਉਮਰ ’ਚ ਉਨ੍ਹਾਂ ਦਾ ਵਿਆਹ ਸ. ਕੁਲਵੰਤ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੋਦੀ ਵਾਲਾ ਖੜਕ ਸਿੰਘ ਵਿਖੇ ਆ ਕੇ ਮੈਂ ਬਹੁਤ ਹੀ ਜਿਆਦਾ ਕੰਮ ਕੀਤਾ। ਮੇਰੇ ਸੋਹਰਾ ਸਾਹਿਬ ਨੇ ਕਾਫੀ ਜਮੀਨ ਗਹਿਣੇ ਲਈ ਹੋਈ ਸੀ, ਸਾਡੇ 10 ਸੀਰੀ ਕੰਮ ਕਰਦੇ ਸਨ ਅਤੇ ਮੈਂ 50 ਦਿਹਾੜੀਆਂ ਦੀ ਰੋਟੀ ਪਕਾਉਂਦੀ ਸੀ ਅਤੇ ਖੇਤ ਵੀ ਲੈ ਕੇ ਜਾਂਦੀ ਸੀ, ਪਹਿਲਾਂ ਮੈਂ 50 ਘੜੇ ਪਾਣੀ ਦੇ ਲਿਆਉਂਦੀ ਕਿਉਂਕਿ ਪਿੰਡ ’ਚ ਪਾਣੀ ਦੀ ਬਹੁਤ ਕਮੀ ਸੀ। ਧਰਤੀ ਹੇਠਲਾ ਪਾਣੀ ਖਾਰਾ ਸੀ। ਪਿੰਡ ’ਚ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰਕੇ ਪਾਣੀ ਦੀ ਬਹੁਤ ਤੋਟ ਸੀ, ਜਿਸ ਲਈ ਉਹ ਰੋਜ਼ਾਨਾ 50-50 ਘੜੇ ਪਾਣੀ ਦੇ ਭਰ ਕੇ ਲਿਆਉਂਦੇ ਸਨ। ਉਨ੍ਹਾਂ ਦੱਸਿਆ ਕਿ ਮਾਪਿਆਂ ਅਤੇ ਸੋਹਰਿਆਂ ਦੇ ਘਰ ਉਨ੍ਹਾਂ ਨੇ ਰੱਜ ਕੇ ਦੇਸੀ ਘਿਓ, ਪੰਜੀਰੀ, ਮੇਵੇ ਅਤੇ ਫਲ-ਫ਼ਰੂਟ ਖਾਧੇ ਹਨ। ਪੇਕੇ ਪਿੰਡ ਦੀ ਸੱਥ ’ਚ ਗ੍ਰੰਥੀ ਸਿੰਘ ਤੋਂ ਪੜ੍ਹਾਈ ਲਿਖਾਈ ਸਿੱਖਣ ਕਰਕੇ ਉਹ ਉਰਦੂ ਅਤੇ ਪੰਜਾਬੀ ਭਾਸ਼ਾ ’ਚ ਪੂਰੀ ਤਰ੍ਹਾਂ ਨਿਪੁੰਨ ਹਨ। ਆਪਣੀ ਸਿਹਤ ਦਾ ਰਾਜ਼ ਦੱਸਦਿਆਂ ਮਾਤਾ ਜੀ ਨੇ ਕਿਹਾ ਕਿ ਦੋਵੇਂ ਵਕਤ ਦਾਤਣ ਕਰਨ ਕਰਕੇ ਉਨ੍ਹਾਂ ਦੇ ਦੰਦ ਅੱਜ ਵੀ ਜਵਾਨੀ ਵਾਂਗ ਬਿਲਕੁਲ ਠੀਕ-ਠਾਕ ਹਨ। ਉਨ੍ਹਾਂ ਨੂੰ ਪੂਰਾ ਸੁਣਦਾ ਤੇ ਸਾਫ਼ ਦਿਖਾਈ ਦਿੰਦਾ ਹੈ। ਅੱਜ ਵੀ ਉਹ ਆਮ ਵਾਂਗ ਘਰਾਂ ਵਿੱਚ ਆਉਂਦੀਆਂ-ਜਾਂਦੀਆਂ ਹਨ। ਖੁਰਾਕ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਹ ਦੋ ਫੁਲਕੇ, ਸਬਜ਼ੀ, ਸਲਾਦ, ਦੁੱਧ ਅਤੇ ਦੇਸੀ ਘਿਓ ਦੀ ਵਰਤੋਂ ਕਰਦੇ ਹਨ। ਮਾਤਾ ਜੀ ਦੇ ਦੋ ਪੁੱਤਰ ਗੁਰਪਾਲ ਸਿੰਘ ਤੇ ਜਸਪਾਲ ਸਿੰਘ ਅਤੇ ਇੱਕ ਵਿਆਹੀ ਹੋਈ ਧੀ ਹੈ। ਧੀ ਕੈਨੇਡਾ ਵਿੱਚ ਪਰਿਵਾਰ ਸਮੇਤ ਰਹਿੰਦੀ ਹੈ। ਮਾਤਾ ਜੀ ਨੂੰ 1992 ਵਿੱਚ ਕੈਨੇਡਾ ਦੀ ਪੀਆਰ ਵੀ ਮਿਲ ਗਈ ਸੀ ਅਤੇ ਉਹ ਕਈ ਵਾਰ ਉੱਥੇ ਜਾ ਵੀ ਆਏ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਰੌਣਕ ਅਤੇ ਆਪਣਾਪਨ ਪੰਜਾਬ ਵਿੱਚ ਹੈ, ਉਹ ਕੈਨੇਡਾ ਵਿੱਚ ਨਹੀਂ। ਸਾਲ 2013 ਵਿੱਚ ਆਪਣੇ ਜੀਵਨ ਸਾਥੀ ਸ. ਕੁਲਵੰਤ ਸਿੰਘ ਦੇ ਅਕਾਲ ਚਲਾਣੇ ਨੂੰ ਯਾਦ ਕਰਦਿਆਂ ਮਾਤਾ ਜੀ ਭਾਵੁਕ ਹੋ ਗਏ ਅਤੇ ਕਿਹਾ ਕਿ ਹਮਸਫ਼ਰ ਤੋਂ ਬਿਨਾਂ ਜ਼ਿੰਦਗੀ ਔਖੀ ਹੋ ਜਾਂਦੀ ਹੈ, ਪਰ ਪ੍ਰਮਾਤਮਾ ਦੇ ਭਾਣੇ ਅੱਗੇ ਕੋਈ ਚਾਰਾ ਨਹੀਂ। ਮਾਤਾ ਜੀ ਦੇ ਸਪੁੱਤਰ ਗੁਰਪਾਲ ਸਿੰਘ ਅਤੇ ਨੂੰਹ ਨੇ ਦੱਸਿਆ ਕਿ ਮਾਤਾ ਜੀ ਖ਼ੁਦ ਹੀ ਏਸੀ ਅਤੇ ਐੱਲਈਡੀ ਚਲਾ ਕੇ ਸਵੇਰੇ-ਸ਼ਾਮ ਬਾਣੀ ਸੁਣਦੇ ਹਨ ਅਤੇ ਆਪ ਵੀ ਪਾਠ ਕਰਦੇ ਹਨ। ਪਰਿਵਾਰ ਮੁਤਾਬਕ ਮਾਤਾ ਜੀ ਦਾ ਸੁਭਾਅ ਬਹੁਤ ਨਿੱਘਾ ਤੇ ਹੱਸਮੁੱਖ ਹੈ। ਪਿੰਡ ਦੇ ਸਮਾਜ ਸੇਵੀ ਗੁਰਮੀਤ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਨੇ ਦੱਸਿਆ ਕਿ ਮਾਤਾ ਸੁਰਜੀਤ ਕੌਰ ਪਿੰਡ ਦੀ ਸ਼ਾਨ ਹਨ। ਉਨ੍ਹਾਂ ਦੇ ਦਰਾਂ ਤੋਂ ਕਦੇ ਕੋਈ ਲੋੜਵੰਦ ਖ਼ਾਲੀ ਹੱਥ ਨਹੀਂ ਮੁੜਿਆ। ਪਿੰਡ ਵਾਸੀ ਹਰ ਵੱਡੀ-ਛੋਟੀ ਗੱਲ ਵਿੱਚ ਮਾਤਾ ਜੀ ਦੀ ਸਲਾਹ ਲੈਂਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਤਾ ਜੀ ਕਦੇ ਬੀਮਾਰ ਨਹੀਂ ਹੋਏ ਅਤੇ ਨਾ ਹੀ ਉਨ੍ਹਾਂ ਨੇ ਕਦੇ ਐਲੋਪੈਥੀ (ਅੰਗਰੇਜ਼ੀ) ਦਵਾਈਆਂ ਖਾਧੀਆਂ ਹਨ, ਉਹ ਸਿਰਫ਼ ਦੇਸੀ ਨੁਸਖ਼ੇ ਹੀ ਵਰਤਦੇ ਹਨ। ਜਦੋਂ ਮਾਤਾ ਜੀ ਨੂੰ ਉਮਰ ਦੇ ਇਸ ਪੜਾਅ ਤੇ ਮੌਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਮੁਸਕੁਰਾਉਂਦਿਆਂ ਕਿਹਾ ਕਿ ਮੇਰਾ ਮਰਨ ਨੂੰ ਉੱਕਾ ਹੀ ਜੀਅ ਨਹੀਂ ਕਰਦਾ, ਮੈਂ ਤਾਂ ਚਾਹੁੰਦੀ ਹਾਂ ਕਿ ਆਪਣੇ ਪਰਿਵਾਰ ਤੇ ਪਿੰਡ ’ਚ ਇਸੇ ਤਰ੍ਹਾਂ ਰੌਣਕਾਂ ਲਾਈ ਰੱਖਾਂ। ਪੂਰਾ ਪਰਿਵਾਰ ਅਤੇ ਪਿੰਡ ਮਾਤਾ ਜੀ ਦੀ ਲੰਮੀ ਅਤੇ ਅਰੋਗ ਉਮਰ ਦੀ ਕਾਮਨਾ ਕਰਦਾ ਹੈ।