ਡੀਸੀ ਦੇ ਹੁਕਮਾਂ ’ਤੇ ਕੂੜਾ ਚੁਕਵਾਉਣ ਲਈ ਜੇਸੀਬੀ ਲੈ ਕੇ ਪਹੁੰਚੇ ਈਓ, ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ ਡੀਸੀ ਦੇ ਹੁਕਮਾਂ 'ਤੇ ਕੂੜਾ ਚੁੱਕਵਾਉਣ ਲਈ ਜੇਸੀਬੀ ਲੈ ਕੇ ਪਹੁੰਚੇ ਈਓ,ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ
Publish Date: Wed, 22 Jul 2026 06:59 PM (IST)
Updated Date: Wed, 22 Jul 2026 07:01 PM (IST)
- ਬਿਨਾਂ ਕੂੜਾ ਚੁੱਕੇ ਵਾਪਸ ਜਾਣਾ ਪਿਆ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਬੁੱਧਵਾਰ ਨੂੰ ਡੀਸੀ ਦੇ ਨਿਰਦੇਸ਼ਾਂ ਤੋਂ ਬਾਅਦ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਕੂੜਾ ਚੁੱਕਣ ਲਈ ਸ਼ੇਰ ਸਿੰਘ ਚੌਂਕ ’ਚ ਬਾਅਦ ਦੁਪਹਿਰ ਜੇਸੀਬੀ ਮੰਗਵਾਈ ਗਈ। ਜਿਸ ਨੂੰ ਦੇਖ ਕੇ ਹੜਤਾਲ ’ਤੇ ਚੱਲ ਰਹੇ ਸਫ਼ਾਈ ਕਰਮਚਾਰੀਆਂ ਨੇ ਵਿਰੋਧ ਕੀਤਾ ਅਤੇ ਕੂੜਾ ਚੁੱਕਣ ਤੋਂ ਰੋਕਿਆ। ਈਓ ਵਰੁਣ ਸਹੋਤਾ ਨੇ ਮੌਕੇ ’ਤੇ ਪਹੁੰਚ ਕੇ ਕਰਮਚਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਤੇ ਪੰਜਾਬ ਸਰਕਾਰ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਸਫ਼ਾਈ ਕਰਮਚਾਰੀਆਂ ਦੇ ਵਿਰੋਧ ਤੋਂ ਬਾਅਦ ਜੇਸੀਬੀ ਨੂੰ ਬਿਨਾਂ ਕੂੜਾ ਚੁੱਕੇ ਵਾਪਸ ਮੁੜਨਾ ਪਿਆ। ਜ਼ਿਕਰਯੋਗ ਹੈ ਕਿ ਡੀਸੀ ਅਮਿਤ ਕੁਮਾਰ ਪੰਚਾਲ ਨੇ ਮੰਗਲਵਾਰ ਨੂੰ ਨਗਰ ਕੌਂਸਲ ਨੂੰ ਕੂੜਾ ਚੁੱਕਣ ਦੇ ਸਖ਼ਤ ਨਿਰਦੇਸ਼ ਦਿੱਤੇ ਸਨ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਪੁਲਿਸ ਸੁਰੱਖਿਆ ਦੀ ਵੀ ਗੱਲ ਕਹੀ ਸੀ। ਪਰ ਬੁੱਧਵਾਰ ਨੂੰ ਫਿਲਹਾਲ ਨਗਰ ਕੌਂਸਲ ਕਰਮਚਾਰੀਆਂ ਦੇ ਵਿਰੋਧ ਕਾਰਨ ਕੂੜਾ ਚੁੱਕਵਾਉਣ ’ਚ ਅਸਫ਼ਲ ਰਹੀ। ਜੇਸੀਬੀ ਨੂੰ ਕੂੜੇ ਤੋਂ ਥੋੜ੍ਹਾ ਪਿੱਛੇ ਹਟਾ ਕੇ ਵਾਪਸ ਲੈ ਕੇ ਜਾਣਾ ਪਿਆ। ਜ਼ਿਕਰਯੋਗ ਹੈ ਕਿ ਮੁਕਤਸਰ ’ਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਅੱਠ ਜੁਲਾਈ ਤੋਂ ਜਾਰੀ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਕਰਮਚਾਰੀਆਂ ਦੇ ਕੰਮ ਨਾ ਕਰਨ ਨਾਲ ਪੂਰੇ ਸ਼ਹਿਰ ਵਿੱਚ ਹਜ਼ਾਰਾਂ ਟਨ ਕੂੜਾ ਸੜਕਾਂ ਤੇ ਫੈਲ ਗਿਆ ਹੈ। ਗੰਦਗੀ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਤੱਕ ਮੁਸ਼ਕਿਲ ਹੋ ਗਿਆ ਹੈ। ਪਿਛਲੇ 14 ਦਿਨਾਂ ਤੋਂ ਜਾਰੀ ਹੜਤਾਲ ਕਾਰਨ ਸ਼ੇਰ ਸਿੰਘ ਚੌਂਕ, ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਾਲੀ ਗਲੀ, ਕੋਟਕਪੂਰਾ ਰੋਡ, ਜਲਾਲਾਬਾਦ ਰੋਡ ਓਵਰਬ੍ਰਿਜ ਦੇ ਕੋਲ ਸਮੇਤ ਸ਼ਹਿਰ ਦੇ ਹਰ ਕੋਨੇ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਬਾਜ਼ਾਰਾਂ ’ਚ ਵੀ ਕੂੜਾ ਖਿੱਲਰਿਆ ਪਿਆ ਹੈ, ਜਿਸ ਨਾਲ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਘਰਾਂ ਦੇ ਆਸ-ਪਾਸ ਕੂੜੇ ਦੀ ਬਦਬੂ ਨਾਲ ਲੋਕਾਂ ਦਾ ਰਹਿਣਾ ਦੂਭਰ ਹੋ ਗਿਆ ਹੈ ਅਤੇ ਬੀਮਾਰੀ ਫੈਲਣ ਦਾ ਖ਼ਤਰਾ ਵਧ ਗਿਆ ਹੈ। ਯੂਨੀਅਨ ਦਾ ਸਾਫ਼ ਐਲਾਨ : ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਬਣੇ ਹਾਲਾਤਾਂ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹਨ। ਹੁਣ ਨਾ ਉਹ ਖ਼ੁਦ ਕੂੜਾ ਚੁੱਕਣਗੇ ਅਤੇ ਨਾ ਹੀ ਕਿਸੇ ਹੋਰ ਨੂੰ ਚੁੱਕਣ ਦੇਣਗੇ।