ਗੁਰੂ ਰਵਿਦਾਸ ਜੀ ਦਾ ਸੰਦੇਸ਼ ਸਾਂਝੀਵਾਲਤਾ ਦਾ ਪ੍ਰਤੀਕ : ਸੋਢੀ ਗੁਰੂ ਰਵਿਦਾਸ ਜੀ ਦਾ ਸੰਦੇਸ਼ ਸਮਾਜਿਕ ਬਰਾਬਰੀ, ਏਕਤਾ ਤੇ ਦੁੱਖਾਂ ਤੋਂ ਮੁਕਤ ਸਮਾਜ ਦਾ ਪ੍ਰਤੀਕ : ਸੋਢੀ
Publish Date: Sun, 29 Nov 2026 03:53 PM (IST)
Updated Date: Sun, 29 Nov 2026 03:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਗਿੱਦੜਬਾਹਾ : ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਨੇ ਸਮੁੱਚੀ ਮਨੁੱਖਤਾ ਨੂੰ ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਭੇਦਭਾਵ ਤੋਂ ਉੱਪਰ ਉੱਠ ਕੇ ਬਰਾਬਰੀ, ਪ੍ਰੇਮ ਅਤੇ ਭਾਈਚਾਰੇ ਨਾਲ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਵੱਲੋਂ ਦਰਸਾਇਆ ਗਿਆ ‘ਬੇਗਮਪੁਰਾ’ ਕੇਵਲ ਕੋਈ ਸ਼ਹਿਰ ਨਹੀਂ, ਸਗੋਂ ਅਜਿਹੇ ਆਦਰਸ਼ ਸਮਾਜ ਦੀ ਕਲਪਨਾ ਹੈ, ਜਿੱਥੇ ਕੋਈ ਗ਼ਮ, ਦੁੱਖ, ਕਲੇਸ਼ ਜਾਂ ਵਿਤਕਰਾ ਨਾ ਹੋਵੇ। ਇਹ ਪ੍ਰਗਟਾਵਾ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਅਰੁਣਜੋਤ ਸਿੰਘ ਸੋਢੀ ਨੇ ਅੱਜ ਗਿੱਦੜਬਾਹਾ ਹਲਕੇ ਵਿੱਚੋਂ ਲੰਘ ਰਹੀ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕਰਦਿਆਂ ਕੀਤਾ। ਸੋਢੀ ਨੇ ਕਿਹਾ ਕਿ ਜਦੋਂ ਕਿਸੇ ਨੇ ਗੁਰੂ ਰਵਿਦਾਸ ਜੀ ਨੂੰ ਪੁੱਛਿਆ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਹਨ ਤਾਂ ਉਨ੍ਹਾਂ ਨੇ ‘ਬੇਗਮਪੁਰਾ ਸ਼ਹਿਰ ਕੋ ਨਾਉ’ ਕਹਿ ਕੇ ਅਜਿਹੇ ਸਮਾਜ ਦੀ ਤਸਵੀਰ ਪੇਸ਼ ਕੀਤੀ, ਜਿੱਥੇ ਕਿਸੇ ਕਿਸਮ ਦਾ ਦੁੱਖ ਜਾਂ ਭੇਦਭਾਵ ਨਹੀਂ। ਉਨ੍ਹਾਂ ਕਿਹਾ ਕਿ ਬੇਗਮਪੁਰਾ ਭਾਰਤ ਦੇ ਨਕਸ਼ੇ ਉੱਤੇ ਮਿਲਣ ਵਾਲਾ ਕੋਈ ਆਮ ਸ਼ਹਿਰ ਨਹੀਂ, ਬਲਕਿ ਸਮਾਜਿਕ ਸਮਾਨਤਾ ਅਤੇ ਮਨੁੱਖੀ ਆਜ਼ਾਦੀ ਦਾ ਇੱਕ ਉੱਚਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਅਤੇ ਵਿਚਾਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜ਼ਿਲ੍ਹਾ ਸੰਘਚਾਲਕ ਜਸਵਿੰਦਰ ਸ਼ਰਮਾ ਵੱਲੋਂ ਉਨ੍ਹਾਂ ਨੂੰ ਹਲਕੇ ’ਚ ਯਾਤਰਾ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਬੀਤੇ ਦਿਨੀਂ ਇਹ ਯਾਤਰਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚੋਂ ਹੁੰਦੀ ਹੋਈ ਪੰਚਾਇਤੀ ਧਰਮਸ਼ਾਲਾ ਵਿਖੇ ਸਮਾਪਤ ਹੋਈ ਸੀ, ਜਦਕਿ ਅੱਜ ਕੋਟਭਾਈ, ਭਲਾਈਆਣਾ, ਬੁੱਟਰ ਸ਼ਰੀਂਹ, ਮੱਲਣ ਅਤੇ ਦੋਦਾ ਆਦਿ ਪਿੰਡਾਂ ਵਿੱਚੋਂ ਹੁੰਦੀ ਹੋਈ ਫਰੀਦਕੋਟ ਵੱਲ ਰਵਾਨਾ ਹੋਈ। ਇਸ ਮੌਕੇ ਖੇਤਰੀ ਵਿਭਾਗ ਪ੍ਰਮੁੱਖ ਸੁਨੀਲ ਮਿੱਤਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਦੀਆਂ ਪਹਿਲਾਂ ਸਮਾਜਿਕ ਜਾਗਰਤੀ ਲਈ ਪਦ-ਯਾਤਰਾ ਸ਼ੁਰੂ ਕਰਕੇ ਲੋਕਾਂ ਨੂੰ ਜਾਤ-ਪਾਤ ਤੋਂ ਉੱਪਰ ਉੱਠਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ ਪੂਰੇ ਪੰਜਾਬ ਵਿੱਚੋਂ ਹੁੰਦੀ ਹੋਈ ਗੁਰੂ ਜੀ ਦੇ ਜਨਮ ਅਸਥਾਨ ਨੇੜੇ ਬਨਾਰਸ ਵਿਖੇ ਸਮਾਪਤ ਹੋਵੇਗੀ, ਜਦਕਿ 10 ਤਰੀਕ ਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਪੰਜਾਬ ਪੜਾਅ ਦੀ ਸਮਾਪਤੀ ਹੋਵੇਗੀ। ਆਰਐਸਐਸ ਦੇ ਜ਼ਿਲ੍ਹਾ ਸੰਘਚਾਲਕ ਜਸਵਿੰਦਰ ਸ਼ਰਮਾ ਨੇ ਬੱਚਿਆਂ ਨੂੰ ਸਵੇਰੇ ਉੱਠ ਕੇ ਪ੍ਰਭੂ ਸਿਮਰਨ ਕਰਨ ਅਤੇ ਕਿਰਤ ਕਰਨ ਤੇ ਵੰਡ ਛਕਣ ਦੇ ਗੁਰਬਾਣੀ ਸਿਧਾਂਤਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਯਾਤਰਾ ਦਾ ਮੁੱਖ ਮੰਤਵ ਸਮਾਜਿਕ ਏਕਤਾ ਅਤੇ ਰਾਸ਼ਟਰ ਨਿਰਮਾਣ ਹੈ, ਕਿਉਂਕਿ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਵਰਗ ਦਾ ਇਕਜੁੱਟ ਹੋਣਾ ਜ਼ਰੂਰੀ ਹੈ। ਉਨ੍ਹਾਂ ਯਾਤਰਾ ਦੇ ਸੁਚੱਜੇ ਪ੍ਰਬੰਧਾਂ ਲਈ ਅਰੁਣਜੋਤ ਸਿੰਘ ਸੋਢੀ ਸਮੇਤ ਸੰਘ ਦੇ ਆਗੂਆਂ ਅਤੇ ਰਵਿਦਾਸ ਮੰਦਰਾਂ ਦੇ ਸਮੂਹ ਪ੍ਰਧਾਨਾਂ ਤੇ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਦੌਰਾਨ ਖੇਤਰੀ ਸੰਘ ਪ੍ਰਮੁੱਖ ਸੁਨੀਲ ਮਿੱਤਲ ਅਤੇ ਬਾਬਾ ਬਚਨ ਸਿੰਘ ਮੱਲਣ ਵਾਲਿਆਂ ਵੱਲੋਂ ਯਾਤਰਾ ਆਯੋਜਕ ਜਸਵਿੰਦਰ ਸ਼ਰਮਾ (ਜ਼ਿਲ੍ਹਾ ਸੰਘਚਾਲਕ), ਮੁਕੇਸ਼ ਸਿੰਗਲਾ (ਨਗਰ ਸੰਘਚਾਲਕ), ਨੀਰਜ ਗਰਗ (ਨਗਰ ਕਾਰਿਆਵਾਹ), ਮਹਾਤਮਾ ਅਵਿਨਾਸ਼ ਚੰਦ, ਗੁਰਪ੍ਰੀਤ ਸਿੰਘ, ਕਰਮੇਸ਼ ਅਰੋੜਾ, ਮਹਾਵੀਰ ਸਿੰਗਲਾ, ਰਾਜਿੰਦਰ ਰਾਜੋਰਾ, ਅਸ਼ੀਸ਼, ਦਵਾਰਕਾ ਦਾਸ, ਵਿਵੇਕ ਜੀ ਅਤੇ ਅਨੰਦਪਾਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।