- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਲਾ ਮਾਘੀ ਸਬੰਧੀ ਬੀਕੇਯੂ ਉਗਰਾਹਾਂ ਤੇ ਸ਼ਹਿਰ ਵਾਸੀਆਂ ਦਾ ਵਫ਼ਦ ਡੀਸੀ ਨੂੰ ਮਿਲਿਆ

-ਮੇਲਾ ਮਾਘੀ ਟਿਕਟ ਮੁਕਤ ਕਰਨ ਅਤੇ ਸਮਾਂ ਘਟਾਉਣ ਦੀ ਕੀਤੀ ਮੰਗ
ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਚਾਲ੍ਹੀ ਮੁਕਤਿਆਂ ਦੇ ਸ਼ਹੀਦੀ ਜੋੜ ਮੇਲੇ ਮੌਕੇ ਲੱਗਣ ਵਾਲੇ ਮੰਨੋਰੰਜਨ ਮੇਲੇ ’ਚ ਆਉਣ ਵਾਲੇ ਲੱਖਾਂ ਲੋਕਾਂ ਕੋਲੋਂ ਦਾਖਲਾ ਟਿਕਟ ਦੇ ਨਾਮ ’ਤੇ ਕੀਤੀ ਜਾਂਦੀ ਵਸੂਲੀ ਨੂੰ ਆਮ ਲੋਕਾਂ ਲਈ ਜਜ਼ੀਆ ਕਰਾਰ ਦਿੰਦਿਆਂ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ, ਸਿਆਸੀ ਆਗੂਆਂ, ਖੇਤ ਮਜ਼ਦੂਰ, ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਵੱਲੋਂ ਟਿਕਟ ਮੁਆਫੀ ਤੇ ਮੇਲੇ ਦਾ ਸਮਾਂ ਤਿੰਨ ਮਹੀਨਿਆਂ ਤੋਂ ਘਟਾਕੇ 15 ਦਿਨ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਮਨੋਹਰ ਸਿੰਘ ਸਿੱਖਵਾਲਾ, ਰੰਗਾ ਸਿੰਘ, ਦਲਵਿੰਦਰ ਸਿੰਘ ਸਿੱਖਵਾਲਾ, ਨਿਸ਼ਾਨ ਸਿੰਘ ਕੱਖਾਂਵਾਲੀ, ਰਾਜਭਿੰਦਰ ਸਿੰਘ, ਰਾਜਾ ਸਿੰਘ ਮਹਾਂਬੱਧਰ ਅਤੇ ਸੁਖਦੇਵ ਦਾਸ ਭਲਾਈਆਣਾ ਨੇ ਡੀਸੀ ਨੂੰ ਦੱਸਿਆ ਕਿ ਤਿੰਨ ਮਹੀਨਿਆਂ ਤੱਕ ਮੇਲਾ ਚੱਲਣ ਕਰਕੇ ਪਿੰਡਾਂ ਤੋਂ ਸ਼ਹਿਰ ਆਉਣ ਵਾਲੇ ਲੋਕਾਂ, ਮਰੀਜ਼ਾਂ, ਵਿਦਿਆਰਥੀਆਂ ਅਤੇ ਜਿਨਸਾਂ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਇਸ ਲਈ ਮੇਲਾ 15 ਦਿਨ ਦਾ ਕੀਤਾ ਜਾਵੇ। ਇਸਦੇ ਨਾਲ ਹੀ ਮੇਲੇ ’ਚ ਮਹਿਜ਼ ਦਾਖ਼ਲ ਹੋਣ ’ਤੇ ਲਾਈ ਜਾਂਦੀ ਟਿਕਟ ਨੂੰ ਵੀ ਮੁਆਫ ਕੀਤਾ ਜਾਵੇ ਕਿਉਂਕਿ ਇਹ ਲੋਕਾਂ ’ਤੇ ਜ਼ਬਰੀ ਥੋਪੀ ਜਾਂਦੀ ਹੈ। ਗਰੀਬ ਆਦਮੀ ਆਪਣੇ ਬੱਚਿਆਂ ਨੂੰ ਲੈ ਕੇ ਮੇਲੇ ’ਚ ਦਾਖਲ ਹੋਣ ਨੂੰ ਤਰਸ ਜਾਂਦਾ ਹੈ। ਇਸ ਲਈ ਟਿਕਟ ਮੁਕਤ ਕੀਤੀ ਜਾਵੇ। ਸ਼ਹਿਰ ਵਾਸੀਆਂ ਦਾ ਇਕ ਵਫ਼ਦ ਜਿਸ ’ਚ ਸੰਜੀਵ ਕਥੂਰੀਆ, ਰਵਿੰਦਰ ਮੰਨਣ, ਐਸਕੇ ਇਲੈਕਟ੍ਰੋਨਿਕਸ, ਅਨੁਪ ਕੁਮਾਰ ਨਾਗਪਾਲ, ਅਕਾਸ਼ਦੀਪ, ਪਾਰਸ ਨਾਗਪਾਲ, ਚਰਨਜੀਤ ਸਿੰਘ, ਰਜੇਸ਼ ਕੁਮਾਰ ਤੇ ਅੰਗਰੇਜ਼ ਸਿੰਘ, ਸੁਨੀਲ ਵਰਮਾ, ਇੰਦਰਜੀਤ ਬਾਂਸਲ, ਬੇਟੀ ਸਟੂਡਿਓ, ਬਲਰਾਜ ਸਿੰਘ, ਹੈਪੀ ਸਿੰਘ, ਬੱਬੂ ਗਿਰਧਰ, ਸੁਰਿੰਦਰ ਕੁਮਾਰ, ਜਗਦੀਪ ਸਿੰਘ, ਜਗਮੀਤ ਸਿੰਘ, ਭਾਰਤ ਭੂਸ਼ਨ, ਰਾਜਬਿੰਦਰ ਸਿੰਘ, ਗੁਰਜੰਟ ਸਿੰਘ, ਮਿੱਠੂ ਸਿੰਘ, ਸੁਸ਼ੀਲ ਕੁਮਾਰ, ਸ਼ਮਿੰਦਰ ਸਿੰਘ, ਸੁਨੀਲ ਸਿਡਾਨਾ, ਰਮਿੰਦਰ ਸਿੰਘ, ਵਿਕਰਮ ਹੋਰੀਂ ਸ਼ਾਮਲ ਸਨ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮਲੋਟ ਰੋਡ ਉਪਰ ਸੜਕ ਦੇ ਦੋਹੀਂ ਪਾਸੀ ਫੁੱਟਪਾਥ ਨੂੰ ਲੱਖਾਂ ਰੁਪਏ ’ਚ ਪ੍ਰਵਾਸੀ ਦੁਕਾਨਦਾਰਾਂ ਕੋਲ ਵੇਚ ਦਿੱਤਾ ਜਾਂਦਾ ਹੈ ਅਤੇ ਅਪਰੈਲ ਤੱਕ ਇਹ ਦੁਕਾਨਾਂ ਲੱਗੀਆਂ ਰਹਿੰਦੀਆਂ ਹਨ ਜਿਸ ਕਰਕੇ ਮਲੋਟ ਰੋਡ ਦੇ ਸਥਾਈ ਦੁਕਾਨਦਾਰਾਂ ਦਾ ਕੰਮ ਠੱਪ ਹੋ ਜਾਂਦਾ ਹੈ। ਇਸਤੋਂ ਬਿਨ੍ਹਾਂ ਲੱਖਾਂ ਲੋਕ ਗਲੀਆਂ ਵਿੱਚ ਮਲ-ਮੂਤਰ ਕਰਦੇ ਹਨ ਜਿਸ ਰਹਿਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਛੇੜ-ਛਾੜ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਵਾਪਰਦੀਆਂ ਹਨ। ਉਨ੍ਹਾਂ ਮੇਲੇ ਦਾ ਸਮਾਂ 15 ਦਿਨ ਕਰਨ ਦੀ ਮੰਗ ਕਰਦਿਆਂ ਪੁਲੀਸ ਨਫਰੀ ਵਧਾਉਣ ਦੀ ਵੀ ਮੰਗ ਕੀਤੀ ਹੈ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਵਫ਼ਦਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਧਿਆਨ ਵਿੱਚ ਪਹਿਲਾਂ ਵੀ ਇਹ ਮਸਲਾ ਆਇਆ ਹੈ। ਉਹ ਸਾਰੇ ਪੱਖਾਂ ਨੂੰ ਵਿਚਾਰਕੇ ਮੇਲੇ ਦੀ ਬਿਹਤਰੀ ਲਈ ਢੁਕਵਾਂ ਫੈਸਲਾ ਲੈਣਗੇ।
ਤਸਵੀਰ : 27ਐਮਕੇਟੀ17,18