- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲਘਰ ਦੀ ਕਹਾਣੀ- ਪਹਿਲਾਂ ਸਵੱਛ ਤੇ ਫਿਰ ਦੂਸ਼ਿਤ ਕਰਕੇ ਘਰਾਂ ਨੂੰ ਭੇਜਦਾ ਹੈ ਪਾਣੀ

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸਦਰ ਮੁਕਾਮ ’ਤੇ ਸਥਿਤ ਜਲਘਰ ਵੱਲੋਂ ਘਰਾਂ ਨੂੰ ਸਪਲਾਈ ਕੀਤੇ ਜਾਂਦੇ ਪੀਣ ਵਾਲੇ ਪਾਣੀ ਦੀ ਹਕੀਕਤ ਵੇਖਕੇ ਹੋਸ਼ ਉਡ ਜਾਂਦੇ ਹਨ। ਜਲਘਰ ਵੱਲੋਂ ਸਾਫ ਕੀਤਾ ਪਾਣੀ ਜਿਹੜੇ ਜ਼ਮੀਨ ਦੋਜ਼ ਟੈਂਕਾਂ ’ਚ ਸਟੋਰ ਕੀਤਾ ਜਾਂਦਾ ਹੈ ਉਸ ਪਾਣੀ ਵਿੱਚ ਕੂੜੇ ਕਚਰੇ ਵਾਲਾ ਮਿਲਿਆ ਪਾਣੀ ਵੀ ਰਲ ਜਾਂਦਾ ਹੈ ਜਿਸ ਕਰਕੇ ਲੋਕਾਂ ਦੀ ਸਿਹਤ ਦਾਅ ’ਤੇ ਲੱਗੀ ਹੋਈ ਹੈ। ਮੌਕੇ ’ਤੇ ਜਾਕੇ ਇਕੱਤਰ ਵੇਰਵਿਆਂ ਅਨੁਸਾਰ ਸਾਫ ਪਾਣੀ ਓਵਰ ਫਲੋਅ ਹੋ ਕੇ ਟੈਕਾਂ ਦੇ ਉਪਰ ਭਰ ਜਾਂਦਾ ਹੈ। ਇਹ ਟੈਂਕ ਜੋਧੂ ਕਲੋਨੀ ਵਾਲੇ ਪਾਸੇ ਹਨ। ਕਲੋਨੀ ਵਾਲੇ ਪਾਸੇ ਦੀ ਕੰਧ ਲੰਬੇ ਸਮੇਂ ਤੋਂ ਟੁੱਟੀ ਹੋਈ ਹੈ। ਕੰਧ ਟੁੱਟੀ ਹੋਣ ਕਰਕੇ ਲੋਕ ਅਤੇ ਸਫਾਈ ਸੇਵਕ ਇੱਥੇ ਕੂੜਾ ਸਿੱਟਦੇ ਰਹਿੰਦੇ ਹਨ। ਓਵਰ ਫਲੋਅ ਹੋਇਆ ਪਾਣੀ ਕੂੜੇ, ਪਸ਼ੂਆਂ ਦੇ ਮਲ ਮੂਤਰ ਤੇ ਹੋਰ ਕਚਰੇ ਦੇ ਵਿੱਚ ਰਲ ਜਾਂਦਾ ਹੈ ਅਤੇ ਉਸਤੋਂ ਬਾਅਦ ਇਹ ਪਾਣੀ ਪੀਣ ਵਾਲੇ ਪਾਣੀ ਟੈਂਕਾਂ ’ਚ ਚਲਾ ਜਾਂਦਾ ਹੈ। ਇਥੋਂ ਇਹ ਪਾਣੀ ਡਿੱਗੀਆਂ ’ਚ ਭਰਕੇ ਘਰਾਂ ਦੀ ਸਪਲਾਈ ਕੀਤਾ ਜਾਂਦਾ ਹੈ। ਇਸ ਸਬੰਧੀ ਜਲਘਰ ਦੇ ਗੁਆਂਢ ’ਚ ਰਹਿੰਦੇ ਪਰਮਵੀਰ ਸਿੰਘ ਤੇ ਹੋਰ ਲੋਕਾਂ ਨੇ ਦੱਸਿਆ ਕਿ ਸੁਭ੍ਹਾ 4 ਵਜੇ ਤੋਂ 6 ਵਜੇ ਤੱਕ ਪਾਣੀ ਓਵਰ ਫਲੋਅ ਹੁੰਦਾ ਹੈ ਅਤੇ ਕਰੀਬ 11 ਵਜੇ ਤੱਕ ਇਹ ਟੈਂਕਾਂ ’ਚ ਚਲਾ ਜਾਂਦਾ ਹੈ। ਇਹ ਨਿੱਤ ਦਾ ਵਰਤਾਰਾ ਹੈ। ਕਈ ਵਾਰ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਹੈ। ਪਰ ਕੋਈ ਸੁਣਵਾਈ ਨਹੀਂ ਹੁੰਦੀ। ਮੌਕੇ ’ਤੇ ਮੌਜੂਦ ਪੰਪ ਆਪਰੇਟਰ ਨਾਲ ਸੰਪਰਕ ਕਰਨ ’ਤੇ ਉਸਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਫਿਰ ਜਨ ਸਿਹਤ ਵਿਭਾਗ ਦੇ ਐਸਡੀਓ ਜਗਮੋਹਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪਾਣੀ ਦਾ ਇਹ ਓਵਰ ਫਲੋਅ ਮੋਟਰਾਂ ਨੂੰ ਸਮੇਂ ਸਿਰ ਚਲਾਉਣ ਤੇ ਬੰਦ ਨਾ ਕਰਨ ਕਰਕੇ ਹੁੰਦਾ ਹੈ। ਇਹ ਬਹੁਤ ਗਲਤ ਗੱਲ ਹੈ। ਇਸ ਨਾਲ ਪਾਣੀ ਦੂਸ਼ਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਕਾਰਵਾਈ ਕਰਨਗੇ।