ਨਿਕਾਮੀ ਅਫਸਰਸ਼ਾਹੀ ਦੀ ਬਦਨਾਮੀ ਸਰਕਾਰ ਦੀ, ਪੁੱਲ ਚਾਲੂ ਕਰ’ਤਾ, ਲੁੱਕ-ਬਜਰੀ ਪਾਈ ਨਹੀਂ ਨਿੱਤ ਦੇ ਹਾਦਸਿਆਂ ਕਰਕੇ ਵੜਿੰਗਾਂ ਵਾਲਾ ਪੁਲ ਬਣਿਆ ‘ਖੂਨੀ ਪੁਲ’
Publish Date: Fri, 16 Oct 2026 03:17 PM (IST)
Updated Date: Fri, 16 Oct 2026 03:18 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਦਿੱਤੇ ਕ੍ਰੋੜਾਂ ਰੁਪਈਆਂ ਦੀ ਅਫਸਰਸ਼ਾਹੀ ਵੱਲੋਂ ਸਹੀ ਵਰਤੋਂ ਨਾ ਕਰਨ ਕਰਕੇ ਲੋਕ ਸਰਕਾਰ ਪ੍ਰਤੀ ਨਰਾਜ਼ਗੀ ਜਾਹਿਰ ਕਰਦੇ ਹਨ ਜਦੋਂ ਕਿ ਅਸਲ ਢਿੱਲ ਤੇ ਨਲਾਇਕੀ ਅਫਸਰਾਂ ਦੀ ਹੁੰਦੀ ਹੈ। ਇਸੇ ਤਰ੍ਹਾਂ ਦਾ ਵਰਤਾਰਾ ਮੁਕਤਸਰ-ਕੋਟਕਪੂਰਾ ਸੜਕ ਉਪਰ ਪਿੰਡ ਵੜਿੰਗ ਕੋਲ 20 ਸਤੰਬਰ ਤੋਂ ਸ਼ੁਰੂ ਹੋਏ ਪੁੱਲ ਉਪਰ ਵੇਖਿਆ ਜਾ ਰਿਹਾ ਹੈ ਜਿਥੇ ਹੁਣ ਤੱਕ ਸੈਂਕੜੇ ਵਾਹਨ ਹਾਦਸਾ ਗ੍ਰਸਤ ਹੋ ਚੁੱਕੇ ਹਨ। ਦਰਜਨ ਭਰ ਟਰੱਕ-ਟਰਾਲੀਆਂ ਤਾਂ ਪਲਟ ਵੀ ਚੁੱਕੇ ਹਨ। ਇਹ ਨੈਸ਼ਨਲ ਹਾਈਵੇਅ ਹੈ। ਇਥੋਂ ਅੰਤਰ-ਰਾਜੀ ਅਤੇ ਮੋਗਾ, ਅੰਮ੍ਰਿਤਸਰ, ਚੰਡੀਗੜ੍ਹ ਤੇ ਹਿਮਾਚਲ ਜਾਣ ਵਾਲੇ ਟਰੱਕ, ਬੱਸਾਂ ਤੇ ਹੋਰ ਵਾਹਨ ਲੰਘਦੇ ਹਨ। ਲਗਾਤਾਰ ਹਾਦਸਿਆਂ ਤੋਂ ਅੱਕ ਕੇ ਹੁਣ ਸਥਾਨਕ ਲੋਕਾਂ ਨੇ ਇਸ ਦਾ ਨਾਮ ‘ਖੂਨੀ ਪੁਲ’ ਰੱਖ ਦਿੱਤਾ ਹੈ। ਲੋਕਾਂ ਦਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਲੰਘਣ ਵਾਲਾ ਹਰ ਵਹੀਕਲ ਚਾਲਕ ਜਾਨ ਤਲੀ ’ਤੇ ਰੱਖਕੇ ਲੰਘਦਾ ਹੈ। ਕਾਰਾਂ ਦੀਆਂ ਚੈਸੀਆਂ ਪੁੱਲ ਦੀ ਸਲੈਬ ਨਾਲ ਖਹਿਕੇ ਖਰਾਬ ਹੋ ਰਹੀਆਂ ਹਨ। ਦੋ ਪਹੀਆ ਵਾਹਨ ਚਾਲਕਾਂ ਦਾ ਤਾਂ ਹੋਰ ਵੀ ਬੁਰਾ ਹਾਲ ਹੈ। ਪੁੱਲ ਉਪਰ ਕੱਚੀ ਮਿੱਟੀ ਦੇ ਢੇਰ ਲੱਗੇ ਹਨ। ਬਾਰਸ਼ ਵੇਲੇ ਇਹ ਮਿੱਟੀ ਚਿੱਕੜ ਤੇ ਦਲਦਲ ਬਣ ਜਾਂਦੀ ਹੈ। ਸੁੱਕੇ ਮੌਸਮ ’ਚ ਮਿੱਟੀ ਗਰਦੋ-ਗੁਬਾਰ ਹੁੰਦੀ ਹੈ। ਪ੍ਰਸ਼ਾਸਨ ਅਤੇ ਠੇਕੇਦਾਰ ਦੀ ਵੱਡੀ ਅਣਗਹਿਲੀ ਕਰਕੇ ਲੋਕ ਡਾਢੇ ਪ੍ਰੇਸ਼ਾਨ ਹਨ। ਪੁੱਲ ਬਣਨ ਦੇ ਪਹਿਲੇ ਦਿਨ ਹੀ ਬੋਰੀਆਂ ਦਾ ਭਰਿਆ ਇੱਕ ਟਰੱਕ ਪੁਲ ’ਤੇ ਚੜ੍ਹਦਿਆਂ ਹੀ ਅਚਾਨਕ ਪਲਟ ਗਿਆ ਸੀ। ਟਰੱਕ ਦਾ ਪਹੀਆ ਮਿੱਟੀ ਉੱਪਰ ਚੜ੍ਹਿਆ ਤਾਂ ਮਿੱਟੀ ਧੱਸ ਗਈ ਅਤੇ ਟਰੱਕ ਸੜਕ ਉੱਪਰ ਪਲਟ ਗਿਆ। ਇਸ ਹਾਦਸੇ ’ਚ ਟਰੱਕ ਦੀ ਚੈਸੀ ਟੁੱਟ ਗਈ ਅਤੇ ਮਾਲਕ ਦਾ ਕਰੀਬ 60 ਤੋਂ 70 ਹਜ਼ਾਰ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ। ਕੁੱਝ ਦਿਨ ਬਾਅਦ ਗੱਠਾਂ ਦੀ ਭਰੀ ਟਰਾਲੀ ਪਲਟ ਗਈ। ਟਰਾਲੀ ਚਾਲਕ ਨੇ ਦੱਸਿਆ ਕਿ ਪੁੱਲ ਦੇ ਕਿਨਾਰੇ ’ਤੇ ਮਿੱਟੀ ਦੇ ਢੇਰ ਓਹਲੇ ਕਰੀਬ 10 ਫੁੱਟ ਡੂੰਘਾ ਖੱਡਾ ਹੈ ਜਿਸ ਵਿੱਚ ਡਿੱਗਣ ਕਰਕੇ ਟਰਾਲੀ ਪਲਟ ਗਈ। ਇਸੇ ਤਰ੍ਹਾਂ ਰੇਹ ਦੀਆਂ ਭਰੀਆਂ ਬੋਰੀਆਂ ਦੀ ਭਰੀ ਟਰਾਲੀ ਖੱਡਿਆਂ ਵਿੱਚ ਝੋਲ ਖਾਣ ਕਰਕੇ ਪਲਟ ਗਈ। ਉਨ੍ਹਾਂ ਦੇ ਖੜ੍ਹੇ ਪੈਰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੈਂਕੜੇ ਕਾਰਾਂ ਤੇ ਮੋਟਰ ਸਾਇਕਲ ਹਾਦਸਾ ਗ੍ਰਸਤ ਹੋ ਚੁੱਕੇ ਹਨ। ਕਾਰਾਂ ਦੀ ਚੈਸੀ ਖਰਾਬ ਹੋ ਜਾਂਦੀ ਹੈ। ਦੱਸਣਯੋਗ ਹੈ ਕਿ ਪਹਿਲਾਂ ਕਈ ਮਹੀਨੇ ਇਹ ਪੁੱਲ ਉਸਾਰੀ ਅਧੀਨ ਰਿਹਾ ਤਾਂ ਉਸ ਵੇਲੇ ਠੇਕੇਦਾਰ ਨੇ ਖੇਤਾਂ ਵਿੱਚ ਦੀ ਕੱਚਾ ਰਾਹ ਬਣਾ ਦਿੱਤਾ ਸੀ ਜਿਥੇ ਸੈਂਕੜੇ ਵਾਹਨ ਹਾਦਸਾ ਗ੍ਰਸਤ ਹੋਏ ਸਨ। ਠੇਕੇਦਾਰ ਤੇ ਅਧਿਕਾਰੀਆਂ ਖ਼ਿਲਾਫ ਕਾਰਵਾਈ ਮੰਗੀ ਪੁੱਲ ’ਤੇ ਦੋ ਦਿਨਾਂ ਵਿੱਚ ਹੀ ਸੈਂਕੜੇ ਵਾਹਨ ਹਾਦਸਾ ਗ੍ਰਸਤ ਹੋਣ ਤੋਂ ਗੁੱਸੇ ਵਿੱਚ ਆਏ ਵਾਹਨ ਚਾਲਕਾਂ ਮਹਿੰਦਰ ਸਿੰਘ, ਗੁਰਤੇਜ ਸਿੰਘ, ਜਸਕਰਨ ਸਿੰਘ, ਗੁਲਜ਼ਾਰੀ ਤੇ ਪ੍ਰਮੇਸ਼ ਕੁਮਾਰ ਹੋਰਾਂ ਨੇ ਦੱਸਿਆ ਕਿ ਮੁੱਖ ਸੜਕ ਜਿਹੜੀ ਵਾਹਨਾਂ ਦੇ ਚੱਲਣ ਲਈ ਬਣੀ ਹੈ ਉਪਰ ਖੱਡੇ ਬਣਾਉਣਾ ਤਾਂ ਲੋਕਾਂ ਨੂੰ ਜਾਨਬੁੱਝ ਕੇ ਮੌਤ ਦੇ ਮੂੰਹ ਵਿੱਚ ਪਾਉਣ ਬਰਾਬਰ ਹੈ। ਉਨ੍ਹਾਂ ਸਰਕਾਰ ਪਾਸੋਂ ਸਬੰਧਤ ਠੇਕੇਦਾਰ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਅਤੇ ਰਾਹਗੀਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਕੀਤੀ ਹੈ। ਧੁੱਪ ਨਿਕਲਦਿਆਂ ਹੀ ਲੁੱਕ ਪਾ ਦਿਆਂਗੇ : ਜੇਈ ਇਸ ਦੌਰਾਨ ਨੈਸ਼ਨਲ ਹਾਈਵੇਅ ਦੇ ਜੂਨੀਅਨ ਇੰਜੀਨੀਅਰ ਤੇਗਬੀਰ ਸਿੰਘ ਨੇ ਦੱਸਿਆ ਕਿ ਬਾਰਸ਼ਾਂ ਕਰਕੇ ਲੁੱਕ ਬਜਰੀ ਦਾ ਕੰਮ ਰੁਕਿਆ ਹੋਇਆ ਸੀ ਹੁਣ ਜਿਵੇਂ ਹੀ ਧੁੱਪ ਨਿਕਲਦੀ ਹੈ, ਉਹ ਕੰਮ ਸ਼ੁਰੂ ਕਰਵਾ ਦੇਣਗੇ।