ਸਵਾਲਾਂ ਦੇ ਘੇਰੇ 'ਚ ‘ਅਸਲੀ ਕਾਂਗਰਸ’ -ਸਵਾਲਾਂ ਦੇ ਘੇਰੇ 'ਚ ‘ਅਸਲੀ ਕਾਂਗਰਸ’-
Publish Date: Fri, 09 Oct 2026 05:56 PM (IST)
Updated Date: Fri, 09 Oct 2026 05:59 PM (IST)
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਿਲਕੁਲ ਸਿਰ ’ਤੇ ਹਨ ਪਰ ਇਸੇ ਦੌਰਾਨ ਪੰਜਾਬ ਕਾਂਗਰਸ ’ਚ ਧੜੇਬੰਦੀ ਅਤੇ ਅੰਦਰੂਨੀ ਕਲੇਸ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਦੀ ਨਿਯੁਕਤੀ ਤੋਂ ਬਾਅਦ ਇਨ੍ਹਾਂ ਦੇ ਸਵਾਗਤੀ ਬੋਰਡਾਂ ਨੇ ਕਾਂਗਰਸ ਦੇ ਅੰਦਰੂਨੀ ਮੱਤਭੇਦਾਂ ਨੂੰ ਮੁੜ ਉਜਾਗਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਪ੍ਰੈਲ 2022 ’ਚ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਹਾਈਕਮਾਂਡ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਥਾਪਿਆ ਸੀ। ਜਨਵਰੀ 2026 ’ਚ ਹਾਈਕਮਾਂਡ ਨੇ ਭੂਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾ ਕੇ ਭੇਜਿਆ। ਹਾਲਾਂਕਿ, ਚੰਨੀ ਧੜੇ ਵੱਲੋਂ ਰਾਜਾ ਵੜਿੰਗ ਨੂੰ ਹਟਾਉਣ ਦੀਆਂ ਨਿਰੰਤਰ ਮੰਗਾਂ ਦੇ ਬਾਵਜੂਦ ਭੂਪੇਸ਼ ਬਘੇਲ ਵੱਲੋਂ ਰਾਜਾ ਵੜਿੰਗ ਦੇ ਪੱਖ ’ਚ ਰਿਪੋਰਟਿੰਗ ਕੀਤੀ ਜਾਂਦੀ ਰਹੀ। ਸਤੰਬਰ 2026 ’ਚ ਅੰਦਰੂਨੀ ਵਿਰੋਧ ਅਤੇ ਖਿੱਚੋਤਾਣ ਨੂੰ ਸ਼ਾਂਤ ਕਰਨ ਲਈ ਕੇਂਦਰੀ ਟੀਮ ਨੇ ਭੂਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਪਰ ਰਾਜਾ ਵੜਿੰਗ ਅਤੇ ਸਚਿਨ ਪਾਇਲਟ ਵਿਚਕਾਰ ਵੀ ਤਾਲਮੇਲ ਨਾ ਬਣ ਸਕਿਆ। ਅਕਤੂਬਰ 2026 ’ਚ ਸਚਿਨ ਪਾਇਲਟ ਵੱਲੋਂ ਸੂਬੇ ਦੀ ਅੰਦਰੂਨੀ ਸਥਿਤੀ ਬਾਰੇ ਕੇਂਦਰੀ ਟੀਮ ਨੂੰ ਸੌਂਪੀ ਗਈ ਰਿਪੋਰਟ ਤੋਂ ਬਾਅਦ, ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਅਸਤੀਫਾ ਦੇ ਦਿੱਤਾ। ਇਸਤੋਂ ਤੁਰੰਤ ਬਾਅਦ 2 ਅਕਤੂਬਰ 2026 ਨੂੰ ਹਾਈਕਮਾਂਡ ਵੱਲੋਂ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਫਲੈਕਸ ਬੋਰਡਾਂ ਨੇ ਅੰਦਰਲੇ ਭੇਤ ਲਿਆਂਦੇ ਸਾਹਮਣੇ ਇਸ ਸਿਆਸੀ ਹਲਚਲ ਦਾ ਅਸਰ ਸ੍ਰੀ ਮੁਕਤਸਰ ਸਾਹਿਬ ਵਿਖੇ ਬਹੁਤ ਸਪੱਸ਼ਟ ਰੂਪ ’ਚ ਦੇਖਣ ਨੂੰ ਮਿਲਿਆ, ਜਿੱਥੇ ਫਲੈਕਸ ਬੋਰਡਾਂ ਦੀ ਰਾਜਨੀਤੀ ਨੇ ਦੋਵਾਂ ਧੜਿਆਂ ਨੂੰ ਆਹਮੋ-ਸਾਹਮਣੇ ਲਿਆ ਖੜ੍ਹਾ ਕੀਤਾ। ਜਦੋਂ ਭੂਪੇਸ਼ ਬਘੇਲ ਮੁਕਤਸਰ ਆਏ ਸਨ ਤਾਂ ਵੜਿੰਗ ਦੇ ਵਿਰੋਧੀ ਟਕਸਾਲੀ ਧੜੇ ਨੇ ਸ਼ਹਿਰ ’ਚ ਭੂਪੇਸ਼ ਬਘੇਲ ਗੋ ਬੈਕ ਦੇ ਫਲੈਕਸ ਲਗਾ ਕੇ ਨਾਰਾਜ਼ਗੀ ਪ੍ਰਗਟਾਈ ਸੀ। ਇਸ ਮਾਮਲੇ ’ਚ ਰਾਜਾ ਵੜਿੰਗ ਦੇ ਹਮਾਇਤੀਆਂ ਨੇ ਫਲੈਕਸਾਂ ਦੀ ਭੰਨਤੋੜ ਕੀਤੀ, ਪੁਲਿਸ ਸ਼ਿਕਾਇਤ ਦਰਜ ਕਰਵਾਈ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਕੁਝ ਸੀਨੀਅਰ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ। ਜਿਵੇਂ ਹੀ ਸਚਿਨ ਪਾਇਲਟ ਨੂੰ ਇੰਚਾਰਜ ਲਗਾਇਆ ਗਿਆ, ਉਹੀ ਟਕਸਾਲੀ ਧੜਾ ਅੱਗੇ ਆਇਆ ਅਤੇ ਸਚਿਨ ਪਾਇਲਟ ਦੇ ਸਵਾਗਤੀ ਬੋਰਡ ਲਗਾਏ। ਬਾਅਦ ’ਚ ਜਦੋਂ ਪ੍ਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਤਾਂ ਟਕਸਾਲੀ ਆਗੂ ਪਰਮਜੀਤ ਸਿੰਘ ਬਿੱਲੂ ਸਿੱਧੂ, ਗੁਰਮੀਤ ਸਿੰਘ ਜੀਤਾ ਕੌਂਸਲਰ, ਸਾਬਕਾ ਕੌਂਸਲ ਪ੍ਰਧਾਨ ਬਾਵਾ ਗੁਰਿੰਦਰ ਸਿੰਘ ਕੋਕੀ, ਕੌਂਸਲਰ ਰਾਜਬੀਰ ਸਿੰਘ ਬਿੱਟਾ, ਮੋਹਕਮ ਸੰਧੂ, ਸਾਬਕਾ ਕੌਂਸਲਰ ਗੁਰਸ਼ਰਨ ਬਰਾੜ, ਪਰਮਜੀਤ ਸਿੰਘ ਪੰਮਾ ਚਹਿਲ, ਮਾਸਟਰ ਦਲਬੀਰ ਬਰਾੜ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼ਹਿਰ ’ਚ ਜਗ੍ਹਾ-ਜਗ੍ਹਾ ਵਧਾਈਆਂ ਦੇ ਫਲੈਕਸ ਲਗਾ ਕੇ ਕੇਂਦਰੀ ਫੈਸਲੇ ਦਾ ਸਵਾਗਤ ਕੀਤਾ। ਪਰ ਇਸ ਦੌਰਾਨ ਰਾਜਾ ਵੜਿੰਗ ਦਾ ਧੜਾ ਗਾਇਬ ਫਲੈਕਸਾਂ ਤੋਂ ਗਾਇਬ ਰਿਹਾ ਉਨ੍ਹਾਂ ਨਾ ਤਾਂ ਸਚਿਨ ਪਾਇਲਟ ਅਤੇ ਨਾ ਹੀ ਪ੍ਰਗਟ ਸਿੰਘ ਦੀ ਨਾਮਜ਼ਦਗੀ ਤੇ ਕੋਈ ਬੋਰਡ ਲਗਾਇਆ ਗਿਆ ਅਤੇ ਨਾ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਕੋਈ ਅਧਿਕਾਰਤ ਪ੍ਰੈੱਸ ਨੋਟ ਜਾਰੀ ਕੀਤਾ ਗਿਆ। ਨਵੇਂ ਪ੍ਰਧਾਨ ਨਾਲ ਮੁਲਾਕਾਤ ਨਰਾਤਿਆਂ ਬਾਅਦ : ਜ਼ਿਲ੍ਹਾ ਪ੍ਰਧਾਨ ਬਿੱਟੂ ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਪਾਸੋਂ ਸਵਾਗਤੀ ਫਲੈਕਸਾਂ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਆਗੂ ਸ਼ਾਮਲ ਨਾ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਨਵੇਂ ਬਣੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਦੇ ਸਵਾਗਤ ’ਚ ਹਾਲੇ ਕੋਈ ਫਲੈਕਸ ਨਹੀਂ ਲਗਾਇਆ। ਨਾ ਹੀ ਕੋਈ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਮੇਟੀ ਨੇ ਅਜੇ ਤੱਕ ਪ੍ਰਗਟ ਸਿੰਘ ਨਾਲ ਕੋਈ ਮੁਲਾਕਾਤ ਵੀ ਨਹੀਂ ਹੋਈ। ਉਹ ਨਰਾਤਿਆਂ ਤੋਂ ਬਾਅਦ ਪ੍ਰਗਟ ਸਿੰਘ ਨਾਲ ਮੁਲਾਕਾਤ ਕਰਨਗੇ। ਸਵਾਗਤੀ ਫਲੈਕਸ ਵਫ਼ਾਦਾਰੀ ਦਾ ਪ੍ਰਗਟਾਵਾ : ਬਿੱਲੂ ਸਿੱਧੂ ਇਸ ਦੌਰਾਨ ਪਰਮਜੀਤ ਸਿੰਘ ਬਿੱਲੂ ਸਿੱਧੂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਲਗਾਉਣ ਅਤੇ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਫੈਸਲੇ ਦਾ ੳੁਹ ਪੂਰਨ ਸਵਾਗਤ ਕਰਦੇ ਹਾਂ। ਇਸੇ ਖੁਸ਼ੀ ’ਚ ਉਨ੍ਹਾਂ ਸ਼ਹਿਰ ਵਿੱਚ ਸਵਾਗਤੀ ਫਲੈਕਸ ਲਗਾ ਕੇ ਆਪਣੀ ਵਫ਼ਾਦਾਰੀ ਦਾ ਪ੍ਰਗਟਾਵਾ ਕੀਤਾ ਹੈ।